ਵਾਇਰਲ ਆਡੀਓ 'ਤੇ ਬੁਰੇ ਫਸੇ ਮੰਤਰੀ ਫੌਜਾ ਸਿੰਘ ਸਰਾਰੀ, ਪਾਰਟੀ ਹਾਈਕਮਾਨ ਨੇ ਚੁੱਕਿਆ ਵੱਡਾ ਕਦਮ
Tuesday, Sep 13, 2022 - 03:25 PM (IST)
ਚੰਡੀਗੜ੍ਹ/ਫਿਰੋਜ਼ਪੁਰ : ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਆਵਾਜ਼ ਵਾਲੀ ਵਾਇਰਲ ਹੋਈ ਆਡੀਓ ਦੇ ਮਾਮਲੇ ਨੇ ਹੁਣ ਜ਼ੋਰ ਫੜ ਲਿਆ ਹੈ। ਇਸ ਮਾਮਲੇ 'ਚ ਆਮ ਆਦਮੀ ਪਾਰਟੀ ਹਾਈਕਮਾਨ ਨੇ ਅੰਦਰੂਨੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਕੈਬਨਿਟ ਮੰਤਰੀ ਸਰਾਰੀ ਦੇ ਓ.ਐੱਸ.ਡੀ. ਤਰਸੇਮ ਲਾਲ ਨੂੰ ਵੀ ਚੰਡੀਗੜ੍ਹ ਤਲਬ ਕੀਤੀ ਗਿਆ ਹੈ। ਇਸ ਸੰਬੰਧੀ ਗੱਲ ਕਰਦਿਆਂ ਸੋਮਵਾਰ ਨੂੰ ਤਰਸੇਮ ਲਾਲ ਨੇ ਦੱਸਿਆ ਸੀ ਕਿ ਚੰਡੀਗੜ੍ਹ ਵਿਖੇ ਹਾਈਕਮਾਨ ਵੱਲੋਂ ਮੀਟਿੰਗ ਕਰਨ ਤੋਂ ਬਾਅਦ ਹੀ ਉਹ ਅਗਲਾ ਫ਼ੈਸਲਾ ਲੈਣਗੇ। ਉਸ ਨੇ ਕਿਹਾ ਕਿ ਜੇਕਰ ਹਾਈਕਮਾਨ ਨਾਲ ਹੋਈ ਬੈਠਕ ਤੋਂ ਬਾਅਦ ਉਹ ਸੰਤੁਸ਼ਟ ਨਾ ਹੋਏ ਤਾਂ ਮੰਤਰੀ ਸਰਾਰੀ ਖ਼ਿਲਾਫ਼ ਜਿੰਨੇ ਵੀ ਸਬੂਤ ਉਸ ਕੋਲ ਹਨ, ਉਹ ਉਨ੍ਹਾਂ ਨੂੰ ਜਨਤਕ ਕਰੇਗਾ।
ਇਹ ਵੀ ਪੜ੍ਹੋ- ਬਰਨਾਲਾ ’ਚ ਤਿੰਨ ਬਦਮਾਸ਼ ਅਸਲੇ ਸਣੇ ਗ੍ਰਿਫ਼ਤਾਰ, ਵਿਦੇਸ਼ੀ ਗੈਂਗਸਟਰਾਂ ਨਾਲ ਜੁੜੀਆਂ ਤਾਰਾਂ
ਇਸ 'ਤੇ ਸਿਆਸਤ ਪੂਰੀ ਭੱਖੀ ਹੋਈ ਹੈ। ਵਾਇਰਲ ਆਡੀਓ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ 'ਤੇ ਗੱਲ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਸੀ ਕਿ ਭਗਵੰਤ ਮਾਨ ਜੀ ਸਮਾਂ ਆ ਗਿਆ ਹੈ ਕਿ ਤੁਸੀ ਜੋ ਪ੍ਰਚਾਰ ਕੀਤਾ ਸੀ , ਉਸ 'ਤੇ ਅਮਲ ਕਰੋ। ਉਨ੍ਹਾਂ ਸਵਾਲ ਕਰਦਿਆਂ ਪੁੱਛਿਆ ਕਿ ਹੁਣ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਤੋਂ ਕੌਣ ਰੋਕ ਰਿਹਾ ਹੈ। ਬੀਤੇ ਦਿਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਨੇ ਕਿਹਾ ਕਿ ਇਸ ਆਡੀਓ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ ਅਤੇ ਮੰਤਰੀ ਸਰਾਰੀ ਨੂੰ ਅਹੁਦੇ ਤੋਂ ਹਟਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਨਸ਼ੇ ਦੀ ਆਦਤ ਨੇ 32 ਸਾਲਾਂ ’ਚ ਉਜਾੜ ਦਿੱਤੇ ਕਰੋੜਾਂ ਰੁਪਏ, ਮਾਸੂਮ ਪੁੱਤ ਦੇ ਬੋਲਾਂ ਨੇ ਬਦਲ ਦਿੱਤੀ ਜ਼ਿੰਦਗੀ
ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਸਰਾਰੀ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਆਡੀਓ ਕਾਰਨ ਵਿਵਾਦਾਂ 'ਚ ਘਿਰੇ ਹੋਏ ਹਨ। ਇਸ ਆਡੀਓ 'ਚ ਮੰਤਰੀ ਆਪਣੇ ਓ.ਐੱਸ.ਡੀ. ਨਾਲ ਸੈਟਿੰਗ ਦੇ ਨਾਂ 'ਤੇ ਸੌਦੇਬਾਜ਼ੀ ਕਰਨ ਦੀ ਗੱਲ ਕਰ ਰਹੇ ਹਨ। ਇਸ 'ਤੇ ਮੰਤਰੀ ਸਰਾਰੀ ਨੇ ਬਿਆਨ ਦਿੰਦਿਆਂ ਕਿਹਾ ਸੀ ਕਿ ਇਹ ਆਵਾਜ਼ ਉਨ੍ਹਾਂ ਦੀ ਹੀ ਹੈ ਪਰ ਇਸ ਨੂੰ ਐਡਿਟ ਕਰਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਹ ਆਡੀਓ ਜੂਨ ਦੀ ਦੱਸੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।