ਕੈਬਨਿਟ ਮੰਤਰੀ ਰੰਧਾਵਾ ਨੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
Tuesday, Jun 12, 2018 - 12:49 AM (IST)

ਗੁਰਦਾਸਪੁਰ, (ਦੀਪਕ, ਵਿਨੋਦ)- ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਦਿਵਸ ਵੱਡੇ ਪੱਧਰ ਮਨਾਇਆ ਜਾਵੇਗਾ ਅਤੇ ਸੂਬੇ ਭਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਧਾਰਮਿਕ ਸਥਾਨਾਂ ਦਾ ਸਰਬਪੱਖੀ ਵਿਕਾਸ ਤੇ ਇਨ੍ਹਾਂ ਸਥਾਨਾਂ ਨੂੰ ਹੈਰੀਟੇਜ ਲੁੱਕ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਤੇ ਜੇਲ ਮੰਤਰੀ ਨੇ ਆਪਣੇ ਪਿੰਡ ਧਾਰੋਵਾਲੀ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸਣਨ ਉਪਰੰਤ ਗੱਲਬਾਤ ਦੌਰਾਨ ਕੀਤਾ। ਸ. ਰੰਧਾਵਾ ਨੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਨੂੰ ਹੱਲ ਵੀ ਕੀਤਾ। ਉਨ੍ਹਾਂ ਕਿਹਾ ਕਿ ਹਲਕੇ ਦਾ ਸਰਬਪੱਖੀ ਵਿਕਾਸ ਉਨ੍ਹਾਂ ਦੀ ਪਹਿਲ ਹੈ ਅਤੇ ਬਿਨਾਂ ਕਿਸੇ ਪੱਖਪਾਤ ਦੇ ਵਿਕਾਸ ਕਾਰਜ ਕੀਤੇ ਜਾਣਗੇ। ਇਸ ਮੌਕੇ ਤਹਿਸੀਲਦਾਰ ਡੇਰਾ ਬਾਬਾ ਨਾਨਕ ਅਰਵਿੰਦ ਸਲਵਾਨ ਤੇ ਪੀ. ਏ. ਕੰਵਲਜੀਤ ਸਿੰਘ ਟੋਨੀ ਵੀ ਮੌਜੂਦ ਸਨ।
ਸ. ਰੰਧਾਵਾ ਨੇ ਦੱਸਿਆ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਕਰੀਬ 18 ਸਾਲ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ’ਤੇ ਰਹੇ ਅਤੇ ਇਸ ਤੋਂ ਇਲਾਵਾ ਬਟਾਲਾ ਵਿਖੇ ਸ੍ਰੀ ਕੰਧ ਸਾਹਿਬ, ਸ੍ਰੀ ਅੱਚਲ ਸਾਹਿਬ, ਧਿਆਨਪੁਰ, ਧੀਦੋਵਾਲ, ਟਾਹਲੀ ਸਾਹਿਬ, ਰੱਤਡ਼ ਛੱਤਡ਼ ਆਦਿ ਸਥਾਨਾਂ ’ਤੇ ਗੁਰੂ ਜੀ ਦੇ ਪਵਿੱਤਰ ਚਰਨ ਪਏ ਹਨ। ਇਨ੍ਹਾਂ ਸਾਰੇ ਸਥਾਨਾਂ ’ਤੇ ਵਿਕਾਸ ਕਾਰਜ ਤੇ ਨਵੀਨੀਕਰਨ ਦੇ ਕੰਮ ਕਰਵਾਏ ਜਾਣਗੇ। ਡੇਰਾ ਬਾਬਾ ਨਾਨਕ ਕਸਬੇ ਵਿਚ ਸਰਬਪੱਖੀ ਵਿਕਾਸ ਕਾਰਜ ਕਰਵਾਏ ਜਾਣਗੇ, ਕਸਬੇ ਦੀ ਵਿਕਾਸ ਪੱਖੋ ਕਾਇਆ-ਕਲਪ ਕੀਤੀ ਜਾਵੇਗੀ ਤੇ ਨਵੀਂ ਦਿਖ ਪ੍ਰਦਾਨ ਕੀਤੀ ਜਾਵੇਗੀ। ਡੇਰਾ ਬਾਬਾ ਨਾਨਕ ਵਿਖੇ ਆਉਣ ਵਾਲੇ ਸਾਰੇ ਰਸਤਿਆਂ ’ਤੇ ਯਾਦਗਾਰੀ ਗੇਟ ਉਸਾਰੇ ਜਾਣਗੇ। ਹਸਪਤਾਲ ਨੂੰ ਅਪਗ੍ਰੇਡ ਕੀਤਾ ਜਾਵੇਗਾ ਤੇ ਨਵੇਂ ਡਾਕਟਰਾਂ ਦੀ ਆਸਾਮੀਆਂ ਤੇ ਡਾਕਟਰ ਲਾਏ ਜਾਣਗੇ, ਬੱਸ ਅੱਡੇ ਤੇ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਕੀਤਾ ਜਾਵੇਗਾ, ਸਾਰੀਆਂ ਸਰਕਾਰੀ ਇਮਾਰਤਾਂ ਦਾ ਨਵੀਨੀਕਰਨ ਤੇ ਹੈਰੀਟੈਜ ਲੁੱਕ ਦਿੱਤੀ ਜਾਵੇਗੀ, ਕਸਬੇ ਦੇ ਸਕੂਲਾਂ ਸਮੇਤ ਸਾਰੀਆਂ ਸਾਂਝੀਆਂ ਥਾਵਾਂ ਨੂੰ ਨਵੀਂ ਰੰਗਤ ਦਿੱਤੀ ਜਾਵੇਗੀ। ਕਸਬੇ ਦੇ ਆਸ ਪਾਸ ਤੇ ਸਡ਼ਕਾਂ ਦੇ ਕਿਨਾਰਿਆਂ ਤੇ ਵੱਖ-ਵੱਕ ਕਿਸਮ ਦੇ ਬੂਟੇ ਲਾਏ ਜਾਣਗੇ। ਕਰਤਾਰਪੁਰ ਸਡ਼ਕ ਨੂੰ ਹੋਰ ਚੌਡ਼ਾ ਕੀਤਾ ਜਾਵੇਗਾ ਤੇ ਸਟੇਡੀਅਮ ਉਸਾਰਿਆ ਜਾਵੇਗਾ।