ਕੈਬਨਿਟ ਮੰਤਰੀ ਦਾ ਐਕਸ਼ਨ! ਚਲਦੀ ਮੀਟਿੰਗ 'ਚ ਅਧਿਕਾਰੀ ਨੂੰ ਕਰ 'ਤਾ ਸਸਪੈਂਡ, ਕਈਆਂ ਨੂੰ ਨੋਟਿਸ ਜਾਰੀ

Saturday, Aug 24, 2024 - 09:47 AM (IST)

ਚੰਡੀਗੜ੍ਹ/ਮੋਗਾ (ਅੰਕੁਰ/ਗੋਪੀ): ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗਾਂ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਮੋਗਾ ਵਿਖੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਮੂਹ ਜ਼ਿਲ੍ਹਾ ਮੁਖੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਜਿੱਥੇ ਉਨ੍ਹਾਂ ਨੇ ਵਧੀਆ ਕੰਮ ਕਰਨ ਵਾਲੇ ਚਾਰ ਅਧਿਕਾਰੀਆਂ ਨੂੰ ਮੌਕੇ ’ਤੇ ਪ੍ਰਸ਼ੰਸਾ ਪੱਤਰ ਦਿੱਤੇ ਉੱਥੇ ਹੀ ਕੰਮ ਕਰਵਾਉਣ ਬਦਲੇ ਕਥਿਤ ਤੌਰ ’ਤੇ ਪੈਸੇ ਦੀ ਮੰਗ ਕਰਨ ਵਾਲੇ ਪੀ.ਐੱਸ.ਪੀ.ਸੀ.ਐੱਲ. ਦੇ ਜੇ.ਈ (ਸਬ ਡਵੀਜ਼ਨ ਬਿਲਾਸਪੁਰ) ਨੂੰ ਮੌਕੇ ’ਤੇ ਸਸਪੈਂਡ ਵੀ ਕਰ ਦਿੱਤਾ। ਇਸ ਤੋਂ ਇਲਾਵਾ ਪੀ.ਐੱਸ.ਪੀ.ਸੀ.ਐੱਲ. ਨਾਲ ਕੰਮ ਕਰਨ ਵਾਲੀ ਇਕ ਕੰਪਨੀ ਦੇ ਮੁਲਾਜ਼ਮ ਨੂੰ ਮੌਕੇ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਕਾਰਨ ਨੌਕਰੀ ਤੋਂ ਬਰਖ਼ਾਸਤ ਵੀ ਕੀਤਾ ਗਿਆ। ਇਸੇ ਤਰ੍ਹਾਂ ਵਧੀਆ ਕੰਮ ਨਾ ਕਰਨ ਵਾਲੇ ਕੁਝ ਅਧਿਕਾਰੀਆਂ ਨੂੰ ਤੁਰੰਤ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ।

ਇਹ ਖ਼ਬਰ ਵੀ ਪੜ੍ਹੋ - ਪੁਲਸ ਮੁਲਾਜ਼ਮ ਦੇ ਬੁਲਟ ਦੀ ਕੱਢ ਲਈ ਚਾਬੀ, ਕਰਨ ਲੱਗੇ ਧੱਕਾਮੁੱਕੀ; ਵੀਡੀਓ ਵਾਇਰਲ ਹੋਣ 'ਤੇ ਹੋਇਆ ਐਕਸ਼ਨ

ਦੱਸਣਯੋਗ ਹੈ ਕਿ ਮੀਟਿੰਗ ਦੌਰਾਨ ਪਿੰਡ ਬਿਲਾਸਪੁਰ ਤੋਂ ਇਕ ਪਿੰਡ ਵਾਸੀ ਨੇ ਦੋਸ਼ ਲਾਇਆ ਕਿ ਬਿਜਲੀ ਦਾ ਖੰਭਾ ਲਗਾਉਣ ਲਈ ਉਕਤ ਜੇ.ਈ ਨੇ ਨਿੱਜੀ ਕੰਪਨੀ ਦੇ ਮੁਲਾਜ਼ਮ ਰਾਹੀਂ 30 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ। ਕੈਬਨਿਟ ਮੰਤਰੀ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਮੌਕੇ ’ਤੇ ਹੀ ਕਾਰਵਾਈ ਕਰਦਿਆਂ ਜੇ.ਈ. ਨੂੰ ਸਸਪੈਂਡ ਕਰਨ ਦੇ ਨਾਲ ਹੀ ਨਿੱਜੀ ਕੰਪਨੀ ਦੇ ਮੁਲਾਜ਼ਮ ਨੂੰ ਮੌਕੇ ’ਤੇ ਨੌਕਰੀ ਤੋਂ ਬਰਖ਼ਾਸਤ ਕਰਨ ਦਾ ਹੁਕਮ ਜਾਰੀ ਕਰ ਦਿੱਤਾ।

ਸਰਕਾਰੀ ਸਕੂਲਾਂ ’ਚ ਪੜ੍ਹਾਈ ਅਤੇ ਅਨੁਸ਼ਾਸਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਕਿਹਾ ਕਿ ਉਹ ਸਾਰੇ ਐੱਸ.ਡੀ.ਐੱਮਜ਼, ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਰਾਹੀਂ ਸਾਰੇ ਸਕੂਲਾਂ ਦੀ ਅਚਨਚੇਤ ਚੈਕਿੰਗ ਜ਼ਰੂਰ ਕਰਵਾਉਣ। ਜਿੱਥੇ ਵੀ ਕੋਈ ਕਮੀ ਪੇਸ਼ੀ ਸਾਹਮਣੇ ਆਉਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇ।

ਪਾਸ ਹੋਏ ਪ੍ਰਾਜੈਕਟ ਜਲਦੀ ਚਾਲੂ ਕਰਵਾਉਣ ਦੀਆਂ ਹਿਦਾਇਤਾਂ

ਹਰਭਜਨ ਸਿੰਘ ਈ.ਟੀ.ਓ. ਨੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਜਿਹੜੇ ਪ੍ਰਾਜੈਕਟ ਪਾਸ ਹੋ ਚੁੱਕੇ ਹਨ ਉਨ੍ਹਾਂ ਨੂੰ ਜਲਦੀ ਚਾਲੂ ਕਰਵਾਇਆ ਜਾਵੇ। ਯੋਗ ਵਿਅਕਤੀਆਂ ਦੇ ਲੇਬਰ ਕਾਰਡ ਬਣਾਏ ਜਾਣ। ਪਟਵਾਰੀਆਂ ਦੀ ਰੈਸ਼ਨਲਾਈਜ਼ੇਸ਼ਨ ਕੀਤੀ ਜਾਵੇ। ਕਿਸੇ ਵੀ ਨੀਂਹ ਪੱਥਰ, ਉਦਘਾਟਨ ਅਤੇ ਲੋਕ ਭਲਾਈ ਕਾਰਜਾਂ ’ਚ ਚੁਣੇ ਹੋਏ ਨੁਮਾਇੰਦਿਆਂ ਨੂੰ ਭਰੋਸੇ ’ਚ ਜ਼ਰੂਰ ਲਿਆ ਜਾਵੇ।

ਉਨ੍ਹਾਂ ਹਿਦਾਇਤ ਕੀਤੀ ਕਿ ਸਾਰੇ ਸਕੂਲਾਂ, ਹਸਪਤਾਲਾਂ ਤੇ ਆਯੂਸ਼ ਹਸਪਤਾਲ ਦੀ ਇਮਾਰਤ ਨੂੰ ਸੋਲਰ ਊਰਜਾ ਨਾਲ ਜੋੜਿਆ ਜਾਵੇ। ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਜਾਰੀ ਕੈਂਪਾਂ ਦਾ ਲੋਕਾਂ ਨੂੰ ਲਾਭ ਦਿੱਤਾ ਜਾਵੇ। ਉਨ੍ਹਾਂ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਨੂੰ ਕਿਹਾ ਕਿ ਲੋੜ ਮੁਤਾਬਕ ਸਰਕਾਰੀ ਬੱਸ ਸੇਵਾ ਪਹਿਲ ਦੇ ਆਧਾਰ ’ਤੇ ਚਾਲੂ ਕਰਵਾਈ ਜਾਵੇ।

ਇਹ ਖ਼ਬਰ ਵੀ ਪੜ੍ਹੋ - ਧਾਕੜ ਭਾਰਤੀ ਕ੍ਰਿਕਟਰ ਵੱਲੋਂ ਸੰਨਿਆਸ ਦਾ ਐਲਾਨ! ICC ਟੂਰਨਾਮੈਂਟਸ 'ਚ ਰਿਹਾ ਹੈ ਸ਼ਾਨਦਾਰ ਪ੍ਰਦਰਸ਼ਨ

ਇਸ ਮੌਕੇ ਅਮਨਦੀਪ ਕੌਰ ਅਰੋੜਾ ਵਿਧਾਇਕਾ ਮੋਗਾ, ਮਨਜੀਤ ਸਿੰਘ ਬਿਲਾਸਪੁਰ ਵਿਧਾਇਕ ਨਿਹਾਲ ਸਿੰਘ ਵਾਲਾ, ਅੰਮ੍ਰਿਤਪਾਲ ਸਿੰਘ ਸੁਖਾਨੰਦ ਵਿਧਾਇਕ ਬਾਘਾਪੁਰਾਣਾ, ਦਵਿੰਦਰਜੀਤ ਸਿੰਘ ਲਾਡੀ ਢੋਂਸ ਵਿਧਾਇਕ ਧਰਮਕੋਟ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਜ਼ਿਲ੍ਹਾ ਪੁਲਸ ਮੁਖੀ ਡਾਕਟਰ ਅੰਕੁਰ ਗੁਪਤਾ, ਜਗਵਿੰਦਰਜੀਤ ਸਿੰਘ ਗਰੇਵਾਲ ਅਤੇ ਚਾਰੂਮਿਤਾ ਦੋਵੇਂ ਵਧੀਕ ਡਿਪਟੀ ਕਮਿਸ਼ਨਰ, ਹਰਮਨਦੀਪ ਸਿੰਘ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਦੀਪਕ ਅਰੋੜਾ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ, ਬਲਜੀਤ ਸਿੰਘ ਚਾਨੀ ਮੇਅਰ ਨਗਰ ਨਿਗਮ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News