ਕੈਨੇਡਾ ਭੇਜਣ ਦੇ ਨਾਮ 'ਤੇ ਠੱਗ ਲਏ 8 ਲੱਖ ਰੁਪਏ
Wednesday, Jul 26, 2023 - 04:46 PM (IST)

ਭਾਮੀਆਂ ਕਲਾਂ (ਜਗਮੀਤ) : ਵਿਦੇਸ਼ ਜਾਣ ਦਾ ਸੁਫ਼ਨਾ ਦਿਖਾ ਕੇ ਠੱਗ ਟ੍ਰੈਵਲ ਏਜੰਟਾਂ ਦਾ ਸ਼ਿਕਾਰ ਹੋਣ ਦੇ ਹਜ਼ਾਰਾਂ ਕੇਸਾਂ ਨੂੰ ਜਾਨਣ ਤੋਂ ਬਾਅਦ ਵੀ ਨੌਜਵਾਨਾਂ ’ਚ ਵਿਦੇਸ਼ ਜਾਣ ਦਾ ਜਨੂਨ ਘੱਟ ਨਹੀਂ ਰਿਹਾ। ਇਸ ਕਾਰਨ ਠੱਗ ਟ੍ਰੈਵਲ ਏਜੰਟ ਵੀ ਲਗਾਤਾਰ ਨੌਜਵਾਨਾਂ ਦਾ ਆਰਥਿਕ ਸ਼ੋਸ਼ਣ ਕਰਦੇ ਆ ਰਹੇ ਹਨ। ਵਿਦੇਸ਼ ਭੇਜਣ ਦੇ ਨਾਮ ’ਤੇ ਆਰਥਿਕ ਸੋਸ਼ਣ ਕਰਨ ਦਾ ਇਕ ਮਾਮਲਾ ਥਾਣਾ ਜਮਾਲਪੁਰ ’ਚ ਸਾਹਮਣੇ ਆਇਆ ਹੈ। ਜ਼ਿਲ੍ਹਾ ਪੁਲਸ ਕਮਿਸ਼ਨਰ ਨੂੰ ਅਪ੍ਰੈਲ 2022 ’ਚ ਦਿੱਤੀ ਲਿਖਤੀ ਸ਼ਿਕਾਇਤ ’ਚ ਬਲਵਿੰਦਰ ਸਿੰਘ ਪੁੱਤਰ ਰਾਮ ਕਿਸ਼ਨ ਮੁੰਡੀਆਂ ਕਲਾਂ, ਲੁਧਿਆਣਾ ਨੇ ਦੱਸਿਆ ਕਿ ਉਨ੍ਹਾਂ ਨੇ ਰਘੁਬੀਰ ਸਿੰਘ ਨੂੰ ਕੈਨੇਡਾ ਭੇਜਣ ਲਈ ਚੰਡੀਗੜ੍ਹ ਦੇ ਸੈਕਟਰ-37-ਸੀ ਦੀ ਦੂਸਰੀ ਮੰਜ਼ਿਲ ’ਤੇ ਸਥਿਤ ਚੀਫ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਮਾਲਕ ਗੁਰਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਨਾਲ ਸੰਪਰਕ ਕੀਤਾ।
ਉਕਤਨੇ ਰਘੁਬੀਰ ਸਿੰਘ ਨੂੰ ਕੈਨੇਡਾ ਭੇਜਣ ਲਈ 8 ਲੱਖ ਰੁਪਏ ਹਾਸਿਲ ਕੀਤੇ। ਗੁਰਪ੍ਰੀਤ ਸਿੰਘ ਨੇ 8 ਲੱਖ ਦੀ ਰਕਮ ਹਾਸਿਲ ਕਰਨ ਤੋਂ ਬਾਅਦ ਰਘੁਬੀਰ ਸਿੰਘ ਨੂੰ ਕੈਨੇਡਾ ਭੇਜਣ ਦੀ ਥਾਂ ਟਾਲ-ਮਟੋਲ ਕਰਨਾ ਸ਼ੁਰੂ ਕਰ ਦਿੱਤਾ। ਥਾਣਾ ਜਮਾਲਪੁਰ ਪੁਲਸ ਵੱਲੋਂ ਇਸ ਮਾਮਲੇ ਦੀ ਮੁੱਢਲੀ ਤਫਤੀਸ਼ ’ਚ ਬਲਵਿੰਦਰ ਸਿੰਘ ਵੱਲੋਂ ਗੁਰਪ੍ਰੀਤ ਸਿੰਘ ਖ਼ਿਲਾਫ ਲਗਾਏ ਦੋਸ਼ਾਂ ਨੂੰ ਸਹੀ ਪਾਉਂਦੇ ਹੋਏ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਦੇ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕੀਤੀ ਹੈ।