ਟਿਕਟ ਦਿਆਲਪੁਰਾ ਦੇ ਹਿੱਸੇ ਹੁਣ ਖੀਰਨੀਆਂ ਦੀ ਸਿਆਸੀ ਰਣਨੀਤੀ ’ਤੇ ਸਭ ਦੀਆਂ ਨਜ਼ਰਾਂ!
Saturday, Oct 31, 2026 - 04:53 PM (IST)
ਮਾਛੀਵਾੜਾ ਸਾਹਿਬ (ਟੱਕਰ) : ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿਚ ਹਲਕਾ ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਉਨ੍ਹਾਂ ਦੇ ਹਲਕੇ ਪ੍ਰਤੀ ਕੀਤੇ ਵਧੀਆ ਕੰਮਾਂ ਨੂੰ ਦੇਖਦਿਆਂ ਦੁਬਾਰਾ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਦੂਸਰੇ ਪਾਸੇ ਪਿਛਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ‘ਆਪ’ ਵਿਚ ਸ਼ਾਮਲ ਹੋਏ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਵੀ ਟਿਕਟ ਦੇ ਇਛੁੱਕ ਸਨ ਪਰ ਉਨ੍ਹਾਂ ਨੂੰ ਸਰਕਾਰ ਬਣਨ ’ਤੇ ਕੋਈ ਯੋਗ ਸਨਮਾਨਿਤ ਅਹੁਦਾ ਦੇ ਕੇ ਨਿਵਾਜੇ ਜਾਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਕਾਰਨ ਉਨ੍ਹਾਂ ਵਿਧਾਇਕ ਦਿਆਲਪੁਰਾ ਦੀ ਚੋਣਾਂ ਦੌਰਾਨ ਡੱਟ ਕੇ ਮੱਦਦ ਕੀਤੀ। 2022 ਤੋਂ ਲੈ ਕੇ 2027 ਤੱਕ 5 ਸਾਲਾਂ ਕਾਰਜਕਾਲ ਦੌਰਾਨ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੂੰ ਪਾਰਟੀ ਵਿਚ ਕੋਈ ਵੀ ਸਨਮਾਨ ਯੋਗ ਅਹੁਦਾ ਨਹੀਂ ਮਿਲਿਆ ਅਤੇ ਇਸ ਵਾਰ ਵੀ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜੇਕਰ ‘ਆਪ’ ਹਾਈਕਮਾਂਡ ਟਿਕਟ ਬਦਲਦੀ ਤਾਂ ਉਹ ਸੰਭਾਵਿਤ ਉਮੀਦਵਾਰਾਂ ਦੀ ਸੂਚੀ ਵਿਚ ਸਭ ਤੋਂ ਮੋਹਰੀ ਸਨ। ‘ਆਪ’ ਹਾਈਕਮਾਂਡ ਵਲੋਂ ਵਿਧਾਇਕ ਦਿਆਲਪੁਰਾ ’ਤੇ ਵਿਸ਼ਵਾਸ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਦੁਬਾਰਾ ਟਿਕਟ ਦਿੱਤੀ ਅਤੇ ਹੁਣ ਹਲਕਾ ਵਾਸੀਆਂ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਸਾਬਕਾ ਵਿਧਾਇਕ ਖੀਰਨੀਆਂ ਦੀ ਅਗਲੀ ਸਿਆਸੀ ਰਣਨੀਤੀ ਕੀ ਹੋਵੇਗੀ।
ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਹੱਕ ਵਿਚ ਜ਼ਬਰਦਸਤ ਲਹਿਰ ਸੀ ਜਿਸ ਕਾਰਨ ਵਿਧਾਇਕ ਦਿਆਲਪੁਰਾ ਰਿਕਾਰਡਤੋੜ 30 ਹਜ਼ਾਰ ਤੋਂ ਵੱਧ ਵੋਟਾਂ ਨਾਲ ਜੇਤੂ ਰਹੇ। ਲੋਕਾਂ ਨੇ ‘ਆਪ’ ਸਰਕਾਰ ਦੀ 5 ਸਾਲਾਂ ਕਾਰਗੁਜ਼ਾਰੀ ਦੇਖੀ ਅਤੇ ਹੁਣ ਸਰਕਾਰ ਦੀ ਕਾਰਗੁਜ਼ਾਰੀ ਦੇ ਅਧਾਰ ’ਤੇ ਹੀ ਲੋਕ ਵੋਟਾਂ ਪਾਉਣਗੇ। ਇਸ ਵਾਰ ਹਲਕਾ ਸਮਰਾਲਾ ਵਿਚ ਫਿਲਹਾਲ ਮੁਕਾਬਲਾ ਪੰਜਕੋਨਾ ਦੇਖਣ ਨੂੰ ਮਿਲ ਰਿਹਾ ਹੈ ਜਿਸ ਵਿਚ ‘ਆਪ’ ਦਾ ਮੁਕਾਬਲਾ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਅਕਾਲੀ ਦਲ ਵਾਰਿਸ ਪੰਜਾਬ ਪਾਰਟੀਆਂ ਨਾਲ ਹੋਵੇਗਾ। ਇਸ ਪੰਜਕੋਨਾ ਮੁਕਾਬਲੇ ਵਿਚ ਹਾਰ-ਜਿੱਤ ਦਾ ਅੰਤਰ ਜ਼ਿਆਦਾ ਨਹੀਂ ਹੋਵੇਗਾ, ਇਸ ਲਈ ਹਰੇਕ ਸਿਆਸੀ ਪਾਰਟੀ ਦੇ ਉਮੀਦਵਾਰ ਲਈ 1-1 ਵੋਟ ਕੀਮਤੀ ਹੋਵੇਗੀ। ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਦਾ ਪਰਿਵਾਰ 25 ਸਾਲ ਤੋਂ ਹਲਕਾ ਸਮਰਾਲਾ ਦੀ ਸਿਆਸਤ ਵਿਚ ਸਰਗਰਮ ਹੈ ਅਤੇ ਉਨ੍ਹਾਂ ਦਾ ਹਲਕੇ ਅੰਦਰ ਚੰਗਾ ਅਧਾਰ ਵੀ ਹੈ। ਜੇਕਰ ਸਾਬਕਾ ਵਿਧਾਇਕ ਖੀਰਨੀਆਂ ਇਸ ਵਾਰ ਵੀ ਆਮ ਆਦਮੀ ਪਾਰਟੀ ਦਾ ਸਮਰਥਨ ਕਰਦੇ ਹਨ ਤਾਂ ਇਹ ਵਿਧਾਇਕ ਦਿਆਲਪੁਰਾ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਅਤੇ ਜੇਕਰ ਉਹ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਖਫ਼ਾ ਹੋ ਕੇ ਕਿਸੇ ਹੋਰ ਸਿਆਸੀ ਪਾਰਟੀ ਦਾ ਪੱਲ੍ਹਾ ਫੜਦੇ ਹਨ ਤਾਂ ਹਲਕਾ ਸਮਰਾਲਾ ਦੀ ਸਿਆਸਤ ਦੇ ਸਮੀਰਕਨ ਕੁਝ ਵੀ ਹੋ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਵਲੋਂ ਪਰਮਜੀਤ ਸਿੰਘ ਢਿੱਲੋਂ ਨੂੰ ਪਹਿਲਾਂ ਹੀ ਉਮੀਦਵਾਰ ਐਲਾਨ ਦਿੱਤਾ ਹੈ, ‘ਆਪ’ ਵਲੋਂ ਜਗਤਾਰ ਸਿੰਘ ਦਿਆਲਪੁਰਾ ਮੈਦਾਨ ਵਿਚ ਆ ਗਏ ਹਨ ਜਿਸ ਕਾਰਨ ਸਿਆਸੀ ਅਖਾੜਾ ਕੁਝ-ਕੁਝ ਭਖਦਾ ਨਜ਼ਰ ਆ ਰਿਹਾ ਹੈ। ਬਾਕੀ ਸਾਬਕਾ ਵਿਧਾਇਕ ਖੀਰਨੀਆਂ ਅਤੇ ਉਨ੍ਹਾਂ ਦੇ ਸਮਰਥਕ ਕੀ ਸਿਆਸੀ ਫੈਸਲਾ ਲੈਂਦੇ ਹਨ ਉਸ ਤੋਂ ਬਾਅਦ ਸਿਆਸਤ ਹੋਰ ਗਰਮਾ ਜਾਵੇਗੀ।
