ਮੰਤਰੀ ਮੰਡਲ ਦੀ ਐਡਵਾਇਜ਼ਰੀ : ਕੈਮਿਸਟਾਂ ਤੇ ਕਰਿਆਨੇ ਦੀਆਂ ਦੁਕਾਨਾਂ ਰਹਿਣਗੀਆਂ ਖੁੱਲ੍ਹੀਆਂ

Tuesday, Mar 17, 2020 - 11:40 PM (IST)

ਮੰਤਰੀ ਮੰਡਲ ਦੀ ਐਡਵਾਇਜ਼ਰੀ : ਕੈਮਿਸਟਾਂ ਤੇ ਕਰਿਆਨੇ ਦੀਆਂ ਦੁਕਾਨਾਂ ਰਹਿਣਗੀਆਂ ਖੁੱਲ੍ਹੀਆਂ

ਚੰਡੀਗੜ੍ਹ,(ਰਮਨਜੀਤ)- ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਭਾਰਤ ਸਰਕਾਰ ਵਲੋਂ ਜਾਰੀ ਐਡਵਾਈਜ਼ਰੀ ਨੂੰ ਧਿਆਨ 'ਚ ਰੱਖਦਿਆਂ, ਮੰਤਰੀ ਸਮੂਹ ਨੇ ਅੱਜ ਜਨਤਕ ਇਕੱਠ ਨੂੰ ਰੋਕਣ ਲਈ ਕਈ ਹੋਰ ਸਖ਼ਤ ਕਦਮ ਚੁੱਕੇ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਸਮੂਹ ਦੀ ਮੀਟਿੰਗ 'ਚ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਅਧਿਕਾਰ ਖੇਤਰ ਵਿਚਲੇ ਸਾਰੇ ਰੈਸਟੋਰੈਂਟਾਂ, ਹੋਟਲਾਂ, ਢਾਬਿਆਂ ਅਤੇ ਫੂਡ ਕੋਰਟਾਂ 'ਚ ਹੈਂਡ ਵਾਸ਼ਿੰਗ ਪ੍ਰੋਟੋਕੋਲ ਲਾਗੂ ਕਰਨ ਅਤੇ ਜਿਸ ਜਗ੍ਹਾ ਨੂੰ ਵੱਧ ਲੋਕ ਛੂੰਹਦੇ ਹਨ, ਉਨ੍ਹਾਂ ਥਾਵਾਂ ਦੀ ਢੁੱਕਵੀਂ ਸਫ਼ਾਈ ਤੋਂ ਇਲਾਵਾ ਵਿਅਕਤੀਆਂ ਅਤੇ ਟੇਬਲਾਂ ਵਿਚਕਾਰ 1 ਮੀਟਰ ਦੀ ਦੂਰੀ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ।

ਸੂਬੇ ਦੇ ਹੋਰ ਸਾਰੇ ਜਨਤਕ ਅਦਾਰੇ ਬੰਦ ਰਹਿਣਗੇ ਪਰ ਮਾਲਜ਼ ਵਿਚਲੀਆਂ ਕੈਮਿਸਟਾਂ ਅਤੇ ਕਰਿਆਨੇ ਦੀਆਂ ਦੁਕਾਨਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਇਸੇ ਤਰ੍ਹਾਂ ਲੋਕਾਂ ਨੂੰ ਇਕ ਥਾਂ 'ਤੇ ਇਕੱਠੇ ਹੋਣ ਤੋਂ ਰੋਕਣ ਲਈ ਸੂਬੇ ਦੀਆਂ ਸਾਰੀਆਂ ਸਥਾਨਕ ਹਫ਼ਤਾਵਾਰੀ ਕਿਸਾਨ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਮੰਤਰੀ ਸਮੂਹ ਨੇ ਲੋਕਾਂ ਦੀ ਸਹੂਲਤ ਲਈ ਰੇਹੜੀ ਵਾਲਿਆਂ ਨੂੰ ਗਲੀ/ਮੁਹੱਲਿਆਂ 'ਚ ਸਬਜ਼ੀ ਵੇਚਣ ਦੀ ਆਗਿਆ ਦੇ ਦਿੱਤੀ ਹੈ। ਮੰਤਰੀ ਸਮੂਹ ਨੇ ਸਕੂਲ ਸਿੱਖਿਆ ਵਿਭਾਗ ਅਤੇ ਨਿੱਜੀ ਵਿੱਦਿਅਕ ਸੰਸਥਾਵਾਂ ਦੇ ਪ੍ਰਬੰਧਕੀ ਅਦਾਰਿਆਂ ਨੂੰ ਵੀ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਜੇ ਪ੍ਰੀਖਿਆਵਾਂ ਕਰਵਾਉਣ ਦੀ ਸਖਤ ਲੋੜ ਹੈ ਤਾਂ ਉਹ ਸੰਸਥਾਵਾਂ ਅਤੇ ਸਕੂਲ ਜ਼ਿਲਾ ਪ੍ਰਸ਼ਾਸਨ ਨੂੰ ਸੂਚਿਤ ਕਰਨਗੇ ਅਤੇ ਇਹ ਵੀ ਯਕੀਨੀ ਬਣਾਉਣਗੇ ਕਿ ਦੋ ਵਿਦਿਆਰਥੀਆਂ ਵਿਚਕਾਰ ਇਕ ਮੀਟਰ ਦੀ ਦੂਰੀ ਰੱਖੀ ਜਾਵੇ। ਮੰਤਰੀ ਸਮੂਹ ਨੇ ਸੂਬੇ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਨਿਰਧਾਰਤ ਦਵਾਈਆਂ ਦੀ ਉਪਲੱਬਧਤਾ ਅਤੇ ਮਹੱਤਵਪੂਰਨ ਸਥਾਨਾਂ 'ਤੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੀ ਤਾਇਨਾਤੀ ਦਾ ਵੀ ਜਾਇਜ਼ਾ ਲਿਆ। ਮੰਤਰੀ ਸਮੂਹ ਨੇ ਇਸ ਤੱਥ 'ਤੇ ਗੰਭੀਰਤਾ ਜ਼ਾਹਰ ਕੀਤੀ ਕਿ ਕੋਵਿਡ-19 ਨੇ ਸਾਰੇ ਯੂਰਪ 'ਚ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਯੂਰਪ ਦੇ ਸਾਰੇ ਕਾਰੋਬਾਰ, ਸਿੱਖਿਆ ਸੰਸਥਾਵਾਂ, ਧਾਰਮਿਕ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਮੀਟਿੰਗ 'ਚ ਮੰਤਰੀ ਸਮੂਹ ਦੇ ਮੈਂਬਰ ਓਮ ਪ੍ਰਕਾਸ਼ ਸੋਨੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਜ਼ੀਆ ਸੁਲਤਾਨਾ, ਬਲਬੀਰ ਸਿੰਘ ਸਿੱਧੂ, ਵਿਜੇ ਇੰਦਰ ਸਿੰਗਲਾ ਅਤੇ ਭਾਰਤ ਭੂਸ਼ਣ ਆਸ਼ੂ ਅਤੇ ਸਾਰੇ ਕੈਬਨਿਟ ਮੰਤਰੀਆਂ ਦੇ ਨਾਲ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ, ਮੈਡੀਕਲ ਸਿੱਖਿਆ ਅਤੇ ਖੋਜ ਦੇ ਪ੍ਰਮੁੱਖ ਸਕੱਤਰ ਡੀ. ਕੇ. ਤਿਵਾੜੀ, ਪੀ. ਐੱਚ. ਐੱਸ. ਸੀ. ਦੇ ਐੱਮ. ਡੀ. ਮਨਵੇਸ ਸਿੰਘ ਸਿੱਧੂ, ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਭੁਪਿੰਦਰ ਸਿੰਘ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਅਵਨੀਤ ਕੌਰ ਸ਼ਾਮਲ ਸਨ।


Related News