ਰਾਣਾ ਸੋਢੀ ਦੀਆਂ ਵਧੀਆਂ ਮੁਸ਼ਕਲਾਂ, ਪੁੱਤਰ ਖਿਲਾਫ ਇਰਾਦਾ ਕਤਲ ਕੇਸ ਦੇ ਦੋਸ਼ ਤੈਅ

Thursday, Sep 05, 2019 - 01:18 PM (IST)

ਰਾਣਾ ਸੋਢੀ ਦੀਆਂ ਵਧੀਆਂ ਮੁਸ਼ਕਲਾਂ, ਪੁੱਤਰ ਖਿਲਾਫ ਇਰਾਦਾ ਕਤਲ ਕੇਸ ਦੇ ਦੋਸ਼ ਤੈਅ

ਗੁਰੂਹਰਸਹਾਏ (ਪ੍ਰਦੀਪ) - ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀਆਂ ਉਸ ਸਮੇਂ ਮੁਸ਼ਕਲਾਂ ਵਧ ਗਈਆਂ, ਜਦੋਂ ਉਨ੍ਹਾਂ ਦੇ ਪੁੱਤਰ ਰਘੂਮੀਤ ਸਿੰਘ ਸੋਢੀ (ਰਘੂ ਸੋਢੀ) ਖਿਲਾਫ ਮਾਣਯੋਗ ਸੈਸ਼ਨ ਕੋਰਟ ਫਿਰੋਜ਼ਪੁਰ ਨੇ ਇਰਾਦਾ ਕਤਲ ਕੇਸ 'ਚ ਦੋਸ਼ ਤੈਅ ਕਰ ਦਿੱਤੇ। ਰਘੂਮੀਤ ਸਿੰਘ ਸੋਢੀ ਦੇ ਇਸ ਮਾਮਲੇ ਦੀ ਅਗਲੀ ਸੁਣਵਾਈ 20 ਸਤੰਬਰ 2019 ਨੂੰ ਹੋਵੇਗੀ। ਜਾਣਕਾਰੀ ਅਨੁਸਾਰ 7 ਮਈ 2013 ਨੂੰ ਬਲਜੀਤ ਸਿੰਘ ਪੁੱਤਰ ਮੇਹਰ ਸਿੰਘ ਆਪਣੇ ਕਿਸੇ ਮਿੱਤਰ ਨੂੰ ਮਿਲਣ ਲਈ ਵਾਇਆ ਗੁੱਦੜ ਢੰਡੀ ਰੋਡ ਨੇੜੇ ਗੁਰੂਹਰਸਹਾਏ ਰੇਲਵੇ ਫਾਟਕ ਕੋਲ ਗਿਆ ਸੀ। ਬਲਜੀਤ ਸਿੰਘ ਦੇ ਉਥੇ ਪਹੁੰਚਣ 'ਤੇ ਅੱਗੋਂ ਰਘੂਮੀਤ ਸਿੰਘ ਸੋਢੀ, ਰਵੀ ਸ਼ਰਮਾ ਅਤੇ ਸੁਖਪਾਲ ਸਿੰਘ ਕਰਕਾਦੀ ਚਿੱਟੇ ਰੰਗ ਦੀ ਕਾਰ 'ਚ ਸਵਾਰ ਹੋ ਕੇ ਆ ਗਏ। ਇਸ ਦੌਰਾਨ ਰਘੂਮੀਤ ਸੋਢੀ ਨੇ ਲਲਕਾਰਾ ਮਾਰਿਆ ਅਤੇ ਬਲਜੀਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ

ਹਮਲੇ ਕਾਰਨ ਜ਼ਖਮੀ ਹੋਣ 'ਤੇ ਉਸ ਨੂੰ ਇਲਾਜ ਲਈ ਹਸਪਤਾਲ  ਦਾਖਲ ਕਰਵਾਇਆ ਗਿਆ ਪਰ ਸਬੰਧਤ ਥਾਣੇ ਦੀ ਪੁਲਸ ਨੇ ਸਿਆਸਤ ਦੇ ਦਬਾਅ ਹੇਠ ਹਮਲਾਵਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਪੀੜਤ ਵਿਅਕਤੀ ਨੇ ਇਨਸਾਫ ਲੈਣ ਲਈ ਇਸ ਮਾਮਲੇ ਦੀ ਸ਼ਿਕਾਇਤ ਸਬ-ਡਵੀਜ਼ਨਲ ਮੈਜਿਸਟ੍ਰੇਟ ਗੁਰੂਹਰਸਹਾਏ ਵਿਖੇ ਦਰਜ ਕਰਵਾ ਦਿੱਤੀ, ਜਿਸ ਤੋਂ ਬਾਅਦ ਇਹ ਮਾਮਲਾ ਮਾਣਯੋਗ ਸੈਸ਼ਨ ਕੋਰਟ ਫਿਰੋਜ਼ਪੁਰ ਦੇ ਵਿਚਾਰ ਅਧੀਨ ਆ ਗਿਆ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਰਜਨੀ ਚਹੋਕਰਾ ਦੀ ਅਦਾਲਤ ਨੇ 30 ਅਗਸਤ 2019 ਨੂੰ ਆਈ. ਪੀ. ਸੀ. ਧਾਰਾ 307, 323, 34 ਦੇ ਅਧੀਨ ਦੋਸ਼ਾਂ ਨੂੰ ਤੈਅ ਕਰਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 20 ਸਤੰਬਰ ਤੱਕ ਮੁਲਤਵੀ ਕਰ ਦਿੱਤੀ।


author

rajwinder kaur

Content Editor

Related News