ਜੇ ਵਿਦੇਸ਼ੀ ਨੰਬਰ ਤੋਂ ਆਵੇ ਫੋਨ ਤਾਂ ਹੋ ਜਾਓ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਠੱਗੀ

Friday, Jun 10, 2022 - 01:29 PM (IST)

ਜੇ ਵਿਦੇਸ਼ੀ ਨੰਬਰ ਤੋਂ ਆਵੇ ਫੋਨ ਤਾਂ ਹੋ ਜਾਓ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਠੱਗੀ

ਲੁਧਿਆਣਾ(ਰਾਜ) : ‘ਹੈਲੋ! ਮੈਂ ਵਿਦੇਸ਼ ਤੋਂ ਤੁਹਾਡਾ ਰਿਸ਼ਤੇਦਾਰ ਬੋਲਦਾਂ ਹਾਂ, ਤੁਹਾਡੇ ਅਕਾਊਂਟ ’ਚ ਪੈਸੇ ਪਾਉਣੇ ਹਨ’ ਜੇਕਰ ਅਜਿਹੀ ਕੋਈ ਕਾਲ ਤੁਹਾਨੂੰ ਆਉਂਦੀ ਹੈ ਤਾਂ ਸਾਵਧਾਨ ਰਹੋ। ਇਹ ਕੋਈ ਤੁਹਾਡਾ ਰਿਸ਼ਤੇਦਾਰ ਨਹੀਂ, ਸਗੋਂ ਸਾਈਬਰ ਠੱਗ ਹੈ, ਜੋ ਤੁਹਾਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਹੈ। ਇਨ੍ਹਾਂ ਦਿਨਾਂ ’ਚ ਪੰਜਾਬ ਅਜਿਹੇ ਹੀ ਸਾਈਬਰ ਠੱਗਾਂ ਦੇ ਜਾਲ ’ਚ ਫਸਿਆ ਹੋਇਆ ਹੈ। ਰੋਜ਼ਾਨਾ ਪੰਜਾਬ ਸਮੇਤ ਲੁਧਿਆਣਾ ਦੇ ਕਈ ਲੋਕ ਇਨ੍ਹਾਂ ਵਿਦੇਸ਼ੀ ਨੰਬਰਾਂ ਤੋਂ ਕਾਲ ਕਰਨ ਵਾਲੇ ਸਾਈਬਰ ਠੱਗਾਂ ਦੇ ਸ਼ਿਕਾਰ ਹੋ ਕੇ ਆਪਣੇ ਲੱਖਾਂ ਰੁਪਏ ਗੁਆ ਚੁੱਕੇ ਹਨ।

ਇਸੇ ਹੀ ਤਰ੍ਹਾਂ ਵੀਰਵਾਰ ਨੂੰ ਸਾਈਬਰ ਠੱਗਾਂ ਨੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਆਗੂ, ਇਕ ਸਕੂਲ ਪ੍ਰਿੰਸੀਪਲ ਅਤੇ ਇਲੈਕਟ੍ਰਾਨਿਕ ਰਿਕਸ਼ਾ ਚਲਾਉਣ ਵਾਲੇ ਨੌਜਵਾਨ ਨੂੰ ਠੱਗਣ ਦੀ ਕੋਸ਼ਿਸ ਕੀਤਾ। ਦੱਸਿਆ ਜਾ ਰਿਹਾ ਹੈ ਕਿ ‘ਆਪ’ ਆਗੂ ਅਤੇ ਸਕੂਲ ਪ੍ਰਿੰਸੀਪਲ ਜਾਗਰੂਕ ਹੋਣ ਕਾਰਨ ਪਹਿਲਾਂ ਹੀ ਚੁਕੰਨੇ ਹੋ ਗਏ ਸਨ ਪਰ ਰਿਕਸ਼ਾ ਚਾਲਕ ਗੱਲਾਂ ’ਚ ਉਲਝ ਗਿਆ ਸੀ ਪਰ ਦੋਸਤ ਨੇ ਉਸ ਨੂੰ ਠੱਗੇ ਜਾਣ ਤੋਂ ਬਚਾ ਲਿਆ।

ਆਮ ਆਦਮੀ ਪਾਰਟੀ ਦੇ ਆਗੂ ਨੂੰ ਠੱਗਣ 'ਚ ਨਾਕਾਮ ਰਹੇ ਸਾਈਬਰ ਠੱਗ

ਨਾਰਥ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਰਾਹੁਲ ਮਲਹੋਤਰਾ ਨੇ ਦੱਸਿਆ ਕਿ ਵੀਰਵਾਰ ਦੀ ਸਵੇਰ ਉਸ ਨੂੰ ਇਕ ਵਿਦੇਸ਼ੀ ਨੰਬਰ ਤੋਂ ਕਾਲ ਆਈ ਸੀ, ਜੋ ਖੁਦ ਨੂੰ ਉਸ ਦਾ ਰਿਸ਼ਤੇਦਾਰ ਦੱਸ ਰਿਹਾ ਸੀ। ਜਦੋਂ ਉਸ ਨੇ ਮੰਨ ਲਿਆ ਕਿ ਉਸ ਦਾ ਰਿਸ਼ਤੇਦਾਰ ਵਿਦੇਸ਼ ਵਿਚ ਹੈ। ਫਿਰ ਠੱਗ ਨੇ ਕਿਹਾ ਕਿ ਉਸ ਨੇ ਕਿਸੇ ਦੇ ਪੈਸੇ ਦੇਣੇ ਹਨ। ਇਸ ਲਈ ਉਸ ਦੇ ਬੈਂਕ ਅਕਾਊਂਟ ’ਚ ਪੈਸੇ ਭੇਜ ਰਿਹਾ ਹੈ। ਤੁਸੀਂ ਪੈਸੇ ਉਸ ਵਿਅਕਤੀ ਤੱਕ ਪਹੁੰਚਾ ਦੇਣਾ।

ਰਾਹੁਲ ਦਾ ਕਹਿਣਾ ਹੈ ਕਿ ਉਸ ਨੂੰ ਠੱਗੀ ਦਾ ਅਹਿਸਾਸ ਹੋ ਗਿਆ ਸੀ। ਇਸ ਲਈ ਉਸ ਨੇ ਠੱਗ ਨੂੰ ਸਿੱਧੇ ਤੌਰ ’ਤੇ ਕਹਿ ਦਿੱਤਾ ਕਿ ਉਹ ਉਸ ਨੂੰ ਠੱਗਣ ਦਾ ਕੋਸ਼ਿਸ਼ ਕਰ ਰਿਹਾ ਹੈ। ਇੰਨਾ ਕਹਿਣ ਤੋਂ ਬਾਅਦ ਠੱਗਣ ਵਾਲੇ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਾਲ ਡਿਸਕੁਨੈਕਟ ਕਰ ਦਿੱਤੀ। ਰਾਹੁਲ ਨੇ ਕਿਹਾ ਕਿ ਉਹ ਅਜਿਹੀਆਂ ਠੱਗੀ ਦੀਆਂ ਗੱਲਾਂ ਨੂੰ ਕਈ ਵਾਰ ਸੁਣ ਚੁੱਕਾ ਹੈ। ਇਸ ਲਈ ਉਹ ਚੌਕਸ ਸੀ ਅਤੇ ਠੱਗ ਦੇ ਝਾਂਸੇ ’ਚ ਆਉਣ ਤੋਂ ਬਚ ਗਿਆ ਪਰ ਕਈ ਲੋਕ ਉਨ੍ਹਾਂ ਦੀਆਂ ਅਜਿਹੀਆਂ ਲੁਭਾਉਣੀਆਂ ਗੱਲਾਂ ’ਚ ਆ ਕੇ ਲੱਖਾਂ ਰੁਪਏ ਗੁਆ ਦਿੰਦੇ ਹਨ।

ਬਸਤੀ ਜੋਧੇਵਾਲ ਸਥਿਤ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਠੱਗਣ ਦਾ ਕੀਤਾ ਯਤਨ

ਜੋਧੇਵਾਲ ਦੇ ਸੁਭਾਸ਼ ਨਗਰ ਇਲਾਕੇ ’ਚ ਇਕ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਸਾਈਬਰ ਠੱਗਾਂ ਨੇ ਠੱਗਣ ਦਾ ਕੋਸ਼ਿਸ ਕੀਤਾ। ਸਕੂਲ ਪ੍ਰਿੰਸੀਪਲ ਨੀਰਜ ਨੇ ਦੱਸਿਆ ਕਿ ਉਸ ਨੂੰ ਇਕ ਵਿਦੇਸ਼ੀ ਨੰਬਰ ਤੋਂ ਕਾਲ ਆਈ ਸੀ, ਜੋ ਕਿ ਦੱਸ ਰਿਹਾ ਸੀ ਕਿ ਉਹ ਯੂ. ਕੇ. ਤੋਂ ਉਸ ਦਾ ਰਿਸ਼ਤੇਦਾਰ ਬੋਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਠੱਗ ਨੇ ਕਿਹਾ ਕਿ ਉਹ ਉਸਦੇ ਬੈਂਕ ਖਾਤੇ 'ਚ ਪੈਸੇ ਭੇਜ ਰਿਹਾ ਹੈ ਅਤੇ ਉਹ ਉਸ ਦੀ ਵਰਤੋਂ ਕਰ ਲਵੇ। ਜਦੋਂ ਉਹ ਵਾਪਸ ਆਵੇਗਾ ਤਾਂ ਉਸ ਤੋਂ ਲੈ ਲਵੇਗਾ। ਫਿਰ ਠੱਗ ਨੇ ਉਸ ਨੂੰ ਕੁਝ ਪੈਸੇ ਪਹਿਲਾਂ ਉਸ ਦੇ ਅਕਾਊਂਟ ’ਚ ਪਾਉਣ ਲਈ ਕਿਹਾ। ਸਕੂਲ ਪ੍ਰਿੰਸੀਪਲ ਨੀਰਜ ਦਾ ਕਹਿਣਾ ਹੈ ਕਿ ਉਹ ਅਜਿਹੀ ਠੱਗੀ ਤੋਂ ਜਾਗਰੂਕ ਸੀ। ਇਸ ਲਈ ਉਸ ਨੂੰ ਪਤਾ ਲੱਗ ਗਿਆ ਸੀ ਕਿ ਉਸ ਨੂੰ ਠੱਗਣ ਦਾ ਕਿਸੇ ਵੱਲੋਂ ਕੋਸ਼ਿਸ਼ ਕੀਤਾ ਜਾ ਰਹੀ ਹੈ। ਉਸ ਨੇ ਠੱਗ ਨੂੰ ਆਗਾਹ ਕਰ ਕੇ ਫੋਨ ਕੱਟ ਦਿੱਤਾ ਸੀ।

ਠੱਗ ਦੇ ਝਾਂਸੇ ’ਚ ਆ ਕੇ ਵਿਆਜ਼ ’ਤੇ ਪੈਸੇ ਲੈਣ ਚਲਾ ਗਿਆ ਰਿਕਸ਼ਾ ਚਾਲਕ

ਸਾਈਬਰ ਠੱਗਾਂ ਨੇ ਜੋਧੇਵਾਲ ਇਲਾਕੇ ਵਿਚ ਰਹਿਣ ਵਾਲੇ ਮਨੋਜ ਕੁਮਾਰ ਨੂੰ ਵੀ ਠੱਗਣ ਦਾਂ ਕੋਸ਼ਿਸ਼ ਕੀਤਾ। ਮਨੋਜ ਨੇ ਦੱਸਿਆ ਕਿ ਉਹ ਇਲੈਕਟ੍ਰਾਨਿਕ ਰਿਕਸ਼ਾ ਚਲਾਉਂਦਾ ਹੈ। ਉਸ ਨੂੰ ਵੀ ਇਕ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਸੀ। ਰਿਕਸ਼ਾ ਚਾਲਕ ਨੇ ਦੱਸਿਆ ਕਿ ਉਸ ਦਾ ਇਕ ਦੋਸਤ ਬਾਹਰ ਗਿਆ ਹੈ, ਜੋ ਉਸ ਨੂੰ ਕਾਲ ਕਰ ਰਿਹਾ ਹੈ। ਠੱਗ ਵੱਲੋਂ ਕੀਤੀਆਂ ਜਾ ਰਹੀਆਂ ਗੱਲਾਂ ਵਿਚ ਰਿਕਸ਼ਾ ਚਾਲਕ ਆ ਗਿਆ। ਠੱਗ ਨੇ ਉਸ ਨੂੰ ਕਿਹਾ ਕਿ ਉਹ ਉਸ ਦੇ ਅਕਾਊਂਟ ’ਚ 3 ਲੱਖ ਰੁਪਏ ਪਾ ਰਿਹਾ ਹੈ, ਜੋ ਦੋ ਦਿਨ ਤੱਕ ਉਸ ਦੇ ਕੋਲ ਪੁੱਜ ਜਾਣਗੇ।

ਇੰਨਾ ਹੀ ਨਹੀਂ, ਉਸ ਨੂੰ ਆਰ. ਬੀ. ਆਈ. ਤੋਂ ਝੂਠੀ ਕਾਲ ਵੀ ਕਰਵਾ ਦਿੱਤੀ ਕਿ ਉਸ ਦੇ ਖਾਤੇ ’ਚ ਵਿਦੇਸ਼ ਤੋਂ ਪੈਸੇ ਆਏ ਹਨ। ਮਨੋਜ ਦਾ ਕਹਿਣਾ ਹੈ ਕਿ ਆਰ. ਬੀ. ਆਈ. ਤੋਂ ਆਈ ਕਾਲ ਨਾਲ ਉਸ ਨੂੰ ਪੂਰਾ ਯਕੀਨ ਹੋ ਗਿਆ ਕਿ ਉਸ ਦੇ ਖਾਤੇ ’ਚ ਪੈਸੇ ਆ ਰਹੇ ਹਨ। ਪੈਸੇ ਉਸ ਕੋਲ ਦੋ ਦਿਨ ਵਿਚ ਪੁੱਜ ਜਾਣਗੇ। ਇਸ ਤੋਂ ਪਹਿਲਾਂ ਉਹ ਕਿਸੇ ਤੋਂ ਲੈ ਕੇ ਮੇਰੇ ਦੱਸੇ ਅਕਾਊਂਟ ਵਿਚ ਪੈਸੇ ਪਾ ਦੇਵੇ। ਇਸ ਲਈ ਉਹ ਆਪਣੇ ਕਿਸੇ ਦੋਸਤ ਤੋਂ 3 ਲੱਖ ਰੁਪਏ ਵਿਆਜ਼ ’ਤੇ ਲੈਣ ਚਲਾ ਗਿਆ ਪਰ ਉਸ ਨੇ ਸਾਰੀ ਗੱਲ ਸੁਣ ਕੇ ਉਸ ਨੂੰ ਸਮਝਾਇਆ ਕਿ ਉਸ ਨੂੰ ਠੱਗਣ ਦਾ ਯਤਨ ਕੀਤਾ ਜਾ ਰਿਹਾ ਹੈ, ਤਾਂ ਜਾ ਕੇ ਉਹ ਬਚ ਸਕਿਆ, ਨਹੀਂ ਤਾਂ ਵਿਆਜ਼ ’ਤੇ ਪੈਸੇ ਲੈ ਕੇ ਉਹ ਫਸ ਜਾਂਦਾ।

ਦੋ ਮਹੀਨਿਆਂ ’ਚ 200 ਤੋਂ ਵੱਧ ਸ਼ਿਕਾਇਤਾਂ, ਲਿੰਕ ਵੀ ਭੇਜ ਰਹੇ ਠੱਗ

ਖੁਦ ਨੂੰ ਰਿਸ਼ਤੇਦਾਰ ਦੱਸਣ ਵਾਲੇ ਜਿੱਥੇ ਪੈਸੇ ਭੇਜਣ ਦਾ ਝਾਂਸਾ ਦਿੰਦੇ ਹਨ, ਉਥੇ ਇਕ ਹੋਰ ਤਰੀਕਾ ਠੱਗਣ ਲਈ ਵਰਤਦੇ ਹਨ। ਵਿਅਕਤੀ ਨਾਲ ਗੱਲ ਕਰਦੇ ਸਮੇਂ ਉਸ ਦੇ ਮੋਬਾਇਲ ’ਤੇ ਫੋਟੋ ਲਿੰਕ ਭੇਜਦੇ ਹਨ। ਜਿਉਂ ਹੀ ਵਿਅਕਤੀ ਉਸ ਲਿੰਕ ਨੂੰ ਕਲਿੱਕ ਕਰਦਾ ਹੈ ਤਾਂ ਉਸ ਦਾ ਮੋਬਾਇਲ ਹੈਕ ਹੋ ਜਾਂਦਾ ਹੈ। ਉਸ ਦੇ ਮੋਬਾਇਲ ਦੇ ਜ਼ਰੀਏ ਬੈਂਕ ਅਕਾਊਂਟ ’ਚੋਂ ਪੈਸੇ ਕੱਢ ਲਏ ਜਾਂਦੇ ਹਨ ਅਤੇ ਉਸ ਦੇ ਮੋਬਾਇਲ ਤੋਂ ਜਾਣਕਾਰਾਂ ਨੂੰ ਕਾਲ ਕਰ ਕੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ। ਕੁਝ ਸਮਾਂ ਪਹਿਲਾਂ ਅਜਿਹਾ ਇਕ ਪੁਲਸ ਮੁਲਾਜ਼ਮ ਨਾਲ ਹੋ ਚੁੱਕਾ ਹੈ।

ਅਜਿਹੀਆਂ ਕਈ ਸ਼ਿਕਾਇਤਾਂ ਸਾਈਬਰ ਸੈੱਲ ਦੇ ਕੋਲ ਆਈਆਂ ਹਨ। ਜਾਗਰੂਕਤਾ ਹੀ ਅਜਿਹੀ ਠੱਗੀ ਤੋਂ ਬਚਾ ਸਕਦੀ ਹੈ। ਅਜਿਹੇ ਕਿਸੇ ਵਿਦੇਸ਼ੀ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਉਸ ਕਾਲ ਨੂੰ ਨਾ ਚੁੱਕਣ ਅਤੇ ਅੱਗੋਂ ਉਸ ਨੰਬਰ ਤੋਂ ਕਾਲ ਨਾ ਆਵੇ, ਇਸ ਦੇ ਲਈ ਉਸ ਨੂੰ ਬਲਾਕ ਕਰ ਦਿਓ। ਕਿਸੇ ਅਣਪਛਾਤੇ ਨੰਬਰ ਤੋਂ ਭੇਜੇ ਲਿੰਕ ’ਦੇ ਕਲਿੱਕ ਨਾ ਕਰੋ। ਜੇਕਰ ਕੋਈ ਠੱਗੀ ਦਾ ਸ਼ਿਕਾਰ ਹੋ ਜਾਵੇ ਤਾਂ ਤੁਰੰਤ ਸਾਈਬਰ ਸੈੱਲ ’ਚ ਇਸ ਦੀ ਸ਼ਿਕਾਇਤ ਕਰੋ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News