ਜਦੋਂ ਸਾਬਕਾ ਫੌਜੀਆਂ ਦੀ ਦਖਲ-ਅੰਦਾਜ਼ੀ ''ਤੇ ਭੜਕੇ ਕੈਬਨਿਟ ਮੰਤਰੀ...
Thursday, Oct 04, 2018 - 10:40 AM (IST)

ਚੰਡੀਗੜ੍ਹ : ਪੂਰੇ ਸੂਬੇ 'ਚ ਲਾਏ ਗਏ 'ਗਾਰਡੀਅਨ ਆਫ ਗਵਰਨੈਂਸ' (ਸਾਬਕਾ ਫੌਜੀ) ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਦੇ ਸਾਰੇ ਮੰਤਰੀ ਭੜਕੇ ਹੋਏ ਹਨ। ਬੁੱਧਵਾਰ ਨੂੰ ਕੈਬਨਿਟ ਮੀਟਿੰਗ ਦੌਰਾਨ ਮੰਤਰੀਆਂ ਨੇ 'ਗਾਰਡੀਅਨ ਆਫ ਗਵਰਨੈਂਸ' ਖਿਲਾਫ ਜੰਮ ਕੇ ਭੜਾਸ ਕੱਢੀ ਅਤੇ ਪੁੱਛਿਆ ਕਿ ਆਖਰ ਇਨ੍ਹਾਂ ਕੋਲ ਕਿਹੜੀਆਂ ਸ਼ਕਤੀਆਂ ਹਨ, ਇਹ ਕੈਬਨਿਟ ਨੂੰ ਦੱਸਿਆ ਜਾਵੇ।
ਜ਼ਿਕਰਯੋਗ ਹੈ ਕਿ ਕੈਬਨਿਟ ਦੀ ਮੀਟਿੰਗ 'ਚ ਹਾਲਾਂਕਿ ਇਸ 'ਤੇ ਕੋਈ ਏਜੰਡਾ ਨਹੀਂ ਸੀ ਪਰ ਮੰਤਰੀਆਂ ਨੇ 'ਗਾਰਡੀਅਨ ਆਫ ਗਵਰਨੈਂਸ' ਦਾ ਮੁੱਦਾ ਚੁੱਕਿਆ ਤਾਂ ਇਕ-ਇਕ ਕਰਕੇ ਸਾਰੇ ਉਨ੍ਹਾਂ ਦਾ ਸਾਥ ਦੇਣ ਲੱਗੇ। ਮੰਤਰੀਆਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ 'ਗਾਰਡੀਅਨ ਆਫ ਗਵਰਨੈਂਸ' ਅਫਸਰਾਂ ਨੂੰ ਜਾ ਕੇ ਧਮਕਾਉਂਦੇ ਹਨ ਅਤੇ ਉਨ੍ਹਾਂ ਦੇ ਕੰਮ 'ਚ ਦਖਲ-ਅੰਦਾਜ਼ੀ ਕਰਦੇ ਹਨ। ਮੰਤਰੀਆਂ ਨੂੰ ਭੜਕਦੇ ਹੋਏ ਦੇਖ ਕੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੇ ਸਲਾਹਕਾਰ ਲੈ. ਜਨਰਲ ਤੇਜਿੰਦਰ ਸਿੰਘ ਸ਼ੇਰਗਿੱਲ ਨੂੰ ਬੁਲਾ ਲੈਂਦੇ ਹਨ, ਜਿਹੜੇ 'ਗਾਰਡੀਅਨ ਆਫ ਗਵਰਨੈਂਸ' ਦਾ ਕੰਮ ਦੇਖ ਰਹੇ ਹਨ ਪਰ ਇਹ ਗੱਲ ਸਿਰੇ ਨਹੀਂ ਚੜ੍ਹ ਸਕੀ।
ਕਈ ਮੰਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕੈਬਨਿਟ 'ਚ ਬੁਲਾਉਣਾ ਠੀਕ ਨਹੀਂ ਹੈ ਅਤੇ ਮੁੱਖ ਮੰਤਰੀ ਖੁਦ ਹੀ ਉਨ੍ਹਾਂ ਨਾਲ ਗੱਲ ਕਰ ਲੈਣ। ਇਸ 'ਤੇ ਤੈਅ ਹੋਇਆ ਕਿ ਮੰਤਰੀਆਂ ਦੀ ਇਕ ਸਬ ਕਮੇਟੀ ਬਣਾ ਦਿੱਤੀ ਜਾਵੇਗੀ, ਜੋ ਜਨਰਲ ਸ਼ੇਰਗਿੱਲ ਤੋਂ 'ਗਾਰਡੀਅਨ ਆਫ ਗਵਰਨੈਂਸ' ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ 'ਤੇ ਗੱਲ ਕਰ ਸਕੇਗੀ।