ਜ਼ਿਲਾ ਪੁਲਸ ਦੀ ਨਸ਼ਿਆਂ ਖਿਲਾਫ ਮੁਹਿੰਮ, 6 ਮਹੀਨੇ ''ਚ ਕਾਬੂ ਕੀਤੇ 230 ਦੋਸ਼ੀ

Monday, Jul 08, 2019 - 07:38 PM (IST)

ਜ਼ਿਲਾ ਪੁਲਸ ਦੀ ਨਸ਼ਿਆਂ ਖਿਲਾਫ ਮੁਹਿੰਮ, 6 ਮਹੀਨੇ ''ਚ ਕਾਬੂ ਕੀਤੇ 230 ਦੋਸ਼ੀ

ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ, ਖੁਰਾਣਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਆਰੰਭ ਕੀਤੀ ਮੁਹਿੰਮ ਤਹਿਤ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵਲੋਂ ਚਾਲੂ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਨਸ਼ਿਆਂ ਦੀ ਤਸਕਰੀ ਦੇ 230 ਦੋਸ਼ੀਆਂ ਨੂੰ ਕਾਬੂ ਕਰਕੇ ਕੁੱਲ 161 ਮਾਮਲੇ ਦਰਜ ਕੀਤੇ ਗਏ ਹਨ। ਇਹ ਜਾਣਕਾਰੀ ਜ਼ਿਲੇ ਦੇ ਐਸ. ਐਸ. ਪੀ. ਮਨਜੀਤ ਸਿੰਘ ਢੇਸੀ ਨੇ ਦਿੱਤੀ ਹੈ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਪੁਲਿਸ ਵਲੋਂ ਨਸ਼ਿਆਂ ਖਿਲਾਫ ਪੂਰੀ ਚੌਕਸੀ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ 'ਚ 1 ਜਨਵਰੀ ਤੋਂ 7 ਜੁਲਾਈ 2019 ਤੱਕ 33.945 ਕਿਲੋ ਅਫੀਮ, 281.800 ਕਿਲੋ ਪੋਸਤ, 74785 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ, 1.082 ਕਿਲੋ ਹੈਰੋਇਨ, 81 ਸ਼ੀਸੀਆਂ ਅਤੇ 230 ਕਿਲੋ ਪੋਸਤ ਦੇ ਪੌਦੇ ਬਰਾਮਦ ਕੀਤੇ ਹਨ। ਜ਼ਿਲਾ ਪੁਲਿਸ ਵਲੋਂ ਇਸ ਸਮੇਂ ਦੌਰਾਨ 25,16,340 ਰੁਪਏ ਦੀ ਡਰੱਗ ਮਨੀ ਵੀ ਦੋਸ਼ੀਆਂ ਤੋਂ ਬਰਾਮਦ ਕੀਤੀ ਗਈ ਹੈ। 

ਜ਼ਿਲਾ ਪੁਲਸ ਵਲੋਂ ਜਿੱਥੇ ਇਕ ਪਾਸੇ ਨਸ਼ੇ ਦੇ ਤਸਕਰਾਂ ਖਿਲਾਫ ਮੁਹਿੰਮ ਆਰੰਭ ਕੀਤੀ ਹੋਈ ਹੈ, ਉਥੇ ਹੀ ਨੌਜਵਾਨਾਂ ਨੂੰ ਨਸ਼ੇ ਦੇ ਚੁੰਗਲ 'ਚੋਂ ਕੱਢਣ ਲਈ ਵੀ ਉਪਰਾਲੇ ਕੀਤੇ ਜਾਂਦੇ ਹਨ। ਇਸ ਲਈ ਪੁਲਸ ਵਲੋਂ ਜ਼ਿਲੇ ਦੇ ਸਾਰੇ 10 ਪੁਲਸ ਥਾਣਿਆਂ ਦੇ ਖੇਤਰ 'ਚ ਲਗਾਤਾਰ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ ਤੇ ਲੋਕਾਂ ਨੂੰ ਨਸ਼ਿਆਂ ਖਿਲਾਫ ਲਾਮਬੰਦ ਕੀਤਾ ਜਾ ਰਿਹਾ ਹੈ। ਇੰਨ੍ਹਾਂ ਕੈਂਪਾਂ 'ਚ ਦਿੱਤੀ ਜਾ ਰਹੀ ਪ੍ਰੇਰਣਾ ਨਾਲ ਜਿੱਥੇ ਨਸ਼ੇ ਤੋਂ ਪੀੜਤ ਲੋਕ ਨਸ਼ਾ ਛੱਡਣ ਲਈ ਅੱਗੇ ਆ ਰਹੇ ਹਨ। ਉਥੇ ਹੀ ਨਸ਼ੇ ਵੇਚਣ ਵਾਲਿਆਂ ਖਿਲਾਫ ਸੂਚਨਾ ਵੀ ਮੁਹੱਈਆ ਕਰਵਾ ਰਹੇ ਹਨ। ਲੋਕਾਂ  ਤੋਂ ਪ੍ਰਾਪਤ ਸੂਚਨਾ ਨਾਲ ਪੁਲਸ ਨੂੰ ਵੀ ਨਸ਼ਿਆਂ ਦੇ ਤਸਕਰਾਂ ਖਿਲਾਫ ਕਾਰਵਾਈ ਕਰਨ ਵਿਚ ਸੌਖ ਹੋ ਰਹੀ ਹੈ। 

ਐਸ. ਐਸ. ਪੀ. ਨੂੰ ਸਿੱਧੇ ਵਟਸਅੱਪ ਨੰਬਰ 'ਤੇ ਦਿੱਤੀ ਜਾ ਸਕਦੀ ਹੈ ਸੂਚਨਾ
ਜ਼ਿਲੇ ਦੇ ਪੁਲਸ ਮੁਖੀ ਵਲੋਂ ਆਮ ਲੋਕਾਂ ਲਈ ਆਪਣਾ ਇਕ ਵਟਸਅੱਪ ਨੰਬਰ 8054200166 ਜਾਰੀ ਕੀਤਾ ਗਿਆ ਹੈ। ਇਸ ਨੰਬਰ 'ਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਾ ਕੋਈ ਵੀ ਨਾਗਰਿਕ ਵਟਸਅੱਪ ਸੁਨੇਹੇ ਰਾਹੀਂ ਨਸ਼ੇ ਵੇਚਣ ਵਾਲਿਆਂ ਦੀ ਸੂਚਨਾ ਸਿੱਧੇ ਜ਼ਿਲੇ ਦੇ ਐਸ. ਐਸ. ਪੀ. ਮਨਜੀਤ ਸਿੰਘ ਢੇਸੀ ਨੂੰ ਦੇ ਸਕਦੇ ਹਨ। ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ। 

ਮੈਡੀਕਲ ਨਸ਼ੇ ਦੀ ਵਿਕਰੀ ਸਬੰਧੀ ਦਿਓ ਇਸ ਨੰਬਰ 'ਤੇ ਸ਼ਿਕਾਇਤ
ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਮੈਡੀਕਲ ਨਸ਼ੇ ਦੀ ਵਿਕਰੀ ਰੋਕਣ ਲਈ ਵੀ ਇਕ ਹੈਲਪਲਾਈਨ ਨੰਬਰ 9815206006 ਜਾਰੀ ਕੀਤਾ ਗਿਆ ਹੈ। ਜਿਸ 'ਤੇ ਇਲਾਕੇ 'ਚ ਵਿਕ ਰਹੇ ਮੈਡੀਕਲ ਨਸ਼ੇ ਦੀ ਸੂਚਨਾ ਦਿੱਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ। ਮੈਡੀਕਲ ਨਸ਼ੇ ਸਬੰਧੀ ਸੂਚਨਾ ਈਮੇਲ punjabdrugscontrolorg0gmail.com 'ਤੇ ਵੀ ਦਿੱਤੀ ਜਾ ਸਕਦੀ ਹੈ। 
 


Related News