ਸਟੱਡੀ ਵੀਜ਼ਾ 'ਤੇ ਪਤਨੀ ਦੇ ਕੈਨੇਡਾ ਜਾਣ ਦੀ ਗੱਲ ਤੋਂ ਦੁਖੀ ਪਤੀ ਨੇ ਲਿਆ ਫਾਹਾ

Wednesday, Mar 13, 2019 - 10:48 AM (IST)

ਸਟੱਡੀ ਵੀਜ਼ਾ 'ਤੇ ਪਤਨੀ ਦੇ ਕੈਨੇਡਾ ਜਾਣ ਦੀ ਗੱਲ ਤੋਂ ਦੁਖੀ ਪਤੀ ਨੇ ਲਿਆ ਫਾਹਾ

ਲੁਧਿਆਣਾ (ਰਿਸ਼ੀ)-ਸਟੱਡੀ ਵੀਜ਼ਾ 'ਤੇ ਪਤਨੀ ਦੇ ਕੈਨੇਡਾ ਜਾਣ ਦੀ ਗੱਲ ਤੋਂ ਦੁਖੀ ਪਤੀ ਨੇ ਸੋਮਵਾਰ ਨੂੰ ਘਰ 'ਚ ਪੱਖੇ ਨਾਲ ਪਰਨੇ ਦੇ ਸਹਾਰੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਮੰਗਲਵਾਰ ਨੂੰ ਲਾਸ਼ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਧਾਰਾ 174 ਦੀ ਕਾਰਵਾਈ ਕਰ ਕੇ ਲਾਸ਼ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ। ਮ੍ਰਿਤਕ ਦੀ ਪਛਾਣ ਇੰਦਰਜੀਤ ਸਿੰਘ (24) ਨਿਵਾਸੀ ਕਬੀਰ ਨਗਰ, ਡਾਬਾ ਰੋਡ ਦੇ ਰੂਪ 'ਚ ਹੋਈ ਹੈ।
ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਮੇਲ ਸਿੰਘ ਅਨੁਸਾਰ ਪੁਲਸ ਨੂੰ ਦਿੱਤੇ ਬਿਆਨ ਵਿਚ ਮਾਂ ਸਤਪਾਲ ਕੌਰ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਬੇਟੇ ਦਾ ਵਿਆਹ ਮੋਗਾ ਦੀ ਰਹਿਣ ਵਾਲੀ ਲੜਕੀ ਕੋਮਲਪ੍ਰੀਤ ਕੌਰ ਨਾਲ ਹੋਇਆ ਸੀ। ਨੂੰਹ ਨੇ ਸਟੱਡੀ ਵੀਜ਼ਾ 'ਤੇ ਕੈਨੇਡਾ ਜਾਣਾ ਸੀ ਅਤੇ ਬੁੱਧਵਾਰ ਨੂੰ ਉਸ ਦੀ ਫਲਾਈਟ ਸੀ, ਜਿਸ ਕਾਰਨ ਘਰ ਵਿਚ ਤਿਆਰੀਆਂ ਚੱਲ ਰਹੀਆਂ ਸੀ। ਸੋਮਵਾਰ ਸਵੇਰੇ 11 ਵਜੇ ਉਹ ਆਪਣੇ ਬੇਟੇ ਅਤੇ ਨੂੰਹ ਨਾਲ ਮਾਰਕੀਟ ਖਰੀਦਦਾਰੀ ਕਰਨ ਗਈ ਸੀ। ਬਾਅਦ ਦੁਪਹਿਰ 3 ਵਜੇ ਬੇਟਾ ਕਿਸੇ ਜ਼ਰੂਰੀ ਕੰਮ ਦਾ ਕਹਿ ਕੇ ਘਰ ਵਾਪਸ ਆ ਗਿਆ। 4 ਵਜੇ ਜਦ ਉਨ੍ਹਾਂ ਨੇ ਵਾਪਸ ਆ ਕੇ ਮੇਨ ਗੇਟ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਬੇਟੇ ਦੀ ਲਾਸ਼ ਹਵਾ 'ਚ ਲਟਕ ਰਹੀ ਸੀ। ਉਸ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
3 ਮਹੀਨੇ ਬਾਅਦ ਲੱਗਣੀ ਸੀ ਫਾਈਲ
ਪੁਲਸ ਦੇ ਅਨੁਸਾਰ ਪਤਨੀ ਦੇ ਵਿਦੇਸ਼ ਜਾਣ ਦੇ 3 ਮਹੀਨੇ ਬਾਅਦ ਬੇਟੇ ਦੀ ਵਿਦੇਸ਼ ਜਾਣ ਦੀ ਫਾਈਲ ਲੱਗਣੀ ਸੀ ਪਰ ਉਹ ਪਤਨੀ ਦੇ ਨਾਲ ਹੀ ਵਿਦੇਸ਼ ਜਾਣ ਦੀ ਗੱਲ ਕਹਿ ਰਿਹਾ ਸੀ।


author

Sunny Mehra

Content Editor

Related News