ਸੀ. ਏ. ਏ. ''ਤੇ ਕੈਪਟਨ ਅਮਰਿੰਦਰ ਸਿੰਘ ਦੀ ਕੇਂਦਰ ਨੂੰ ਚਿਤਾਵਨੀ
Wednesday, Jan 08, 2020 - 06:43 PM (IST)
ਚੰਡੀਗੜ੍ਹ/ਜਲੰਧਰ (ਧਵਨ) : ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਕੇਂਦਰ ਵਲੋਂ ਸੀ. ਏ. ਏ. ਨੂੰ ਹਰ ਕੀਮਤ 'ਤੇ ਲਾਗੂ ਕਰਨ ਦੀ ਦਿੱਤੀ ਗਈ ਕਥਿਤ ਧਮਕੀ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਕਿਹਾ ਕਿ ਭਾਜਪਾ ਨੂੰ ਸੀ.ਏ.ਏ. ਨੂੰ ਲੈ ਕੇ ਭਾਰੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਜਿਹੜਾ ਵੀ ਲੋਕਾਂ ਵਲੋਂ ਚੁਣੀ ਹੋਈ ਸਰਕਾਰ ਦੀ ਆਵਾਜ਼ ਨੂੰ ਨਹੀਂ ਸੁਣਦਾ, ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਹੈ। ਕੇਂਦਰ ਦੀ ਭਾਜਪਾ ਸਰਕਾਰ ਖਤਰਨਾਕ ਫਾਸੀਵਾਦੀ ਪ੍ਰਣਾਲੀ 'ਤੇ ਚਲਦੀ ਹੋਈ ਦੇਸ਼ ਨੂੰ ਇਕ ਖਤਰਨਾਕ ਮੋੜ 'ਤੇ ਲਿਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤਕ ਮੇਰੀ ਸਰਕਾਰ ਦਾ ਸਬੰਧ ਹੈ, ਮੈਂ ਪੰਜਾਬ 'ਚ ਕਿਸੇ ਵੀ ਕੀਮਤ 'ਤੇ ਗੈਰ-ਸੰਵਿਧਾਨਕ ਅਤੇ ਵੰਡ ਪਾਊ ਕਾਨੂੰਨ ਨੂੰ ਲਾਗੂ ਨਹੀਂ ਕਰਾਂਗਾ। ਭਾਜਪਾ ਦੇ ਨੇਤਾ ਇਸ ਸਬੰਧੀ ਦਬਾਅ ਨਹੀਂ ਪਾ ਸਕਦੇ। ਕਾਂਗਰਸ ਅਤੇ ਉਹ ਖੁਦ ਵੀ ਪਾਕਿਸਤਾਨ ਤੋਂ ਆਏ ਸਿੱਖਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੇ ਜਾਣ ਦੇ ਵਿਰੁੱਧ ਨਹੀਂ ਹਨ ਪਰ ਦੇਸ਼ 'ਚ ਸੀ.ਏ.ਏ. ਨੂੰ ਲੈ ਕੇ ਜਿਹੜੀਆਂ ਵਿਤਕਰੇ ਭਰੀਆਂ ਨੀਤੀਆਂ ਸਾਹਮਣੇ ਆ ਰਹੀਆਂ ਹਨ, ਉਹ ਮੁਸਲਮ ਭਾਈਚਾਰੇ ਅੰਦਰ ਵੱਖਵਾਦ ਭਾਵਨਾ ਪੈਦਾ ਕਰ ਸਕਦੀਆਂ ਹਨ।
ਕੈਪਟਨ ਨੇ ਕਿਹਾ ਕਿ ਵਾਦ-ਵਿਵਾਦ ਵਾਲੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਲੋਕਾਂ ਅੰਦਰ ਪਾਏ ਜਾ ਰਹੇ ਰੋਸ ਦੇ ਬਾਵਜੂਦ ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ ਨੇ ਇਸ ਗੈਰ-ਸੰਵਿਧਾਨਕ ਕਾਨੂੰਨ ਨੂੰ ਵਾਪਸ ਲੈਣ ਤੋਂ ਨਾਂਹ ਕੀਤੀ ਹੈ। ਚੌਹਾਨ ਵੀ ਗਲਤ ਰਾਹ 'ਤੇ ਤੁਰ ਪਏ ਹਨ। ਬਿਆਨਬਾਜ਼ੀ ਕਰਦੇ ਸਮੇਂ ਉਹ ਆਪਣੇ ਬਿਆਨਾਂ 'ਤੇ ਧਿਆਨ ਨਹੀਂ ਦੇ ਰਹੇ ਹਨ। ਹੋਰਨਾਂ ਭਾਜਪਾ ਆਗੂਆਂ ਵਾਂਗ ਚੌਹਾਨ ਨੂੰ ਵੀ ਸੀ.ਏ.ਏ. ਦੇ ਮਾੜੇ ਨਤੀਜਿਆਂ ਬਾਰੇ ਕੋਈ ਜਾਣਕਾਰੀ ਨਹੀਂ। ਚੌਹਾਨ ਨੂੰ ਇਹ ਵੀ ਨਹੀਂ ਪਤਾ ਕਿ ਉਹ ਕੀ ਕਹਿ ਰਹੇ ਹਨ। ਉਨ੍ਹਾਂ ਸੰਸਦ ਵੱਲੋਂ ਪਾਸ ਕਾਨੂੰਨ ਦਾ ਅਧਿਐਨ ਵੀ ਨਹੀਂ ਕੀਤਾ ਹੈ।
ਇਸ ਤੋਂ ਬਾਅਦ ਹੀ ਦੇਸ਼ 'ਚ ਲੋਕਾਂ ਅੰਦਰ ਗੁੱਸੇ ਦੀ ਭਾਵਨਾ ਵਧੀ। ਸ਼ਾਇਦ ਚੌਹਾਨ ਇਹ ਸਮਝਦੇ ਹਨ ਕਿ ਲੱਖਾਂ ਦੀ ਗਿਣਤੀ 'ਚ ਗੋਲੀਆਂ ਅਤੇ ਲਾਠੀਆਂ ਦਾ ਸਾਹਮਣਾ ਕਰਨ ਵਾਲੇ ਨੌਜਵਾਨ ਅਤੇ ਵਿਦਿਆਰਥੀਆਂ ਨੂੰ ਕਾਂਗਰਸ ਦੀ ਹਮਾਇਤ ਹਾਸਲ ਹੈ। ਦਿਖਾਵਾ ਕਰ ਰਹੇ ਲੋਕਾਂ ਦੀ ਆਵਾਜ਼ ਸੁਣਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਭਾਜਪਾ ਨੇਤਾ ਤਿਆਰ ਨਹੀਂ ਹਨ। ਦੇਸ਼ ਦੇ ਲੋਕ ਜੋ ਕੁਝ ਦੇਖ ਰਹੇ, ਉਸ ਨੂੰ ਚੌਹਾਨ ਅਤੇ ਹੋਰ ਭਾਜਪਾ ਆਗੂ ਨਹੀਂ ਦੇਖ ਰਹੇ।