ਭਾਰਤ ਦੀ Advisory ਮਗਰੋਂ ਕੈਨੇਡਾ ਨੂੰ ਲੱਗ ਸਕਦੈ ਵੱਡਾ ਝਟਕਾ, ਭਾਰਤੀ ਵਿਦਿਆਰਥੀਆਂ ਬਾਰੇ ਮਾਪੇ ਚਿੰਤਤ

Thursday, Sep 21, 2023 - 08:55 AM (IST)

ਜਲੰਧਰ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਇਸ ਸਾਲ ਵਿਦੇਸ਼ਾਂ ਤੋਂ ਕੈਨੇਡਾ ਪੜ੍ਹਨ ਲਈ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 9 ਲੱਖ ਨੂੰ ਪਾਰ ਕਰ ਜਾਵੇਗੀ। ਪਿਛਲੇ ਸਾਲ ਇਹ ਗਿਣਤੀ 8,07,750 ਸੀ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦੇ ਇਸ ਬਿਆਨ ਤੋਂ ਸਿਰਫ਼ ਤਿੰਨ ਹਫ਼ਤਿਆਂ ਬਾਅਦ ਹੀ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ 'ਚ ਤਰੇੜ ਆ ਗਈ ਹੈ ਅਤੇ ਭਾਰਤ ਨੇ ਕੈਨੇਡਾ 'ਚ ਪੜ੍ਹਨ ਲਈ ਜਾਣ ਵਾਲੇ ਆਪਣੇ ਵਿਦਿਆਰਥੀਆਂ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਐਡਵਾਈਜ਼ਰੀ ’ਚ ਨਾ ਸਿਰਫ ਵਿਦਿਆਰਥੀਆਂ ਲਈ ਭਾਰਤੀ ਦੂਤਘਰ ’ਚ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਬਣਾਇਆ ਗਿਆ ਹੈ, ਸਗੋਂ ਉਨ੍ਹਾਂ ਨੂੰ ਉੱਥੇ ਮੌਜੂਦ ਖ਼ਤਰੇ ਬਾਰੇ ਵੀ ਦੱਸਿਆ ਗਿਆ ਹੈ। ਭਾਰਤ ਸਰਕਾਰ ਦੀ ਇਸ ਸਲਾਹ ਤੋਂ ਬਾਅਦ ਕੈਨੇਡਾ ਪੜ੍ਹਨ ਲਈ ਗਏ ਇਨ੍ਹਾਂ ਵਿਦਿਆਰਥੀਆਂ ਦੇ ਭਾਰਤ ’ਚ ਰਹਿੰਦੇ ਮਾਪਿਆਂ ’ਚ ਚਿੰਤਾ ਪਾਈ ਜਾ ਰਹੀ ਹੈ ਅਤੇ ਜੇਕਰ ਭਾਰਤ ਅਤੇ ਕੈਨੇਡਾ ਦੇ ਸਬੰਧਾਂ ’ਚ ਆਈ ਤਰੇੜ ਹੋਰ ਡੂੰਘੀ ਹੁੰਦੀ ਹੈ ਤਾਂ ਇਸ ਦਾ ਅਸਰ ਕੈਨੇਡਾ ’ਚ ਪੜ੍ਹਾਈ ਲਈ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ’ਤੇ ਜ਼ਰੂਰ ਪਵੇਗਾ ਅਤੇ ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੁੱਲ ਗਿਣਤੀ ਵੀ ਇਸ ਕਾਰਨ ਘੱਟ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀ ਦੇਣ ਧਿਆਨ, ਅੱਜ ਸੋਚ-ਸਮਝ ਕੇ ਨਿਕਲਣ ਘਰੋਂ, ਸਰਕਾਰੀ ਬੱਸਾਂ ਬਾਰੇ ਆਈ ਜ਼ਰੂਰੀ ਖ਼ਬਰ
ਕੈਨੇਡਾ 'ਚ ਸਭ ਤੋਂ ਵੱਧ ਭਾਰਤੀ ਵਿਦਿਆਰਥੀ, ਯੂਨੀਵਰਸਿਟੀਆਂ ਨੂੰ ਹੁੰਦੀ ਹੈ ਮੋਟੀ ਕਮਾਈ
ਕੈਨੇਡਾ 'ਚ ਪੜ੍ਹਨ ਲਈ ਆਉਣ ਵਾਲੇ ਵਿਦਿਆਰਥੀਆਂ 'ਚ ਸਭ ਤੋਂ ਵੱਧ ਗਿਣਤੀ ਭਾਰਤੀਆਂ ਦੀ ਹੈ। 2022 'ਚ 3,19,000 ਭਾਰਤੀ ਵਿਦਿਆਰਥੀ ਸਟੱਡੀ ਵੀਜ਼ੇ ’ਤੇ ਕੈਨੇਡਾ 'ਚ ਪੜ੍ਹ ਰਹੇ ਸਨ। ਯਕੀਨਨ ਭਾਰਤ ਅਤੇ ਕੈਨੇਡਾ ਦਰਮਿਆਨ ਪੈਦਾ ਹੋਏ ਇਸ ਤਣਾਅ ਦਾ ਨਾ ਸਿਰਫ਼ ਭਾਰਤੀ ਵਿਦਿਆਰਥੀਆਂ ’ਤੇ ਸਿੱਧਾ ਅਸਰ ਪਵੇਗਾ, ਸਗੋਂ ਕੈਨੇਡਾ ਦੀਆਂ ਯੂਨੀਵਰਸਿਟੀਆਂ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਕੈਨੇਡਾ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਦੇਸ਼ੀ ਵਿਦਿਆਰਥੀਆਂ ਤੋਂ ਫ਼ੀਸਾਂ ਦੇ ਰੂਪ ਵਿੱਚ ਹਰ ਸਾਲ 30 ਤੋਂ 40 ਬਿਲੀਅਨ ਡਾਲਰ ਕਮਾਉਂਦੀਆਂ ਹਨ, ਹਾਲਾਂਕਿ ਪਿਛਲੇ ਸਾਲ ਇਹ ਅੰਕੜਾ ਵਧਿਆ ਹੈ। ਇਸ ਕਮਾਈ 'ਚ ਵੱਡਾ ਹਿੱਸਾ ਭਾਰਤੀ ਵਿਦਿਆਰਥੀਆਂ ਤੋਂ ਆਉਂਦਾ ਹੈ। ਜੇਕਰ ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟਦੀ ਹੈ ਤਾਂ ਨਾ ਸਿਰਫ਼ ਕੈਨੇਡਾ ਦੀ ਆਰਥਿਕਤਾ ਨੂੰ ਸੱਟ ਵੱਜੇਗੀ, ਸਗੋਂ ਆਸਟ੍ਰੇਲੀਆ ਅਤੇ ਅਮਰੀਕਾ ਵਰਗੇ ਦੇਸ਼ਾਂ ਨੂੰ ਵੀ ਇਸ ਦਾ ਫ਼ਾਇਦਾ ਹੋਵੇਗਾ, ਜਿੱਥੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਇਹ ਵੀ ਪੜ੍ਹੋ : Bullet Train ਦਾ ਸਫ਼ਰ ਕਰਨ ਲਈ ਹੋ ਜਾਓ ਤਿਆਰ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਚੱਲੇਗੀ
ਪੰਨੂ ਦੀ ਧਮਕੀ ਤੋਂ ਬਾਅਦ ਚੌਕਸ ਹੋਇਆ ਭਾਰਤ
ਦਰਅਸਲ ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਕੈਨੇਡਾ 'ਚ ਭਾਰਤੀ ਹਿੰਦੂਆਂ ਨੂੰ ਕੈਨੇਡਾ ਛੱਡਣ ਦੀ ਧਮਕੀ ਦੇਣ ਤੋਂ ਬਾਅਦ ਭਾਰਤ ਸਰਕਾਰ ਚੌਕਸ ਹੋ ਗਈ ਹੈ। ਇਸ ਤੋਂ ਪਹਿਲਾਂ ਕੈਨੇਡਾ ਨੇ ਆਪਣੇ ਨਾਗਰਿਕਾਂ ਲਈ ਟ੍ਰੈਵਲ ਐਡਵਾਈਜ਼ਰੀ ਜਾਰੀ ਕਰਦੇ ਹੋਏ ਭਾਰਤ ’ਚ ਅੱਤਵਾਦੀ ਹਮਲੇ ਦਾ ਖ਼ਦਸ਼ਾ ਪ੍ਰਗਟਾਇਆ ਸੀ ਪਰ ਕੁੱਝ ਘੰਟਿਆਂ ਬਾਅਦ ਇਸ ਐਡਵਾਈਜ਼ਰੀ 'ਚ ਸੋਧ ਕੀਤੀ ਗਈ ਅਤੇ ਆਪਣੇ ਨਾਗਰਿਕਾਂ ਨੂੰ ਅਸਾਮ ਅਤੇ ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲਿਆਂ ਦਾ ਖ਼ਤਰਾ ਦੱਸਿਆ ਗਿਆ। ਕੈਨੇਡਾ ਦੀ ਇਸ ਐਡਵਾਈਜ਼ਰੀ ਤੋਂ ਬਾਅਦ ਭਾਰਤ ਨੇ ਵੀ ਪੰਨੂ ਦੀ ਧਮਕੀ ਦੇ ਮੱਦੇਨਜ਼ਰ ਕੈਨੇਡਾ 'ਚ ਆਪਣੇ ਨਾਗਰਿਕਾਂ ਨੂੰ ਖ਼ਤਰਾ ਦੱਸਿਆ ਹੈ ਅਤੇ ਸੰਕਟ ਦੀ ਸਥਿਤੀ 'ਚ ਵਿਦਿਆਰਥੀਆਂ ਨੂੰ ਤੁਰੰਤ ਭਾਰਤੀ ਦੂਤਘਰ ਨਾਲ ਸੰਪਰਕ ਕਰਨ ਲਈ ਕਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News