ਵਿਧਾਇਕਾਂ ਦੇ ਅਰਮਾਨਾਂ ''ਤੇ ਪਾਣੀ ਫੇਰ ਸਕਦਾ ਹੈ ਸਿੱਧੂ, ਪਰਗਟ ਦਾ ਪੈਂਤਰਾ

03/13/2018 10:46:41 AM

ਜਲੰਧਰ (ਚੋਪੜਾ) — ਕੈਬਨਿਟ ਮੰਤਰੀ ਨਵਜੋਤ ਸਿੱਧੂ ਦਾ ਅੱਜ ਵਿਧਾਇਕ ਪਰਗਟ ਸਿੰਘ ਦੇ ਨਾਂ ਦਾ ਪੈਂਤਰਾ ਸੁੱਟਣਾ ਮੰਤਰੀ ਮੰਡਲ ਵਿਸਤਾਰ 'ਚ ਮੰਤਰੀ ਦਾ ਅਹੁਦਾ ਹਾਸਲ ਕਰਨ ਦੀ ਆਸ ਲਗਾ ਕੇ ਬੈਠੇ ਜਲੰਧਰ ਦੇ ਵਿਧਾਇਕਾਂ ਦੇ ਅਰਮਾਨਾਂ 'ਤੇ ਪਾਣੀ ਫੇਰ ਸਕਦਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੇ ਪੁਰਾਣੇ ਸਾਥੀ ਤੇ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਖੇਡ ਮੰਤਰੀ ਦਾ ਸਹੀ ਹਕਦਾਰ ਕਹਿ ਦਿੱਤ। ਹਾਲਾਕਿ ਸਿੱਧੂ ਨੇ ਸਪੱਸ਼ਟ ਕਿਹਾ ਕਿ ਉਹ ਪਰਗਟ ਦੇ ਨਾਂ ਦੀ ਸਿਫਾਰਿਸ਼ ਤਾਂ ਕਰਨਗੇ ਪਰ ਇਸ 'ਤੇ ਫੈਸਲਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਨਾ ਹੈ।
ਸਿੱਧੂ ਦਾ ਕਹਿਣਾ ਸੀ ਕਿ ਪੰਜਾਬ ਦੇ 70 ਫੀਸਦੀ ਨੌਜਵਾਨ ਖਿਡਾਰੀ ਬਣਨਾ ਚਾਹੁੰਦੇ ਹਨ ਪਰ ਸੂਬੇ 'ਚ ਖਿਡਾਰੀਆਂ ਨੂੰ ਮਿਲ ਰਹੀਆਂ ਸੁਵਿਧਾਵਾਂ ਦਾ ਨਿਰੰਤਰ ਡਿੱਗਦਾ ਪੱਧਰ ਬੇਹੱਦ ਚਿੰਤਾਜਨਕ ਹੈ। ਅਜਿਹੀ ਹਾਲਤ 'ਚ ਪਰਗਟ ਇਕ ਬੇਹਤਰ ਖੇਡ ਮੰਤਰੀ ਸਾਬਿਤ ਹੋ ਸਕਦੇ ਹਨ। ਸਿੱਧੂ ਨੇ ਪਰਗਟ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਹੀਰੋ ਤਕ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਉਹ ਤਾਂ ਓਪਨਿੰਗ ਬੈਟਸਮੈਨ ਸਨ ਪਰ ਪਰਗਟ ਤਾਂ ਆਲ ਇੰਨ ਵਨ ਹੈ। ਉਹ ਜਿੱਥੇ ਡਿਫੈਂਡ ਕਰਦੇ ਸਨ ਉਥੇ ਅੱੱਗੇ ਵੱਧ ਕੇ ਗੋਲ ਵੀ ਕਰ ਦਿੰਦੇ ਸਨ ਪਰ ਸਿੱਧੂ ਦੇ ਅਜਿਹੇ ਬੋਲ ਦੋਆਬਾ ਖਾਸ ਤੌਰ 'ਤੇ ਜਲੰਧਰ ਦੇ ਵਿਧਾਇਕਾਂ ਨੂੰ ਸ਼ਾਇਦ ਰਾਸ ਨਹੀਂ ਆਉਣਗੇ। ਜ਼ਿਕਰਯੋਗ ਹੈ ਕਿ ਮਾਈਨਿੰਗ ਮਾਮਲੇ 'ਚ ਰਾਣਾ ਗੁਰਜੀਤ ਦੀ ਮੰਤਰੀ ਮੰਡਲ ਤੋਂ ਛੁੱਟੀ ਹੋ ਜਾਣ ਦੇ ਬਾਅਦ ਦੋਆਬਾ ਖੇਤਰ ਤੋਂ ਕੋਈ ਕੈਬਨਿਟ ਮੰਤਰੀ ਨਹੀਂ ਰਿਹਾ। ਜਲੰਧਰ ਦੀ ਗੱਲ ਕਰੀਏ ਤਾਂ ਵਿਧਾਇਕ ਸੁਸ਼ੀਲ ਰਿੰਕੂ, ਰਾਜਿੰਦਰ ਬੇਰੀ, ਜੂਨੀਅਰ ਅਵਤਾਰ ਹੈਨਰੀ, ਚੌਧਰੀ ਸੁਰਿੰਦਰ ਸਿੰਘ ਪਹਿਲੀ ਵਾਰ ਜਿੱਤ ਹਾਸਲ ਕਰਕੇ ਵਿਧਾਨ ਸਭਾ ਪਹੁੰਚੇ ਹਨ, ਜਦ ਕਿ ਪਰਗਟ ਸਿੰਘ ਦੂਜੀ ਵਾਰ ਵਿਧਾਇਕ ਬਣ ਚੁੱਕੇ ਹਨ।
ਪਹਿਲੀ ਵਾਰ ਉਹ ਕੈਂਟ ਹਲਕੇ ਤੋਂ ਹੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਜਿੱਤੇ ਸਨ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਉਹ ਕਾਂਗਰਸ 'ਚ ਸ਼ਾਮਲ ਹੋ ਗਏ ਸਨ ਕਿਉਂਕਿ ਮੰਤਰੀ ਮੰਡਲ ਦਾ ਵਿਸਤਾਰ ਪਿਛਲੇ ਕਈ ਮਹੀਨਿਆਂ ਤੋਂ ਲਟਕਦਾ ਆ ਰਿਹਾ ਹੈ ਤੇ ਜਲੰਧਰ ਦੇ ਸਾਰੇ ਵਿਧਾਇਕ ਆਪਣੇ-ਆਪਣੇ ਜਾਤਿ ਸਮੀਕਰਨ ਬਿਠਾ ਕੇ ਮੰਤਰੀ ਦਾ ਅਹੁਦਾ ਹਾਸਲ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਲੰਧਰ ਤੋਂ ਇਕ ਵਿਧਾਇਕ ਨੂੰ ਜ਼ਰੂਰ ਆਪਣੀ ਟੀਮ 'ਚ ਜਗ੍ਹਾ ਦੇਣਗੇ। ਹੁਣ ਸਿੱਧੂ ਵਲੋਂ ਪਰਗਟ ਦਾ ਨਾਂ ਖੁੱਲ੍ਹ ਕੇ ਲੈਣ ਤੋਂ ਬਾਅਦ ਮੰਤਰੀ ਦੇ ਅਹੁਦੇ ਦੀ ਦੌੜ ਨੂੰ ਲੈ ਕੇ ਪਰਦੇ ਦੇ ਪਿੱਛੇ ਲੜੀ ਜਾ ਰਹੀ ਲੜਾਈ ਤੇ ਕਾਂਗਰਸ 'ਚ ਧੜੇਬੰਦੀ ਵੀ ਖੁੱਲ੍ਹ ਕੇ ਸਾਹਮਣੇ ਆਉਣ ਦੀ ਸੰਭਾਵਨਾ ਬਣ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਿੱਧੂ ਵਲੋਂ ਪਰਗਟ ਦੇ ਭੱਵਿਖ 'ਤੇ ਆਉਣ ਵਾਲੀ ਕਮੇਨਟਰੀ ਆਉਣ ਵਾਲੇ ਦਿਨਾਂ 'ਚ ਕਿੰਨੀ ਸੱਚ ਹੁੰਦੀ ਹੈ।  


Related News