ਲੋਕ ਨਿਰਮਾਣ ਮੰਤਰੀ ਨੇ 22.56 ਕਰੋੜ ਦੇ 3 ਸੜਕੀ ਪ੍ਰਾਜੈਕਟਾਂ ਦੀ ਮੁਰੰਮਤ ਤੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ

Monday, Jul 31, 2023 - 04:08 PM (IST)

ਲੋਕ ਨਿਰਮਾਣ ਮੰਤਰੀ ਨੇ 22.56 ਕਰੋੜ ਦੇ 3 ਸੜਕੀ ਪ੍ਰਾਜੈਕਟਾਂ ਦੀ ਮੁਰੰਮਤ ਤੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ

ਲੁਧਿਆਣਾ (ਹਿਤੇਸ਼) : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਜ਼ਿਲ੍ਹੇ ਦੇ ਸਾਹਨੇਵਾਲ ਅਤੇ ਪਾਇਲ ਹਲਕਿਆਂ 'ਚ ਪੈਂਦੇ ਤਿੰਨ ਮਹੱਤਵਪੂਰਨ ਸੜਕੀ ਪ੍ਰਾਜੈਕਟਾਂ ਦੀ 22.56 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਮੁਰੰਮਤ ਅਤੇ ਪੁਨਰ ਨਿਰਮਾਣ ਲਈ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰਾਜੈਕਟਾਂ 'ਚ 2.37 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ-ਚੰਡੀਗੜ੍ਹ ਹਾਈਵੇਅ ਤੋਂ ਗੁਰਦੁਆਰਾ ਦੇਗਸਰ ਸਾਹਿਬ ਸੜਕ (2-ਕਿ. ਮੀ.), 13.03 ਕਰੋੜ ਰੁਪਏ ਦੀ ਲਾਗਤ ਨਾਲ ਬੀਜਾ-ਪਾਇਲ-ਜਗੇਰਾ ਸੜਕ (15.70 ਕਿਲੋਮੀਟਰ) ਅਤੇ 7.16 ਕਰੋੜ ਰੁਪਏ ਦੀ ਲਾਗਤ ਵਾਲੀ ਪਾਇਲ-ਈਸੜੂ ਸੜਕ (9.60 ਕਿਲੋਮੀਟਰ) ਸ਼ਾਮਲ ਹਨ। ਇਹ ਕੰਮ ਆਉਂਦੇ 6 ਤੋਂ 9 ਮਹੀਨਿਆਂ 'ਚ ਮੁਕੰਮਲ ਕਰ ਲਏ ਜਾਣਗੇ।

ਇਨ੍ਹਾਂ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਮੌਕੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਅਤੇ ਮਨਵਿੰਦਰ ਸਿੰਘ ਗਿਆਸਪੁਰਾ ਦੀ ਹਾਜ਼ਰੀ 'ਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ਤੋਂ ਲੈ ਕੇ ਗੁਰਦੁਆਰਾ ਦੇਗਸਰ ਸਾਹਿਬ ਤੱਕ 2 ਕਿਲੋਮੀਟਰ ਦੇ ਹਿੱਸੇ ਦੀ ਖ਼ਸਤਾ ਹਾਲਤ ਹੈ, ਜਿਸ ਕਾਰਨ ਸ਼ਰਧਾਲੂਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।  ਇਸੇ ਤਰ੍ਹਾਂ ਬੀਜਾ-ਪਾਇਲ-ਜਗੇਰਾ ਅਤੇ ਪਾਇਲ-ਈਸੜੂ ਨੂੰ ਜਾਣ ਵਾਲੀਆਂ ਸੜਕਾਂ ਜੋ ਐੱਨ. ਐੱਚ-44 ਨੂੰ ਲੁਧਿਆਣਾ-ਮਾਲੇਰਕੋਟਲਾ ਰਾਜ ਮਾਰਗ ਨਾਲ ਜੋੜਨ ਵਾਲੀਆਂ ਸੜਕਾਂ ਦਾ ਕੰਮ ਕਰਦੀਆਂ ਹਨ, ਟੋਇਆਂ ਨਾਲ ਭਰੀਆਂ ਹੋਈਆਂ ਹਨ ਅਤੇ ਇਨ੍ਹਾਂ ਦੀ ਤੁਰੰਤ ਮੁਰੰਮਤ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਸੜਕਾਂ ਦੀ ਖ਼ਸਤਾ ਹਾਲਤ ਰਾਹਗੀਰਾਂ ਲਈ ਇੱਕ ਡਰਾਉਣਾ ਸੁਫ਼ਨਾ ਬਣ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਇਨ੍ਹਾਂ ਸੜਕਾਂ ਦੇ ਨਿਰਮਾਣ ਲਈ ਲੋਕਾਂ ਵੱਲੋਂ ਵਾਰ-ਵਾਰ ਉਠਾਈ ਜਾਂਦੀ ਮੰਗ ਵੱਲ ਧਿਆਨ ਦੇਣ ਵਿੱਚ ਅਸਫ਼ਲ ਰਹੀਆਂ। ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਇੱਕ ਅਗਾਂਹਵਧੂ ਸੂਬਾ ਬਣਾਉਣ ਲਈ ਵਚਨਬੱਧ ਹੈ, ਜੋ ਹਰ ਖੇਤਰ 'ਚ ਪ੍ਰਭਾਵਸ਼ਾਲੀ ਢੰਗ ਨਾਲ ਚਲਾਏ ਜਾ ਰਹੇ ਵਿਕਾਸ ਪ੍ਰੋਜੈਕਟਾਂ ਤੋਂ ਸਪੱਸ਼ਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੜਕੀ ਢਾਂਚੇ ਨੂੰ ਪੰਜਾਬ ਦੇ ਮਿਆਰਾਂ ਦੇ ਬਰਾਬਰ ਵਿਕਸਿਤ ਕੀਤਾ ਜਾਵੇਗਾ।

ਹਰਭਜਨ ਸਿੰਘ ਈ. ਟੀ. ਓ. ਨੇ ਇਸ ਮੌਕੇ 'ਆਪ' ਸਰਕਾਰ ਦੀਆਂ ਪ੍ਰਾਪਤੀਆਂ, ਜਿਸ 'ਚ ਮੁਫ਼ਤ 600 ਯੂਨਿਟ ਬਿਜਲੀ, ਇੱਕ ਵਿਧਾਇਕ-ਇੱਕ ਪੈਨਸ਼ਨ, ਆਮ ਆਦਮੀ ਕਲੀਨਿਕ, ਨੌਜਵਾਨਾਂ ਨੂੰ 30000 ਸਰਕਾਰੀ ਨੌਕਰੀਆਂ, ਭ੍ਰਿਸ਼ਟਾਚਾਰ ਖ਼ਿਲਾਫ਼ ਜੰਗ ਅਤੇ ਕਈ ਹੋਰ ਲੋਕ ਪੱਖੀ ਲਏ ਗਏ ਫ਼ੈਸਲਿਆਂ ਦਾ ਵੀ ਜ਼ਿਕਰ ਕੀਤਾ। ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਹਰਦੀਪ ਸਿੰਘ ਮੁੰਡੀਆਂ ਨੇ ਪ੍ਰਾਜੈਕਟ ਸ਼ੁਰੂ ਕਰਵਾਉਣ ਲਈ ਮੰਤਰੀ ਦਾ ਧੰਨਵਾਦ ਕੀਤਾ।


author

Babita

Content Editor

Related News