ਸੀ. ਆਈ. ਏ. ਸਟਾਫ ਦੇ 3 ਹੌਲਦਾਰ ਗ੍ਰਿਫਤਾਰ, ਸਸਪੈਂਡ, ਭੇਜੇ ਜੇਲ

Saturday, Jul 07, 2018 - 03:44 AM (IST)

ਸੀ. ਆਈ. ਏ. ਸਟਾਫ ਦੇ 3 ਹੌਲਦਾਰ ਗ੍ਰਿਫਤਾਰ, ਸਸਪੈਂਡ, ਭੇਜੇ ਜੇਲ

ਅੰਮ੍ਰਿਤਸਰ, (ਸੰਜੀਵ)- ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੇ ਬਾਹਰ ਖਿਡੌਣੇ ਵੇਚਣ ਵਾਲੇ ਨੂੰ ਅਪਰਾਧਿਕ ਪਰਚਾ ਦਰਜ ਕਰਵਾਉਣ ਦਾ ਡਰ ਦਿਖਾ ਕੇ ਉਸ ਦੇ ਬੈਗ ’ਚੋਂ ਜਬਰੀ 23 ਹਜ਼ਾਰ ਰੁਪਏ ਕੱਢਣ ਵਾਲੇ ਸੀ. ਆਈ. ਏ. ਸਟਾਫ ਦੇ ਹੌਲਦਾਰ ਪਰਮਜੀਤ ਸਿੰਘ, ਹੌਲਦਾਰ ਮੁਸ਼ਤਾਕ ਮਸੀਹ ਤੇ ਹੌਲਦਾਰ ਰਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਥਾਣਾ ਕੋਤਵਾਲੀ ਦੀ ਪੁਲਸ ਨੇ ਉਕਤ ਤਿੰਨਾਂ ਹੌਲਦਾਰਾਂ ਵਿਰੁੱਧ ਖਿਡੌਣੇ ਵੇਚਣ ਵਾਲੇ ਸ਼ੀਸ਼ ਕੁਮਾਰ ਦੀ ਸ਼ਿਕਾਇਤ ’ਤੇ ਭਾਰਤੀ ਦੰਡਾਵਲੀ ਦੀ ਧਾਰਾ 384 ਤੇ 385 ਅਧੀਨ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ ਕੇਂਦਰੀ ਜੇਲ ਭੇਜ ਦਿੱਤਾ ਹੈ। ਤਿੰਨਾਂ ਹੌਲਦਾਰਾਂ ਨੂੰ ਡਿਊਟੀ ਤੋਂ ਸਸਪੈਂਡ ਕਰ ਕੇ ਮਹਿਕਮੇ ਨੇ ਜਾਂਚ ਖੋਲ੍ਹ ਦਿੱਤੀ ਹੈ। ਦੋਸ਼ੀਆਂ ਨੇ ਰਾਜਸਥਾਨ ਦੇ ਜ਼ਿਲਾ ਰਾਜਗਡ਼੍ਹ ਦੇ ਪਿੰਡ ਬੋਹਾਡ਼ੀ ਦੇ ਰਹਿਣ ਵਾਲੇ ਸ਼ੀਸ਼ ਕੁਮਾਰ ਨੂੰ ਨੁਕਸਾਨ ਦਾ ਡਰ ਦਿਖਾ ਕੇ ਹਜ਼ਾਰਾਂ ਰੁਪਏ ਦੀ ਜਬਰੀ ਵਸੂਲੀ ਕੀਤੀ ਸੀ। ਸ਼ੀਸ਼ ਕੁਮਾਰ ਗੁਰਦੁਆਰਾ ਸਾਹਿਬ ਦੇ ਬਾਹਰ ਖਿਡੌਣੇ ਵੇਚ ਕੇ ਆਪਣੀ ਰੋਜ਼ੀ-ਰੋਟੀ ਕਮਾ ਰਿਹਾ ਸੀ।  
ਕੀ ਸੀ ਮਾਮਲਾ : ਸ਼ੀਸ਼ ਕੁਮਾਰ ਕੁਝ ਦਿਨ ਪਹਿਲਾਂ ਰਾਜਸਥਾਨ ਤੋਂ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਅੰਮ੍ਰਿਤਸਰ ਆਇਆ ਸੀ ਅਤੇ ਇਥੇ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਘੁੰਮ ਕੇ ਖਿਡੌਣੇ ਵੇਚਣ ਦਾ ਕੰਮ ਕਰ ਰਿਹਾ ਸੀ। ਉਹ ਗੁ. ਬਾਬਾ ਅਟੱਲ ਰਾਏ ਸਾਹਿਬ ਦੇ ਬਾਹਰ ਬੈਠ ਕੇ ਖਿਡੌਣੇ ਵੇਚਦਾ ਸੀ ਅਤੇ ਉਸ ਨੇ ਖਿਡੌਣਿਆਂ ਦੇ 23 ਹਜ਼ਾਰ ਰੁਪਏ ਵੱਖਰੇ ਆਪਣੇ ਬੈਗ ਵਿਚ ਰੱਖੇ ਹੋਏ ਸਨ, ਜਿਸ ਨਾਲ ਉਸ ਨੇ ਦਿੱਲੀ ਜਾ ਕੇ ਹੋਰ ਖਿਡੌਣੇ ਲੈ ਕੇ ਆਉਣੇ ਸਨ। ਅੱਜ ਤਿੰਨੇ ਹੌਲਦਾਰ ਉਸ ਕੋਲ ਆਏ ਤੇ ਉਸ ਨੂੰ ਧਮਕਾਉਣ ਲੱਗੇ ਕਿ ਉਹ ਚੋਰੀ  ਦੇ ਮੋਬਾਇਲ ਵੇਚਦਾ ਹੈ। ਸਾਦੀ ਵਰਦੀ ਵਿਚ ਤਿੰਨਾਂ ਹੌਲਦਾਰਾਂ ਦੀ ਇਹ ਗੱਲ ਸੁਣ ਕੇ ਸ਼ੀਸ਼ ਕੁਮਾਰ ਦੇ ਪੈਰ ਥੱਲਿਓਂ  ਜ਼ਮੀਨ ਖਿਸਕ ਗਈ। ਹੌਲਦਾਰ ਉਸ ਨੂੰ ਹੋਰ ਧਮਕਾਉਂਦੇ ਰਹੇ ਤੇ ਉਨ੍ਹਾਂ ’ਚੋਂ ਇਕ ਨੇ ਜਦੋਂ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਦੇ ਹੱਥ 23 ਹਜ਼ਾਰ ਰੁਪਏ ਦੀ ਨਕਦੀ ਲੱਗ ਗਈ, ਜਿਸ ਨੂੰ ਸੀ. ਆਈ. ਏ. ਸਟਾਫ ਦੇ ਤਿੰਨਾਂ ਹੌਲਦਾਰਾਂ ਨੇ ਆਪਣੇ ਕਬਜ਼ੇ ਵਿਚ ਲਿਆ ਤੇ ਸ਼ੀਸ਼ ਕੁਮਾਰ ’ਤੇ ਪਰਚਾ ਦਰਜ ਕਰਨ ਦਾ ਡਰ ਦਿਖਾਇਆ। ਜਦੋਂ ਹੌਲਦਾਰ ਪੈਸੇ ਲੈ ਕੇ ਚਲੇ ਗਏ ਤਾਂ ਸ਼ੀਸ਼ ਕੁਮਾਰ ਗਲਿਆਰਾ ਚੌਕੀ ਪੁੱਜਾ, ਜਿਥੇ ਉਸ ਨੇ ਪੂਰੀ ਗੱਲ ਚੌਕੀ ਇੰਚਾਰਜ  ਅੱਗੇ ਰੱਖੀ। ਜਦੋਂ ਘਟਨਾ ਸਥਾਨ ’ਤੇ ਜਾ ਕੇ ਜਾਂਚ ਕੀਤੀ ਗਈ ਤਾਂ ਉਥੇ ਲੱਗੇ ਇਕ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਏ ਤਿੰਨਾਂ ਹੌਲਦਾਰਾਂ ਦੀ ਜਬਰੀ ਵਸੂਲੀ ਦੀ ਇਸ ਹਰਕਤ ਨੂੰ ਦੇਖਿਆ ਤਾਂ ਪੁਲਸ ਅਧਿਕਾਰੀ ਹੈਰਾਨ ਹੋ ਗਏ। ਮਾਮਲਾ ਸਾਫ਼ ਹੋ ਜਾਣ ’ਤੇ ਪੁਲਸ ਨੂੰ ਤਿੰਨਾਂ ਹੌਲਦਾਰਾਂ ਵਿਰੁੱਧ ਜਬਰੀ ਵਸੂਲੀ ਦਾ ਪਰਚਾ ਦਰਜ ਕਰਨਾ ਪਿਆ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਬਿਨਾਂ ਕੋਈ ਰਿਮਾਂਡ ਦੇ ਜੇਲ ਭੇਜ ਦਿੱਤਾ ਗਿਆ।  
ਡਰਿਆ ਹੋਇਆ ਸ਼ੀਸ਼ ਕੁਮਾਰ ਜਾ ਰਿਹਾ ਆਪਣੇ ਪਿੰਡ  : ਪੁਲਸ ਵਿਭਾਗ ਦੇ 3 ਹੌਲਦਾਰਾਂ ਨੇ ਖਿਡੌਣੇ ਵੇਚਣ ਵਾਲੇ ਨੂੰ ਇਸ ਕਦਰ ਡਰਾ ਦਿੱਤਾ ਕਿ ਹੁਣ ਉਹ ਆਪਣੇ ਪਿੰਡ ਵਾਪਸ ਜਾ ਰਿਹਾ ਹੈ। ਵਾਰ-ਵਾਰ ਸ਼ੀਸ਼ ਕੁਮਾਰ ਇਹੀ ਕਹਿ ਰਿਹਾ ਸੀ ਕਿ ਉਸ ਨੇ ਪੁਲਸ ਕਰਮਚਾਰੀਆਂ ’ਤੇ ਕੋਈ ਪਰਚਾ ਨਹੀਂ ਦਰਜ ਕਰਵਾਇਆ, ਉਹ ਇਕ ਗਰੀਬ ਆਦਮੀ ਹੈ, ਉਸ ਨੂੰ ਉਸ ਦੇ ਪੈਸੇ ਵਾਪਸ ਮਿਲ ਗਏ ਹਨ ਤੇ ਹੁਣ ਉਹ ਕਦੇ ਵੀ ਅੰਮ੍ਰਿਤਸਰ  ਵੱਲ ਮੁੂੰਹ ਨਹੀਂ ਕਰੇਗਾ।  
 ਘਰ ਦੇ ਭਾਗ ਡਿਓਢੀਓਂ ਨਜ਼ਰ ਆਉਂਦੇ ਨੇ ਹੌਲਦਾਰਾਂ ਵੱਲੋਂ ਕੀਤੀ ਗਈ ਜਬਰਨ ਵਸੂਲੀ ਨੇ ਦਿਖਾਇਆ ਸੀ. ਆਈ. ਏ. ਦਾ ਚਿਹਰਾ 
 3 ਹੌਲਦਾਰਾਂ ਵੱਲੋਂ ਖਿਡੌਣੇ ਵੇਚਣ ਵਾਲੇ ਗਰੀਬ ਸ਼ੀਸ਼ ਕੁਮਾਰ ਤੋਂ 23 ਹਜ਼ਾਰ ਰੁਪਏ ਦੀ ਵਸੂਲੀ ਰਾਸ਼ੀ ਨੇ ਜਿਥੇ ਸੀ. ਆਈ. ਏ. ਸਟਾਫ ਦਾ ਚਿਹਰਾ ਦਿਖਾ ਦਿੱਤਾ, ਉਥੇ ਹੀ ਉਨ੍ਹਾਂ ਦੀ ਇਸ ਹਰਕਤ ਨੇ ਕਹਾਵਤ ‘ਘਰ ਦੇ ਭਾਗ ਡਿਓਢੀਓਂ ਨਜ਼ਰ ਆਉਂਦੇ ਨੇ’ ਵੀ ਸੱਚ ਸਾਬਿਤ ਕਰ ਦਿੱਤੀ ਹੈ। ਜੇਕਰ ਸੀ. ਆਈ. ਏ. ਸਟਾਫ ਦੇ ਹੌਲਦਾਰ ਇਕ ਖਿਡੌਣੇ ਵੇਚਣ ਵਾਲੇ ’ਤੇ ਝੂਠਾ ਪਰਚਾ ਦਰਜ ਕਰਵਾਉਣ ਦੀ ਧੌਂਸ ਦਿਖਾ ਕੇ ਹਜ਼ਾਰਾਂ ਰੁਪਏ ਵਸੂਲ ਕੇ ਲੈ ਗਏ ਤਾਂ ਸਟਾਫ ਦੇ ਅਧਿਕਾਰੀਆਂ ਅਤੇ ਹੋਰ ਕਰਮਚਾਰੀਆਂ ’ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ। ਅੱਜ ਦੀ ਇਸ ਘਟਨਾ ’ਤੇ ਹਰ ਪੁਲਸ ਅਧਿਕਾਰੀ ਨੇ ਚੁੱਪ ਸਾਧੀ ਹੋਈ ਹੈ, ਜੋ ਸੀ. ਆਈ. ਏ. ਸਟਾਫ ਵਿਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਸੰਕੇਤ ਦੇ ਰਹੀ ਹੈ। ਕੋਈ ਵੀ ਅਧਿਕਾਰੀ ਫੋਨ ’ਤੇ ਇਸ ਘਟਨਾ ਦੀ ਪੁਸ਼ਟੀ ਤੱਕ ਕਰਨ ਨੂੰ ਤਿਆਰ ਨਹੀਂ ਸੀ। ਜੇਕਰ ਇਹੀ ਵਾਰਦਾਤ ਕਿਸੇ ਆਮ ਵਿਅਕਤੀ ਵੱਲੋਂ ਕੀਤੀ ਗਈ ਹੁੰਦੀ ਤਾਂ ਪੁਲਸ ਨੇ ਕਈ ਤਰ੍ਹਾਂ ਦੇ ਵੱਡੇ ਖੁਲਾਸੇ ਦੇ ਕੇ ਆਪਣੀ ਪਿੱਠ ਥਪਥਪਾਉਣੀ ਸੀ,  ਫਿਰ ਇਹ ਦੋਹਰਾ ਮਾਪਦੰਡ ਕਿਉਂ? ਕਿਉਂ ਨਹੀਂ ਵਿਭਾਗ ਦੀਅਾਂ ਇਨ੍ਹਾਂ ਕਾਲੀਅਾਂ ਭੇਡਾਂ ਨੂੰ ਮੀਡੀਆ ਦੇ ਸਾਹਮਣੇ ਲਿਅਾਂਦਾ ਗਿਆ। ਇਹ ਉੱਚ ਅਧਿਕਾਰੀਆਂ ਲਈ ਇਕ ਵਿਸ਼ੇਸ਼ ਜਾਂਚ ਦਾ ਵਿਸ਼ਾ ਹੈ।
 ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਸੀ ਵਾਰਦਾਤ 
ਸੀ. ਆਈ. ਏ. ਸਟਾਫ ਦੇ ਹੌਲਦਾਰਾਂ ਦੀ ਇਹ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਸੀ ਅਤੇ ਜਿਥੇ ਸ਼ੀਸ਼ ਕੁਮਾਰ ਖਿਡੌਣੇ ਵੇਚਣ ਦੀ ਫਡ਼੍ਹੀ ਲਾਉਂਦਾ ਸੀ, ਉਸ ਦੇ ਨੇਡ਼ੇ-ਤੇਡ਼ੇ ਵੀ ਹੌਲਦਾਰਾਂ ਦੀ ਇਸ ਹਰਕਤ ਦਾ ਰੌਲਾ ਪੈ ਗਿਆ ਸੀ।  
ਕੀ ਕਹਿਣਾ ਹੈ ਪੁਲਸ ਕਮਿਸ਼ਨਰ ਦਾ?
ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਤਿੰਨਾਂ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿਰੁੱਧ ਹੁਣ ਮਹਿਕਮਾ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾਵੇਗੀ।
 


Related News