ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਦੋਰਾਂਦਲਾ ਵਿਖੇ ਲਗਾਇਆ ' ਲੋਕ ਸੇਵਾਵਾਂ ' ਕੈਂਪ
Wednesday, Feb 07, 2018 - 03:31 PM (IST)

ਦੋਰਾਂਗਲਾ\ਗੁਰਦਾਸਪੁਰ (ਦੀਪਕ) - ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ ਤੇ ਪੰਜਾਬ ਸਰਕਾਰ ਲੋੜਵੰਦ ਲੋਕਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਉਨ੍ਹਾਂ ਦੇ ਘਰਾਂ ਤਕ ਪਹੁੰਚ ਕਰ ਰਹੀ ਹੈ। ਇਹ ਪ੍ਰਗਟਾਵਾ ਅਰੁਣਾ ਚੌਧਰੀ ਕੈਬਨਿਟ ਮੰਤਰੀ ਪੰਜਾਬ ਨੇ ਹਲਕੇ ਦੇ ਲੋਕਾਂ ਲਈ ਵੱਖ-ਵੱਖ ਭਲਾਈ ਸਕੀਮਾਂ ਸਬੰਧੀ ਦੋਰਾਂਗਲਾ ਦੇ ਬੀ. ਡੀ. ਪੀ. ਓ ਦਫਤਰ ਵਿਖੇ ਲਗਾਏ ਵਿਸ਼ੇਸ਼ ਲੋਕ ਸੇਵਾਵਾਂ ਕੈਂਪ 'ਚ ਲਾਭਪਾਤਰੀਆਂ ਨੂੰ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਅਸ਼ੋਕ ਚੌਧਰੀ ਜ਼ਿਲਾ ਪ੍ਰਧਾਨ ਕਾਂਗਰਸ, ਸਕੱਤਰ ਸਿੰਘ ਬੱਲ ਐੱਸ. ਡੀ. ਐੱਮ ਗੁਰਦਾਸਪੁਰ, ਸ੍ਰੀ ਨਵਤੇਜ ਸਿੰਘ ਸੋਢੀ ਤਹਿਸੀਲਦਾਰ ਤੇ ਸੁਰੇਸ਼ ਕੁਮਾਰ ਬੀ. ਡੀ. ਪੀ. ਓ ਦੋਰਾਂਗਲਾ ਵੀ ਮੌਜੂਦ ਸਨ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਵਫਾ ਕੀਤਾ ਜਾ ਰਿਹਾ ਹੈ ਅਤੇ ਭਲਾਈ ਸਕੀਮਾਂ ਦਾ ਲਾਭ ਤੇ ਵਿਕਾਸ ਕੰਮ ਕਰਨਾ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਅੱਜ ਦੀਨਾਨਗਰ ਹਲਕੇ ਦੇ ਸਰਹੱਦੀ ਲੋਕਾਂ ਨੂੰ ਬੁਢਾਪਾ, ਵਿਧਵਾ, ਅੰਗਹੀਣ, ਬੱਚਿਆਂ, ਸੀਨੀਅਰ ਸਿਟੀਜ਼ਨਾਂ ਤੇ ਅੰਗਹੀਣ ਵਿਅਕਤੀਆਂ ਦੇ ਬੱਸ ਪਾਸ ਲਈ ਸ਼ਨਾਖਤੀ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ।
ਕੈਬਨਿਟ ਮੰਤਰੀ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਦੀਨਾਨਗਰ ਹਲਕੇ ਦੇ ਸਰਬਪੱਖੀ ਵਿਕਾਸ ਲਈ ਵਿਸ਼ੇਸ਼ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤੇ ਹਲਕੇ ਨੂੰ ਵਿਕਾਸ ਪੱਖੋ ਸੂਬੇ ਦਾ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਪਿਛਲੀ ਸਰਕਾਰ ਵਲੋਂ ਇਸ ਹਲਕੇ ਦੇ ਪੈਨਸ਼ਨ ਉਪਭੋਗਤਾਵਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਸਮੱਸਿਆ ਨੂੰ ਧਿਆਨ 'ਚ ਰੱਖਦਿਆਂ ਇਹ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ। ਇਸ ਮੌਕੇ ਲੋਕਾਂ ਲਈ ਲੰਗਰ ਅਤੇ ਪੀਣ ਲਈ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
ਬੁੱਧਵਾਰ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ ਬੁਢਾਪਾ ਪੈਨਸ਼ਨ ਦੇ 81 ਫਾਰਮ, ਵਿਧਵਾ ਪੈਨਸ਼ਨ ਦੇ ਫਾਰਮ 10, ਆਸ਼ਰਿਤ ਬੱਚਿਆਂ ਦੇ 4 ਤੇ ਅੰਗਹੀਣਾਂ ਲਈ 3 ਫਾਰਮ ਭਰੇ, ਰੋਜ਼ਗਾਰ ਵਿਭਾਗ ਵਲੋਂ 50 ਉਮੀਦਵਾਰਾਂ ਦੇ ਨਾਂ ਦਰਜ ਕੀਤੇ ਗਏ, 5-5 ਮਰਲੇ ਪਲਾਟ ਲਈ 215 ਅਰਜੀਆਂ ਅਤੇ 192 ਮਨਰੇਗਾ ਦੇ ਜਾਬ ਕਾਰਡ ਦੇ ਫਾਰਮ ਭਰੇ ਗਏ। ਇਸ ਤੋਂ ਇਲਾਵਾ ਫੂਡ ਸਪਲਾਈ, ਸਿਹਤ ਵਿਭਾਗ , ਕਿਰਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਵਲੋਂ ਲੋਕਾਂ ਨੂੰ ਸੇਵਾਵਾਂ ਦੇਣ ਲਈ ਫਾਰਮ ਭਰੇ ਗਏ।