ਸਮੁੱਚੇ ਵਿਭਾਗਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪੰਜਾਬ ਮੰਤਰੀ ਮੰਡਲ ਦਾ ਵੱਡਾ ਫੈਸਲਾ

07/15/2020 7:11:43 PM

ਚੰਡੀਗ਼ੜ੍ਹ : ਪੰਜਾਬ ਮੰਤਰੀ ਮੰਡਲ ਵੱਲੋਂ ਅੱਜ ਸਮੁੱਚੇ ਵਿਭਾਗਾਂ ਦੀ ਕਾਰਜਕੁਸ਼ਲਤਾ ਨੂੰ ਹੋਰ ਸਮਰੱਥ ਬਣਾਉਣ ਲਈ ਵੱਖ-ਵੱਖ ਨਿਯਮਾਂ ਵਿੱਚ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਵਜ਼ਾਰਤ ਨੇ 5000 ਜਾਂ ਵੱਧ ਗਰੇਡ-ਪੇਅ ਲੈਣ ਵਾਲੇ ਵਿਭਾਗੀ ਅਧਿਕਾਰੀਆਂ ਨੂੰ ਗਰੁੱਪ 'ਏ' ਸੇਵਾਵਾਂ 'ਚ ਸ਼ੁਮਾਰ ਕਰਨ ਲਈ ਪੰਜਾਬ ਕਮਿਸ਼ਨਰ ਆਫੀਸਜ਼ ਦੇ ਗਰੁੱਪ 'ਏ' ਸੇਵਾ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਪੰਜਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ 'ਤੇ ਪ੍ਰਸੋਨਲ ਵਿਭਾਗ ਵੱਲੋਂ ਪੇਸ਼ ਕੀਤੇ ਪ੍ਰਸਤਾਵ ਅਨੁਸਾਰ ਲਿਆ ਗਿਆ ਹੈ। ਕਮਿਸ਼ਨਰਾਂ ਦੇ ਦਫਤਰਾਂ (ਗਰੁੱਪ ਏ) ਸਰਵਿਸ ਨਿਯਮਾਂ 2020 ਦੇ ਬਣਨ ਨਾਲ ਹੁਣ ਇਨ੍ਹਾਂ ਅਧਿਕਾਰੀਆਂ ਦੀਆਂ ਸੇਵਾਵਾਂ ਲਈ ਜ਼ਰੂਰੀ ਸ਼ਰਤਾਂ ਲਾਗੂ ਹੋ ਜਾਣਗੀਆਂ।

ਮੰਤਰੀ ਮੰਡਲ ਵੱਲੋਂ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ (ਗਰੁੱਪ ਏ) ਸਰਵਿਸ ਨਿਯਮਾਂ 1988 ਦੇ ਨਿਯਮ 8, ਅੰਤਿਕਾ 'ਏ' ਅਤੇ 'ਬੀ' ਲਈ ਪ੍ਰਸਤਾਵਿਤ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਨਾਲ ਕਮਾਂਡੈਂਟ, ਜਨਰਲ ਹੋਮ ਗਾਰਡ ਅਤੇ ਡਾਇਰੈਕਟਰ, ਸਿਵਲ ਡਿਫੈਂਸ ਦੇ ਅਹੁਦੇ ਐਡੀਸ਼ਨਲ ਕਮਾਂਡੈਂਟ ਜਨਰਲ, ਪੰਜਾਬ ਹੋਮ ਗਾਰਡ ਅਤੇ ਐਡੀਸ਼ਨਲ ਡਾਇਰੈਕਟਰ, ਸਿਵਲ ਡਿਫੈਂਸ ਬਣ ਗਏ ਹਨ। ਇਸ ਫੈਸਲੇ ਨਾਲ ਵਿਭਾਗੀ ਅਧਿਕਾਰੀ ਕਮਾਂਡੈਂਟ ਜਨਰਲ ਦੇ ਮੌਜੂਦਾ ਤਨਖਾਹ ਸਕੇਲ ਵਿੱਚ ਐਡੀਸ਼ਨਲ ਕਮਾਂਡੈਂਟ ਜਨਰਲ ਦੇ ਪੱਧਰ ਤੱਕ ਤਰੱਕੀ ਕਰ ਸਕਣਗੇ ਅਤੇ ਕਮਾਂਡੈਂਟ ਜਨਰਲ ਦੀਆਂ ਸ਼ਕਤੀਆਂ ਦੀ ਵਰਤੋਂ ਡੀ.ਜੀ.ਪੀ ਹੋਮ ਗਾਰਡਜ਼ ਅਤੇ ਡਾਇਰੈਕਟਰ ਸਿਵਲ ਡਿਫੈਂਸ ਵੱਲੋਂ ਵਰਤੀਆਂ ਜਾ ਸਕਣਗੀਆਂ।

ਪੰਜਾਬ ਵਜ਼ਾਰਤ ਵੱਲੋਂ ਪੰਜਾਬ ਜੂਡੀਸ਼ੀਅਲ ਸੇਵਾ ਨਿਯਮਾਂ 2007 ਦੇ ਨਿਯਮ 14 (2) ਵਿਚ ਤਰਮੀਮਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਸੋਧ ਅਨੁਸਾਰ ਬਾਰ ਕੌਂਸਲ ਵਿਚੋਂ ਸਿੱਧੀ ਭਰਤੀ ਰਾਹੀਂ ਸੂਬੇ ਦੀਆਂ ਉਪਰਲੀਆਂ ਜੂਡੀਸ਼ੀਅਲ ਸੇਵਾਵਾਂ ਵਿੱਚ ਭਰਤੀ ਹੋਣ ਵਾਲੇ ਉਮੀਦਵਾਰ ਬਾਰ ਕੌਂਸਲ ਦੇ ਵਕੀਲਾਂ ਵਜੋਂ ਵਿਹਾਰਕ ਤਜਰਬੇ ਦੇ ਆਧਾਰ 'ਤੇ ਉਨ੍ਹਾਂ ਦੀ ਬੇਸਿਕ ਤਨਖਾਹ ਤੈਅ ਹੋਣ ਸਮੇਂ ਵਾਧੂ ਇਨਕਰੀਮੈਂਟ ਦਾ ਲਾਭ ਲੈ ਸਕਣਗੇ।

ਖਿਡਾਰੀਆਂ ਲਈ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਦੇ ਯਤਨ ਵਜੋਂ ਕੈਬਨਿਟ ਵੱਲੋਂ ਖਿਡਾਰੀ ਦੀ ਪ੍ਰੀਭਾਸ਼ਾ ਨੂੰ ਹੋਰ ਉਸਾਰੂ ਬਣਾਉਣ ਲਈ ਖਿਡਾਰੀਆਂ ਦੀ ਭਰਤੀ ਸਬੰਧੀ ਨਿਯਮਾਂ (ਦਾ ਪੰਜਾਬ ਰਿਕਰੂਟਮੈਂਟ ਆਫ ਸਪੋਰਟਸ ਪਰਸਨਜ਼ ਰੂਲਜ਼ 1988) ਦੇ ਨਿਯਮ 2 (ਡੀ) (ਏ) ਵਿੱਚ ਸੋਧ ਦਾ  ਫੈਸਲਾ ਲਿਆ ਗਿਆ। ਇਸ ਫੈਸਲੇ ਨਾਲ  ਕੌਮੀ ਖੇਡਾਂ/ਸੀਨੀਅਰ ਕੌਮੀ ਚੈਂਪੀਅਨਸ਼ਿਪਾਂ/ਮਾਨਤਾ ਵਾਲੇ ਅੰਤਰ-ਰਾਸ਼ਟਰੀ ਟੂਰਨਾਮੈਂਟਾ ਵਿੱਚ ਸੋਨੇ, ਚਾਂਦੀ ਜਾਂ ਕਾਂਸੀ ਦਾ ਤਮਗਾ ਜਿੱਤਣ ਵਾਲੇ ਖਿਡਾਰੀ ਦਰਜਾ 1 ਅਤੇ 2 ਦੀਆਂ ਅਸਾਮੀਆਂ ਦੀ ਭਰਤੀ ਲਈ ਯੋਗ ਹੋ ਜਾਣਗੇ।

ਇਸੇ ਦੌਰਾਨ ਇਕ ਹੋਰ ਫੈਸਲੇ ਵਿੱਚ ਪੰਜਾਬ ਵਜ਼ਾਰਤ ਵੱਲੋਂ ਮੁੱਖ ਇੰਜਨੀਅਰ, ਸ਼ਹਿਰੀ ਹਵਾਬਾਜ਼ੀ ਕੰਵਰਦੀਪ ਸਿੰਘ ਦੀਆਂ ਸੇਵਾਵਾਂ ਵਿੱਚ 10 ਜੂਨ, 2020 ਤੋਂ 9 ਜੂਨ, 2023 ਤੱਕ ਤਿੰਨ ਸਾਲ ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ। ਕੰਵਰਦੀਪ ਸਿੰਘ ਦੀਆਂ ਸੇਵਾਵਾਂ ਵਿੱਚ ਇਹ ਵਾਧਾ ਵੀ.ਵੀ.ਆਈ.ਪੀ  ਦੀਆਂ ਹਵਾਈ ਉਡਾਨਾਂ ਦੀ ਸੁਰੱਖਿਆ ਦੀਆਂ ਜ਼ਰੂਰਤਾਂ ਅਤੇ ਪੰਜਾਬ ਸਰਕਾਰ ਦੇ ਬੈੱਲ 429 ਹੈਲੀਕਾਪਟਰ ਦੇ ਰੱਖ-ਰਖਾਅ ਦੀ ਨਿਗਰਾਨੀ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ।


Deepak Kumar

Content Editor

Related News