ਜਦੋਂ ਕੈਬਨਿਟ ਮੰਤਰੀ ਨੇ ਮੋਟਰਸਾਈਕਲ ’ਤੇ ਲਿਆ ਵਿਕਾਸ ਕਾਰਜਾਂ ਦਾ ਜਾਇਜ਼ਾ
Wednesday, Jun 27, 2018 - 02:57 AM (IST)
ਨਾਭਾ, (ਭੁਪਿੰਦਰ ਭੂਪਾ)- ਅੱਜ ਵਿਲੱਖਣ ਅੰਦਾਜ਼ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਰਿਆਸਤੀ ਨਗਰੀ ਨਾਭਾ ਦੇ ਵਿਕਾਸ ਕਾਰਜ਼ਾਂ ਦਾ ਜਾਇਜ਼ਾ ਲਿਆ।
ਉਨ੍ਹਾਂ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਿਨ੍ਹਾਂ ਕਿਸੇ ਸੁਰੱਖਿਆ ਦੇ ਸ਼ਹਿਰ ਦਾ ਦੋਰਾ ਕੀਤਾ ਅਤੇ ਵੱਖ-ਵੱਖ ਚੌਕਾਂ ਅਤੇ ਗਲੀ ਮੁਹੱਲਿਅਾਂ ਵਿਚ ਚੱਕਰ ਲਾਏ ਅਤੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ।
ਇਸ ਮੌਕੇ ਬਿਨ੍ਹਾਂ ਕਿਸੇ ਸੁਰੱਖਿਆ ਦੇ ਸ਼ਹਿਰ ਦਾ ਦੋਰਾ ਕਰ ਰਹੇ ਕੈਬਨਿਟ ਮੰਤਰੀ ਧਰਮਸੌਤ ਅਤੇ ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਦਾ ਸ਼ਹਿਰ ਵਾਸੀਆਂ ਨੇ ਦਿਲ ਖੋਲ੍ਹ ਕੇ ਸਵਾਗਤ ਕੀਤਾ ਅਤੇ ਬਿਨ੍ਹਾਂ ਕਿਸੇ ਝਿਜਕ ਆਪਣੀਆਂ ਸਮੱਸਿਆਵਾਂ ਸਾਂਝੀਅਾਂ ਕੀਤੀਅਾਂ। ਸ਼ਹਿਰ ਵਾਸੀ ਕੈਬਨਿਟ ਮੰਤਰੀ ਧਰਮਸੌਤ ਅਤੇ ਕੌਂਸਲ ਪ੍ਰਧਾਨ ਸੈਂਟੀ ਦੀ ਇਸ ਪਹਿਲ ਤੋਂ ਕਾਫੀ ਪ੍ਰਭਾਵਿਤ ਨਜ਼ਰ ਆਏ। ਇਸ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਰਿਜ਼ਰਵ ਹਲਕਾ ਨਾਭਾ ਪਿਛਲੇ 10 ਸਾਲਾਂ ਤੋੋਂ ਵਿਕਾਸ ਲਈ ਉਡੀਕ ਕਰ ਰਿਹਾ ਹੈ ਪਰ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਕਦੇ ਵੀ ਇਸ ਦੀ ਸਾਰ ਨਹੀਂ ਲਈ। ਹੁਣ ਸਮਾਂ ਆ ਗਿਆ ਹੈ, ਜਦੋਂ ਨਾਭਾ ਹਲਕੇ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ ਅਤੇ ਹਲਕੇ ਵਿਚ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਪੂਰੇ ਸੂਬੇ ਅੰਦਰ ਵਿਕਾਸ ਕਾਰਜ ਸਿਰੇ ਚਾਡ਼ੇ ਜਾ ਰਹੇ ਹਨ ਅਤੇ ਰਹਿੰਦੇ ਕੰਮਾਂ ਨੂੰ ਵੀ ਜਲਦ ਹੀ ਪੂਰਾ ਕਰ ਲਿਆ ਜਾਵੇਗਾ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਨੇ ਕਿਹਾ ਕਿ ਕੈਬਨਿਟ ਮੰਤਰੀ ਧਰਮਸੌਤ ਦੀ ਅਗਵਾਈ ਹੇਠ ਪਿਛਲੇ ਡੇਢ ਸਾਲਾਂ ਵਿਚ ਨਾਭਾ ਦੀਆਂ ਕਈ ਸਡ਼ਕਾਂ ਇੰਟਲਾਕਿੰਗ ਕਰ ਦਿੱਤੀਅਾਂ ਗਈਅਾਂ ਹਨ, ਸ਼ਾਹੀ ਨਾਲੇ ਦੀ ਸਫਾਈ ਕਰਵਾਈ ਗਈ ਹੈ ਤਾਂ ਜੋ ਬਰਸਾਤ ਦੇ ਮੌਸਮ ਵਿਚ ਸ਼ਹਿਰ ਵਾਸੀਆਂ ਨੂੰ ਗੰਦੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਆਉਣ ਵਾਲੇ ਸਮੇਂ ਵਿਚ ਕੈਬਨਿਟ ਮੰਤਰੀ ਦੇ ਯਤਨਾਂ ਸਦਕਾ ਰਿਆਸਤੀ ਸ਼ਹਿਰ ਦੇ ਵਿਕਾਸ ਲਈ ਕਰੌਡ਼ਾਂ ਦੀਆਂ ਗ੍ਰਾਂਟਾਂ ਜਾਰੀ ਕੀਤੀਅਾਂ ਜਾਣਗੀਆਂ ਅਤੇ ਸ਼ਹਿਰ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ।
