ਕੈਨੇਡਾ ਤੋਂ ਵਾਪਸ ਭੇਜੇ ਜਾ ਰਹੇ ਪੰਜਾਬੀਆਂ ਦੀ ਮਦਦ ਲਈ ਅੱਗੇ ਆਏ ਹਰਸਿਮਰਤ, ਕੇਂਦਰ ਨੂੰ ਕੀਤੀ ਅਪੀਲ

06/05/2023 6:19:19 PM

ਚੰਡੀਗੜ੍ਹ : ਬਠਿੰਡਾ ਦੇ ਐੱਮ. ਪੀ. ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ ਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਸੈਂਕੜੇ ਪੰਜਾਬੀਆਂ ਦਾ ਭਵਿੱਖ ਬਚਾਉਣ ਜਿਨ੍ਹਾਂ ਨੂੰ ਫਰਜ਼ੀ ਸਿੱਖਿਆ ਸੇਵਾਵਾਂ ਏਜੰਟਾਂ ਨੇ ਠੱਗੀ ਨਾਲ ਫਰਜ਼ੀ ਪੱਤਰ ਦਿੱਤੇ ਤੇ ਹੁਣ ਉਨ੍ਹਾਂ ਨੂੰ ਵਾਪਸ ਭਾਰਤ ਭੇਜੇ ਜਾਣ ਦੀ ਤਲਵਾਰ ਉਨ੍ਹਾਂ ਸਿਰ ਲਟਕ ਰਹੀ ਹੈ ਤੇ ਉਨ੍ਹਾਂ ਅਪੀਲ ਕੀਤੀ ਕਿ ਉਹ ਕੈਨੇਡੀਆਈ ਅਧਿਕਾਰੀਆਂ ਕੋਲ ਉਨ੍ਹਾਂ ਦਾ ਕੇਸ ਚੁੱਕਣ। ਹਰਸਿਮਰਤ ਕੌਰ ਬਾਦਲ, ਜਿਨ੍ਹਾਂ ਨੇ ਇਸ ਸਬੰਧ ਵਿਚ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ ਤੇ ਕਿਹਾ ਕਿ ਜ਼ਿਆਦਾ ਜ਼ੋਰ ਉਨ੍ਹਾਂ ਫਰਜ਼ੀ ਸੰਸਥਾਵਾਂ ਤੇ ਉਨ੍ਹਾਂ ਦੇ ਅਧਿਕਾਰਤ ਏਜੰਟਾਂ ਖ਼ਿਲਾਫ ਕਾਰਵਾਈ ’ਤੇ ਦੇਣਾ ਚਾਹੀਦਾ ਹੈ, ਜਿਨ੍ਹਾਂ ਨੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਘੁਟਾਲੇ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਦੇ ਕੇਸ ਹਮਦਰਦੀ ਨਾਲ ਵਿਚਾਰੇ ਜਾਣੇ ਚਾਹੀਦੇ ਹਨ ਅਤੇ  ਉਨ੍ਹਾਂ ਨੇ ਆਪਣੀਆਂ ਹੁਨਰ ਪ੍ਰਾਪਤੀਆਂ ਦੀਆਂ ਡਿਗਰੀਆਂ ਹਾਸਲ ਕਰਕੇ ਸਥਾਈ ਨਾਗਰਿਕਤਾ ਲਈ ਲੋੜੀਂਦੀਆਂ ਯੋਗਤਾ ਸ਼ਰਤਾਂ ਪੂਰੀਆਂ ਕਰ ਲਈਆਂ ਹਨ ਤੇ ਉਨ੍ਹਾਂ ਨੂੰ ਬਿਨਾਂ ਰੁਕਾਵਟ ਸਥਾਈ ਨਾਗਰਿਕਤਾ ਮਿਲਣੀ ਚਾਹੀਦੀ ਹੈ। ਬੀਬੀ ਬਾਦਲ ਨੇ ਕਿਹਾ ਕਿ ਜਿੱਥੇ ਪਹਿਲਾਂ 700 ਵਿਦਿਆਰਥੀਆਂ ਨੂੰ ਇਸੇ ਆਧਾਰ ’ਤੇ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਹੁਣ ਇਹ ਸਾਹਮਣੇ ਆਇਆ ਹੈ ਕਿ 200 ਹੋਰ ਵਿਦਿਆਰਥੀਆਂ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀ. ਬੀ. ਐੱਸ. ਏ) ਨੇ ਵਾਪਸ ਭੇਜੇ ਜਾਣ ਦੇ ਨੋਟਿਸ ਜਾਰੀ ਕੀਤੇ ਹਨ ਜਦੋਂ ਇਹ ਸਾਹਮਣੇ ਆਇਆ ਕਿ ਉਨ੍ਹਾਂ ਦੇ ਅਧਿਕਾਰਤ ਏਜੰਟ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸਿਜ਼ ਜਲੰਧਰ ਨੇ ਫਰਜ਼ੀ ਦਾਖਲਾ ਪੱਤਰ ਦਿੱਤੇ ਹਨ।

ਬੀਬੀ ਬਾਦਲ ਨੇ ਦੱਸਿਆ ਕਿ ਠੱਗੀ ਵਿਦਿਆਰਥੀਆਂ ਨਾਲ ਵੱਜੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਕ ਨਾਮੀ ਕਾਲਜ ਦੇ ਨਾਂ ’ਤੇ 16 ਤੋਂ 20 ਲੱਖ ਰੁਪਏ ਪ੍ਰਤੀ ਵਿਦਿਆਰਥੀ ਉਗਰਾਹ ਕੇ ਉਨ੍ਹਾਂ ਨੂੰ ਫਰਜ਼ੀ ਚਿੱਠੀਆਂ ਜਾਰੀ ਕੀਤੀਆਂ ਗਈਆਂ। ਜਦੋਂ ਉਹ ਕੈਨੇਡਾ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਦਾਖਲੇ ਰੱਦ ਕਰ ਦਿੱਤੇ ਗਏ ਹਨ ਅਤੇ ਉਹ ਬਦਲਵੀਂ ਸੰਸਥਾ ਵਿਚ ਦਾਖਲੇ ਲੈਣ। ਉਨ੍ਹਾਂ ਬਾਦਲ ਨੇ ਕਿਹਾ ਕਿ ਵਿਦਿਆਰਥੀਆਂ ਨੇ ਬਦਲਵੀਂਆਂ ਸੰਸਥਾਵਾਂ ਵਿਚ ਦਾਖਲਾ ਲੈ ਕੇ ਹੁਨਰ ਸਿੱਖਲਾਈ ਹਾਸਲ ਕੀਤੀ ਪਰ ਜਦੋਂ ਉਨ੍ਹਾਂ ਨੇ ਸਥਾਈ ਨਾਗਰਿਕਤਾ ਲਈ ਅਪਲਾਈ ਕੀਤਾ ਤਾਂ ਉਨ੍ਹਾਂ ਨੂੰ ਵਾਪਸ ਭੇਜੇ ਜਾਣ ਦੇ ਹੁਕਮ ਸੁਣਾ ਦਿੱਤੇ ਗਏ  ਕਿਉਂਕਿ ਉਨ੍ਹਾਂ ਦੇ ਅਸਲ ਦਾਖਲਾ ਦਸਤਾਵੇਜ਼ ਜਾਅਲੀ ਸਨ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਘੁਟਾਲਾ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਤੇ ਅਧਿਕਾਰਤ ਭਾਰਤੀ ਸਿੱਖਿਆ ਏਜੰਟ ਇਕੱਲਿਆਂ ਹੀ ਬਗੈਰ ਕੈਨੇਡਾ ਦੀਆਂ ਸੰਸਥਾਵਾਂ ਜਾਂ ਉਨ੍ਹਾਂ ਦੇ ਏਜੰਟਾਂ ਦੀ ਮਦਦ ਤੋਂ ਅਜਿਹਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਅਜਿਹੇ ਸਾਰੇ ਵਿਅਕਤੀਆਂ ਖ਼ਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਉਨ੍ਹਾਂ ਕੈਨੇਡੀਅਨ ਕਾਲਜਾਂ ਖ਼ਿਲਾਫ ਵੀ ਜਿਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਨਾਲੋਂ ਕਿਤੇ ਜ਼ਿਆਦਾ ਵੱਧ ਦਾਖਲਿਆਂ ਵਾਸਤੇ ਪੱਤਰ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਵਿਦਿਆਰਥੀਆਂ ਦਾ ਸਵਾਲ ਹੈ, ਉਨ੍ਹਾਂ ਨੂੰ ਐਜੂਕੇਸ਼ਨ ਸਰਵਿਸਿਜ਼ ਏਜੰਟ ਨੇ ਠੱਗਿਆ ਜੋ ਕੈਨੇਡਾ ਵਿਚਾਲੇ ਕਾਲਜਾਂ ਦਾ ਅਧਿਕਾਰਤ ਏਜੰਟ ਮਿਲ ਕੇ ਉਨ੍ਹਾਂ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕਦੇ ਵੀ ਸ਼ੱਕ ਨਹੀਂ ਹੋਇਆ ਕਿ ਉਨ੍ਹਾਂ ਨਾਲ ਠੱਗੀ ਮਾਰੀ ਜਾ ਰਹੀ ਹੈ। ਉਨ੍ਹਾਂ ਨੇ ਸਥਾਈ ਨਾਗਰਿਕਤਾ ਵਾਸਤੇ ਪੂਰੇ ਤਰੀਕੇ ਨਾਲ ਅਪਲਾਈ ਕੀਤਾ ਅਤੇ ਜੇਕਰ ਉਨ੍ਹਾਂ ਨੇ ਕੁਝ ਗਲਤ ਕੀਤਾ ਹੁੰਦਾ ਤਾਂ ਫਿਰ ਉਹ ਅਜਿਹਾ ਨਹੀਂ ਕਰਦੇ।

 


Gurminder Singh

Content Editor

Related News