ਕੁਦਰਤ ਨਾਲ ਛੇੜਛਾੜ ਕਰ ਕੇ ਰੋਕਿਆ ਵਹਾਅ ਤਾਂ ਹੜ੍ਹ ਨੇ ਸਭ ਕੀਤਾ ਤਬਾਹ

Monday, Jul 17, 2023 - 06:47 PM (IST)

ਚੰਡੀਗੜ੍ਹ  (ਹਰੀਸ਼ਚੰਦਰ/ਦੀਪਕ ਬਾਂਸਲ) : ਪੰਜਾਬ ਦੇ ਮਾਲਵਾ ਅਤੇ ਦੋਆਬਾ ਦੇ ਸਾਰੇ ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ। ਮੋਹਾਲੀ ਤੋਂ ਲੈ ਕੇ ਫਿਰੋਜ਼ਪੁਰ ਅਤੇ ਹੁਸ਼ਿਆਰਪੁਰ ਤੋਂ ਲੈ ਕੇ ਮਾਨਸਾ ਤੱਕ ਕੋਈ ਜ਼ਿਲ੍ਹਾ ਹੜ੍ਹ ਦੀ ਮਾਰ ਤੋਂ ਅਛੂਤਾ ਨਹੀਂ ਰਿਹਾ। ਅਜੇ ਰਾਜ ਦੇ 10 ਫ਼ੀਸਦੀ ਤੋਂ ਜ਼ਿਆਦਾ ਪਿੰਡਾਂ ਵਿਚ ਹੜ੍ਹ ਦਾ ਪਾਣੀ ਹੈ। ਫਸਲਾਂ ਨੂੰ ਅਤੇ ਰਿਹਾਇਸ਼ੀ ਘਰਾਂ ਅਤੇ ਕਾਰੋਬਾਰੀ ਖੇਤਰਾਂ ਨੂੰ ਹੋਏ ਨੁਕਸਾਨ ਦਾ ਫਿਲਹਾਲ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਫਸਲਾਂ ਨੂੰ ਹੋਏ ਨੁਕਸਾਨ ਦੀ ਤਾਂ ਸਰਕਾਰ ਵਿਸ਼ੇਸ਼ ਗਿਰਦਾਵਰੀ ਕਰਵਾਏਗੀ ਜਿਸ ਤੋਂ ਬਾਅਦ ਕਿਸਾਨਾਂ ਨੂੰ ਮੁਆਵਜ਼ਾ ਮਿਲੇਗਾ ਪਰ ਘਰਾਂ ਅਤੇ ਦੁਕਾਨਾਂ ਨੂੰ ਹੋਏ ਨੁਕਸਾਨ ਦੀ ਪੂਰਤੀ ਕਿਵੇਂ ਹੋਵੇਗੀ, ਇਸ ’ਤੇ ਸਵਾਲ ਖੜ੍ਹਾ ਹੈ। ਆਦਮੀ ਨੇ ਆਪਣੀਆਂ ਇੱਛਾਵਾਂ ਦੀ ਪੂਰਤੀ ਵਿਚ ਪਹਾੜਾਂ ’ਤੇ ਕੁਦਰਤ ਦੇ ਨਾਲ ਇੰਨੀ ਛੇੜਛਾੜ ਕਰ ਦਿੱਤੀ, ਜਿਸ ਦੀ ਤ੍ਰਾਸਦੀ ਮੈਦਾਨ ’ਤੇ ਵੀ ਲੋਕ ਭੁਗਤਣ ਨੂੰ ਮਜਬੂਰ ਹਨ। ਲਗਾਤਾਰ 3 ਦਿਨ ਦੀ ਮੀਂਹ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੀਆਂ ਭਿਆਨਕ ਹੋਈਆਂ ਨਦੀਆਂ ਸਤਲੁਜ, ਬਿਆਸ ਅਤੇ ਰਾਵੀ ਨੇ ਇੰਨਾ ਕਹਿਰ ਢਾਹਿਆ ਕਿ ਪੰਜਾਬ-ਹਰਿਆਣਾ ਹੀ ਨਹੀਂ ਦਿੱਲੀ ਤੱਕ ਵੱਡਾ ਨੁਕਸਾਨ ਹੋਇਆ। ਮੀਂਹ ਨੇ ਕਰੀਬ ਪੂਰੇ ਪੰਜਾਬ-ਹਰਿਆਣਾ ਵਿਚ ਪਾਣੀ ਭਰਨ ਅਤੇ ਕਈ ਜਗ੍ਹਾ ਤਾਂ ਹੜ੍ਹ ਦੇ ਹਾਲਾਤ ਪੈਦਾ ਕਰ ਦਿੱਤੇ। 8 ਤੋਂ 10 ਜੁਲਾਈ ਤੱਕ ਪਏ ਭਾਰੀ ਮੀਂਹ ਦੇ ਕਾਰਣ ਸਤਲੁਜ, ਬਿਆਸ, ਰਾਵੀ ਅਤੇ ਘੱਗਰ ਵਰਗੀਆਂ ਪ੍ਰਮੁੱਖ ਨਦੀਆਂ ਸਮੇਤ ਸਾਰੀਆਂ ਬਰਸਾਤੀ ਨਦੀਆਂ ਊਫ਼ਾਨ ’ਤੇ ਰਹੀਆਂ। ਪੰਜਾਬ ਅਤੇ ਹਰਿਆਣਾ ਵਿਚ ਘੱਗਰ ਕਹਿਰ ਢਾਹ ਰਹੀ ਹੈ। ਪੰਜਾਬ ਵਿਚ ਹਾਲਾਂਕਿ ਘੱਟ ਪਰ ਰ ਹਰਿਆਣਾ ਵਿਚ ਘੱਗਰ ਨੇ ਖੂਬ ਤਬਾਹੀ ਮਚਾਈ ਹੋਈ ਹੈ। ਛੋਟੀ ਸੀ ਟਾਂਗਰੀ ਨਦੀ ਨੇ ਵੀ ਅੰਬਾਲਾ ਵਿਚ ਬਹੁਤ ਨੁਕਸਾਨ ਕੀਤਾ। ਉਥੇ ਹੀ ਫਿਰੋਜ਼ਪੁਰ ਅਤੇ ਆਸਪਾਸ ਦੇ ਇਲਾਕਿਆਂ ਵਿਚ ਸਤਲੁਜ ਨੇ ਕਹਿਰ ਢਾਹਿਆ ਹੈ। ਕਈ ਜਗ੍ਹਾ ਬੰਨ੍ਹ ਟੁੱਟਣ ਨਾਲ ਪਿੰਡਾਂ ਵਿਚ ਪਾਣੀ ਵੜ ਗਿਆ ਹੈ। ਖੇਤਾਂ ਵਿਚ ਫਸਲ ਨਹੀਂ, ਪਾਣੀ ਹੀ ਦਿਸ ਰਿਹਾ। ਯਮੁਨਾ ਸ਼ੂਕ ਰਹੀ ’ਤੇ ਹੈ ਅਤੇ ਦਿੱਲੀ ਤੱਕ ਮਾਰ ਕੀਤੀ ਹੈ।

ਇਹ ਵੀ ਪੜ੍ਹੋ : ਮਾਰੀਸ਼ਸ ਦੀ ਜਨਸੰਖਿਆ ਤੋਂ ਵੱਧ ਵਿਦੇਸ਼ਾਂ ’ਚ ਪੜ੍ਹ ਰਹੇ ਭਾਰਤੀ ਵਿਦਿਆਰਥੀ

ਪੇਸ਼ ਹੈ ਹਰਿਆਣਾ-ਪੰਜਾਬ ਅਤੇ ਦਿੱਲੀ ਵਿਚ ਹੜ੍ਹ ਦੇ ਕਹਰ ਨੂੰ ਪੇਸ਼ ਕਰਦੀ ਇਹ ਰਿਪੋਰਟ :

1521 ਨਹਿਰਾਂ, 14125 ਕਿਲੋਮੀਟਰ ਲੰਬਾਈ, ਪਾਣੀ ਨਿਕਾਸੀ ਲਈ 5150 ਕਿਲੋਮੀਟਰ ਲੰਬੇ 800 ਡ੍ਰੇਨੇਜ ਦਾ ਜਾਲ, ਫਿਰ ਵੀ ਬੁਰੇ ਹਾਲ। ਪਿੰਡਾਂ ਦੀਆਂ ਗਲੀਆਂ ਨੇ ਨਾਲਿਆਂ ਦਾ ਰੂਪ ਲੈ ਲਿਆ ਹੈ। ਖੇਤ ਪਾਣੀ ਨਾਲ ਭਰੇ ਪਏ ਹਨ। 13 ਜ਼ਿਲਿਆਂ ਵਿਚ ਸ਼ਹਿਰਾਂ ਦੇ ਨਾਲ-ਨਾਲ 1385 ਪਿੰਡ ਹੜ੍ਹ ਦੀ ਚਪੇਟ ਵਿਚ ਹਨ। ਪੰਚਕੂਲਾ, ਯਮੁਨਾਨਗਰ, ਅੰਬਾਲਾ, ਕੈਥਲ, ਕੁਰੂਕਸ਼ੇਤਰ, ਕਰਨਾਲ, ਪਾਨੀਪਤ, ਸੋਨੀਪਤ, ਫਰੀਦਾਬਾਦ, ਪਲਵਲ, ਸਿਰਸਾ, ਫ਼ਤਹਿਾਬਾਦ ਜ਼ਿਲਿਆਂ ਦੇ ਖੇਤਰ ਹੜ੍ਹ ਨਾਲ ਗ੍ਰਸਤ ਹਨ। ਫਸਲਾਂ ਦਾ ਨੁਕਸਾਨ ਤਾਂ ਹੋਇਆ ਹੀ ਹੈ, ਜਾਨ-ਮਾਲ, ਪਸ਼ੂਧਨ ਦੇ ਨੁਕਸਾਨ ਤੋਂ ਇਲਾਵਾ ਨਦੀ ਕੰਢੇ ਵਸੇ ਲੋਕ ਵੀ ਬੇਘਰ ਹੋ ਗਏ ਹਨ। ਯਮੁਨਾ, ਘੱਗਰ, ਸ਼ਾਹਬਾਦ ਮਾਰਕੰਡਾ ਅਤੇ ਭਾਖੜਾ ਕੈਨਾਲ ਓਵਰਫਲੋਅ ਹੋ ਕੇ ਵਗ ਰਹੀਆਂ ਹਨ। ਹਿਮਾਚਲ ਅਤੇ ਪੰਜਾਬ ਤੋਂ ਆਇਆ ਜ਼ਿਆਦਾ ਪਾਣੀ ਸੂਬੇ ਵਿਚ ਕਹਿਰ ਢਾਹ ਰਿਹਾ ਹੈ।

ਪੰਜਾਬ ਵਿਚ ਕਈ ਪਿੰਡਾਂ-ਸ਼ਹਿਰਾਂ ਵਿਚ ਹੜ੍ਹ ਆਇਆ, ਜਦੋਂ ਕਿ ਕੁੱਝ ਨਦੀਆਂ-ਨਹਿਰਾਂ ਦੇ ਤਟਬੰਨ੍ਹਾਂ ਵਿਚ ਦਰਾਰਾਂ ਆਉਣ ਨਾਲ ਮਾਲਵਾ ਅਤੇ ਦੋਆਬਾ ਵਿਚ ਕਈ ਪਿੰਡਾਂ ਦੀਆਂ ਫਸਲਾਂ 6 ਦਿਨ ਗੁਜ਼ਰਨ ਤੋਂ ਬਾਅਦ ਵੀ ਪਾਣੀ ਵਿਚ ਡੁੱਬੀਆਂ ਹੋਈਆਂ ਹਨ। ਕਿੰਨੇ ਹੀ ਪੁੱਲ ਟੁੱਟੇ, ਸੜਕਾਂ ਧਸੀਆਂ। ਫਿਲੌਰ ਸਥਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਸ ਅਕਾਦਮੀ ਵਿਚ ਵੜੇ ਪਾਣੀ ਵਿਚ ਪੁਲਸ ਅਫ਼ਸਰਾਂ ਦੀ ਡੁੱਬੀਆਂ ਗੱਡੀਆਂ ਅਤੇ ਡੇਰਾਬੱਸੀ ਦੀ ਇਕ ਹਾਊਸਿੰਗ ਸੁਸਾਇਟੀ ਵਿੱਚ ਕਰੀਬ 10 ਫੁੱਟ ਪਾਣੀ ਜਮ੍ਹਾਂ ਹੋਣ ’ਤੇ ਚੱਲੀ ਕਿਸ਼ਤੀ ਦੀ ਵੀਡੀਓ ਨੈਸ਼ਨਲ ਮੀਡੀਆ ’ਤੇ ਸੁਰਖੀਆਂ ਬਣੀ।

ਇਹ ਵੀ ਪੜ੍ਹੋ : ਹੜ੍ਹਾਂ ਦੌਰਾਨ ਐੱਸ. ਐੱਸ. ਪੀ. ਦਿਨ-ਰਾਤ ਰੱਖ ਰਹੇ ਨੇ ਸਥਿਤੀ ’ਤੇ ਨਜ਼ਰ ਤੇ ਕਰ ਰਹੇ ਲੋਕ-ਸੇਵਾ

ਹਰਿਆਣਾ : 13 ਜ਼ਿਲੇ

1385 ਪਿੰਡ ਹੜ੍ਹ ਦੀ ਚਪੇਟ ਵਿਚ
ਹੜ੍ਹ ਦਾ ਮੁੱਖ ਕਾਰਣ: ਯਮੁਨਾ, ਘੱਗਰ, ਸ਼ਾਹਬਾਦ ਮਾਰਕੰਡਾ ਅਤੇ ਭਾਖੜਾ ਕੈਨਾਲ ਦਾ ਓਵਰਫਲੋਅ ਅਤੇ ਜ਼ਿਆਦਾ ਮੀਂਹ ਬਣਿਆ
ਰਾਹਤ: ਕਰੀਬ 5400 ਲੋਕਾਂ ਦੀ ਰਾਹਤ ਕੈਂਪਾਂ ਵਿਚ ਵਿਵਸਥਾ ਕੀਤੀ ਗਈ ਹੈ
ਹਰਿਆਣਾ ਸਰਕਾਰ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲਾਂ ਵਿਚ ਇਨ੍ਹਾਂ ਦਿਨਾਂ ਦੌਰਾਨ 145 ਐੱਮ.ਐੱਮ. ਮੀਂਹ ਪੈਂਦਾ ਸੀ ਪਰ ਇਸ ਵਾਰ 245 ਤੋਂ 250 ਐੱਮ.ਐੱਮ. ਮੀਂਹ ਪਿਆ ਹੈ, ਜੋ ਕਿ 180 ਫ਼ੀਸਦੀ ਜ਼ਿਆਦਾ ਹੈ। ਸੂਬੇ ਵਿਚ ਜਾਨ-ਮਾਲ ਨੂੰ ਜੋ ਨੁਕਸਾਨ ਹੋਇਆ ਹੈ, ਉਸ ਦੇ ਅੰਕਲਨ ਦੀ ਵਿਸਤ੍ਰਿਤ ਰਿਪੋਰਟ 2 ਦਿਨ ਤੋਂ ਬਾਅਦ ਆਵੇਗੀ।

ਕੁਦਰਤ ਦਾ ਕਹਿਰ
ਕੁੱਲੂ : ਜਿੱਥੇ ਆਲੀਸ਼ਾਨ ਹੋਟਲ ਅਤੇ ਭਵਨ ਸਨ ਹੁਣ ਨਾਮੋਨਿਸ਼ਾਨ ਨਹੀਂ। ਕਈ ਸਥਾਨਾਂ ’ਤੇ ਕੁੱਲੂ ਤੋਂ ਮਨਾਲੀ ਵਿਚਕਾਰ ਐੱਨ.ਐੱਚ. ਬਿਆਸ ਨੇ ਆਪਣੇ ਵਿਚ ਸਮਾ ਲਿਆ।       

ਹਰਿਆਣਾ ਵਿਚ ਨੁਕਸਾਨ:
► 1.60 ਲੱਖ ਹੈਕਟੇਅਰ ਵਿਚ ਪਾਣੀ ਭਰਿਆ
► 30 ਲੋਕਾਂ ਦੀ ਮੌਤ ਹੋਈ
► 180 ਫੀਸਦੀ ਵੱਧ ਮੀਂਹ ਪਿਆ
► 133 ਮਕਾਨ ਪੂਰੀ ਤਰ੍ਹਾਂ ਨੁਕਸਾਨੇ ਗਏ
► 110 ਪਸ਼ੂਆਂ ਦੀ ਮੌਤ ਹੋਈ, ਪੋਲਟਰੀ ਫਾਰਮਾਂ ਵਿਚ ਵੀ ਨੁਕਸਾਨ

ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਨੇ ਬੰਨ੍ਹ ’ਚ ਪਈਆਂ ਤਰੇੜਾਂ ਨੂੰ ਭਰਨ ਦੇ ਕੰਮ ਦਾ ਲਿਆ ਜਾਇਜ਼ਾ, 2 ਦਿਨ ਹੋਰ ਬੰਦ ਰਹਿਣਗੇ ਲੋਹੀਆਂ ਦੇ ਸਰਕਾਰੀ ਸਕੂਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News