ਕੈਨੇਡਾ ਗਈ ਔਰਤ, ਜਦੋਂ ਪਰਤੀ ਤਾਂ ਘਰ ਦਾ ਹਾਲ ਦੇਖ ਉਡ ਗਏ ਹੋਸ਼
Saturday, Feb 08, 2025 - 02:23 PM (IST)
![ਕੈਨੇਡਾ ਗਈ ਔਰਤ, ਜਦੋਂ ਪਰਤੀ ਤਾਂ ਘਰ ਦਾ ਹਾਲ ਦੇਖ ਉਡ ਗਏ ਹੋਸ਼](https://static.jagbani.com/multimedia/2025_1image_11_47_232787574sadwoman.jpg)
ਧੂਰੀ (ਅਸ਼ਵਨੀ) : ਜਨਤਾ ਨਗਰ ਦੀ ਰਹਿਣ ਵਾਲੀ ਰਣਜੀਤ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਮੈਂ ਆਪਣੇ ਬੱਚਿਆਂ ਕੋਲ ਕੈਨੇਡਾ ਗਈ ਹੋਈ ਸੀ। ਇਸ ਦੌਰਾਨ ਜਦੋਂ ਉਸ ਨੇ ਕੈਨੇਡਾ ਤੋਂ ਵਾਪਸ ਆਪਣੇ ਘਰ ਆ ਕੇ ਦੇਖਿਆ ਤਾਂ ਘਰ ’ਚ ਸਾਮਾਨ ਖਿਲਰਿਆ ਪਿਆ ਸੀ। ਮੈਂ ਜਦੋਂ ਜਾਂਚ ਕੀਤੀ ਤਾਂ ਘਰ ਅੰਦਰੋਂ ਇਕ ਸਕੂਟਰੀ, ਦੋ ਐੱਲ.ਸੀ.ਡੀ., ਦੋ ਗੈਸ ਸਿਲੰਡਰ, ਪਿੱਤਲ ਦੇ ਭਾਂਡੇ, ਇਕ ਸੋਨੇ ਦੀ ਚੇਨ ਕਰੀਬ ਡੇਢ ਤੋਲਾ, ਮੇਰੇ ਬੇਟੇ ਰਮਨਦੀਪ ਸਿੰਘ ਦਾ ਬੈਗ ਜਿਸ ’ਚ ਬੈਂਕ ਲਾਕਰ ਦੀਆਂ ਚਾਬੀਆਂ ਸਨ, ਇਕ ਮਾਇਕਰੋਵੇਵ, ਸੱਤ ਕੀਮਤੀ ਘੜੀਆਂ, ਇਕ ਚਾਂਦੀ ਦਾ ਸੈੱਟ ਕਰੀਬ 4 ਤੋਲੇ, ਚਾਰ ਚਾਂਦੀ ਦੇ ਸਿੱਕੇ ਅਤੇ 1 ਲੱਖ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਗਏ।
ਉਸਨੇ ਆਂਢ-ਗੁਆਂਢ ਦੇ ਕੈਮਰੇ ਚੈੱਕ ਕੀਤੇ ਤਾਂ ਮੈਨੂੰ ਪਤਾ ਲੱਗਾ ਕਿ ਤਿੰਨ-ਚਾਰ ਨਾਮਲੂਮ ਵਿਅਕਤੀ ਚੋਰੀ ਕਰਦੇ ਪਾਏ ਗਏ। ਹੋਰ ਪੜਤਾਲ ਕਰਨ ’ਤੇ ਪਤਾ ਚੱਲਿਆ ਕਿ ਉਨ੍ਹਾਂ ਵਿਅਕਤੀਆਂ ’ਚੋਂ ਇਕ ਦਾ ਨਾਂ ਤੇਜਵੀਰ ਸਿੰਘ ਪੁੱਤਰ ਮਿੱਠੂ ਵਾਸੀ ਧਰਮਪੁਰਾ ਮੁਹੱਲਾ ਧੂਰੀ ਹੈ। ਇਨ੍ਹਾਂ ਨੇ ਮਿਲ ਕੇ ਮੇਰੇ ਘਰ ਰਾਤ ਨੂੰ ਦਾਖਲ ਹੋ ਕੇ ਉਕਤ ਚੋਰੀ ਕੀਤੀ ਹੈ। ਸਿਟੀ ਥਾਣਾ ਦੀ ਪੁਲਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੀੜਤਾਂ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।