ਸੀ. ਸੀ. ਟੀ. ਵੀ. ''ਚ ਕੈਦ ਰਹੇ ਪ੍ਰੀਖਿਆ ਦੇ ਰਹੇ ਵਿਦਿਆਰਥੀ
Sunday, Mar 04, 2018 - 07:16 AM (IST)
ਪੱਟੀ, (ਸੌਰਭ, ਬੇਅੰਤ)- ਸਰਹੱਦੀ ਜ਼ਿਲਾ ਤਰਨਤਾਰਨ ਅੰਦਰ ਚੱਲ ਰਹੇ ਨਕਲ ਦੇ ਮਾਮਲੇ 'ਚ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਚੈਕਿੰਗ ਅਮਲੇ ਦੇ ਸਕੱਤਰ ਤਜਿੰਦਰ ਪਾਲ ਸਿੰਘ 'ਤੇ ਆਧਾਰਿਤ ਟੀਮ ਨੇ ਅੱਜ ਸਰਕਾਰੀ ਸੈਕੰਡਰੀ ਸਕੂਲ ਲੜਕੇ ਪੱਟੀ, ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਪੱਟੀ, ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਜੀ. ਐੱਮ. ਆਰੀਆ ਗਰਲਜ਼ ਸਕੂਲ ਪੱਟੀ ਵਿਖੇ ਚੈਕਿੰਗ ਕੀਤੀ ਤੇ ਨਕਲ ਰਹਿਤ ਚਲ ਰਹੀ 12ਵੀਂ ਕਲਾਸ ਦੇ ਪੰਜਾਬੀ ਵਿਸ਼ੇ ਦੇ ਪੇਪਰ 'ਤੇ ਸੰਤੁਸ਼ਟੀ ਜ਼ਾਹਿਰ ਕੀਤੀ।
ਇਸ ਮੌਕੇ ਚੈਕਿੰਗ ਅਮਲੇ ਦੇ ਸਕੱਤਰ ਤਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੀ ਹਦਾਇਤਾਂ 'ਤੇ ਸਰਹੱਦੀ ਜ਼ਿਲਾ ਤਰਨਤਾਰਨ ਅੰਦਰ ਵਿਦਿਆਰਥੀਆਂ ਨੂੰ ਨਕਲ ਕਰਵਾਉਣ ਦੇ ਗੋਰਖਧੰਦੇ ਨੂੰ ਖਤਮ ਕੀਤਾ ਗਿਆ ਹੈ ਤੇ ਅੱਜ ਪੂਰੇ ਅਮਨ-ਅਮਾਨ ਨਾਲ ਨਕਲ ਰਹਿਤ ਪ੍ਰੀਖਿਆ ਕਰਵਾਈ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਹਰ ਸੈਂਟਰ ਦੀ ਬਾਰੀਕੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੀ ਰਿਪੋਰਟ ਸਿੱਖਿਆ ਵਿਭਾਗ ਨੂੰ ਤੁਰੰਤ ਦਿੱਤੀ ਜਾ ਰਹੀ ਹੈ। ਇਸ ਮੌਕੇ ਸਰਕਾਰੀ ਸੈਕੰਡਰੀ ਸਕੂਲ ਲੜਕੇ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਲਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਹੁਕਮਾਂ 'ਤੇ ਸਕੂਲ ਦੇ ਪ੍ਰੀਖਿਆ ਸੈਂਟਰ ਅੰਦਰ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣ ਕਰ ਕੇ ਵਿਦਿਆਰਥੀਆਂ ਵੱਲੋਂ ਸ਼ਾਂਤਮਈ ਢੰਗ ਨਾਲ ਪੇਪਰ ਦਿੱਤੇ ਜਾ ਰਹੇ ਹਨ ਅਤੇ ਇਨ੍ਹਾਂ ਕੈਮਰਿਆਂ ਦਾ ਕੰਟਰੋਲ ਰੂਮ ਚੰਡੀਗੜ੍ਹ ਮੁੱਖ ਦਫਤਰ ਵਿਚ ਬਣਿਆ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਲੜਕੇ ਵਿਖੇ ਕੁੱਲ ਵਿਦਿਆਰਥੀ 289 ਹਨ ਤੇ 61 ਵਿਦਿਆਰਥੀ ਗੈਰ-ਹਾਜ਼ਰ ਪਾਏ ਗਏ। ਆਰੀਆ ਗਰਲਜ਼ ਸਕੂਲ ਵਿਖੇ ਕੁੱਲ ਵਿਦਿਆਰਥੀ 337 ਹਨ ਤੇ 4 ਵਿਦਿਆਰਥੀ ਗੈਰ-ਹਾਜ਼ਰ ਪਾਏ ਗਏ। ਇਸੇ ਤਰ੍ਹਾਂ ਹੀ ਡੀ. ਏ. ਵੀ ਸਕੂਲ ਵਿਖੇ ਕੁੱਲ ਵਿਦਿਆਰਥੀ 304 ਹਨ ਤੇ 5 ਗੈਰ-ਹਾਜ਼ਰ ਪਾਏ ਗਏ ਤੇ ਸਰਕਾਰੀ ਕੰਨਿਆ ਸਕੂਲ ਵਿਖੇ ਕੁੱਲ ਵਿਦਿਆਰਥੀ 170 ਹਨ ਤੇ 12 ਵਿਦਿਆਰਥੀ ਗੈਰ-ਹਾਜ਼ਰ ਪਾਏ ਗਏ। ਇਸ ਮੌਕੇ ਪੁਲਸ ਪ੍ਰਸ਼ਾਸਨ ਨੇ ਪ੍ਰੀਖਿਆ ਸੈਂਟਰਾਂ ਦੇ ਬਾਹਰ ਤੇ ਆਸ-ਪਾਸ ਸਖਤ ਸੁਰੱਖਿਆ ਪ੍ਰਬੰਧ ਕੀਤੇ ਸਨ ਤਾਂ ਕਿ ਕੋਈ ਘਟਨਾ ਨਾ ਵਾਪਰ ਸਕੇ। ਇਸ ਮੌਕੇ ਪ੍ਰਿੰਸੀਪਲ ਜਸਬੀਰ ਕੌਰ ਕੰਟਰੋਲਰ ਆਰੀਆ ਸਕੂਲ, ਪ੍ਰਿੰਸੀਪਲ ਰਜਨੀਸ਼ ਸ਼ਰਮਾ ਕੰਟਰੋਲਰ ਡੀ. ਏ. ਵੀ. ਸਕੂਲ, ਦਲਜੀਤ ਕੌਰ ਸੁਪਰਡੈਂਟ ਕੰਨਿਆ ਸਕੂਲ, ਗੌਰਵ ਮਹਿੰਦਰੂ ਕਲਰਕ, ਏ. ਐੱਸ. ਆਈ. ਸਵਿੰਦਰ ਪਾਲ ਸਿੰਘ, ਐਡੀਸ਼ਨਲ ਥਾਣਾ ਮੁਖੀ ਕਰਨਜੀਤ ਸਿੰਘ, ਐੱਚ. ਸੀ. ਰਾਜਪਾਲ ਸਿੰਘ, ਹਰਜਿੰਦਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।
