ਗੁਰਦਾਸਪੁਰ 'ਚ ਇਸ ਮਹੀਨੇ ਹੋ ਸਕਦੀ ਜ਼ਿਮਨੀ ਚੋਣ, MP ਲਈ 2 ਵਾਰ ਤੇ MLA ਲਈ 1 ਵਾਰ ਹੋ ਚੁੱਕੀ ਬਾਈਇਲੈਕਸ਼ਨ

Monday, Jun 10, 2024 - 04:14 PM (IST)

ਗੁਰਦਾਸਪੁਰ 'ਚ ਇਸ ਮਹੀਨੇ ਹੋ ਸਕਦੀ ਜ਼ਿਮਨੀ ਚੋਣ, MP ਲਈ 2 ਵਾਰ ਤੇ MLA ਲਈ 1 ਵਾਰ ਹੋ ਚੁੱਕੀ ਬਾਈਇਲੈਕਸ਼ਨ

ਗੁਰਦਾਸਪੁਰ(ਹਰਮਨ)-ਦੇਸ਼ ਦੀ ਆਜ਼ਾਦੀ ਦੇ ਬਾਅਦ ਗੁਰਦਾਸਪੁਰ ਜ਼ਿਲ੍ਹੇ ਅੰਦਰ ਚੌਥੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਇਸ ਤਹਿਤ ਡੇਰਾ ਬਾਬਾ ਨਾਨਕ ਹਲਕੇ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦਾ ਲੋਕ ਸਭਾ ਮੈਂਬਰ ਚੁਣੇ ਜਾਣ ਦੇ ਬਾਅਦ ਸਤੰਬਰ ਜਾਂ ਅਕਤੂਬਰ ਮਹੀਨੇ ਜ਼ਿਮਨੀ ਚੋਣ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜੇਕਰ ਇਸ ਤੋਂ ਪਹਿਲਾਂ ਆਜ਼ਾਦੀ ਦੇ ਬਾਅਦ ਹੁਣ ਤੱਕ ਦੇ ਚੋਣ ਇਤਿਹਾਸ 'ਤੇ ਝਾਤ ਮਾਰੀ ਜਾਵੇ ਤਾਂ ਹੁਣ ਤੱਕ ਗੁਰਦਾਸਪੁਰ ਜ਼ਿਲ੍ਹੇ ਅੰਦਰ ਕਰੀਬ ਤਿੰਨ ਵਾਰ ਜ਼ਿਮਨੀ ਚੋਣਾਂ ਹੋ ਚੁੱਕੀਆਂ ਹਨ। ਜਿਸ ਤਹਿਤ ਦੋ ਚੋਣਾਂ ਲੋਕ ਸਭਾ ਮੈਂਬਰ ਨੂੰ ਚੁਣਨ ਲਈ ਹੋਈਆਂ ਸਨ ਜਦੋਂ ਕਿ ਇੱਕ ਚੋਣ ਵਿਧਾਇਕ ਚੁਣਨ ਲਈ ਹੋਈ ਸੀ। ਹੁਣ ਜਦੋਂ ਚੌਥੀ ਵਾਰ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਤਾਂ ਇਸ ਚੋਣ ਲਈ ਵੱਖ-ਵੱਖ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਵੱਲੋਂ ਹੁਣ ਤੋਂ ਹੀ ਅੰਦਰ ਖਾਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਵੈਸੇ ਤਾਂ ਸਾਰੀਆਂ ਹੀ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਚਿਹਰੇ ਲਗਭਗ ਫਾਈਨਲ ਦਿਖਾਈ ਦੇ ਰਹੇ ਹਨ। ਪਰ ਇਸ ਦੇ ਬਾਵਜੂਦ ਇਨਾਂ ਚਿਹਰਿਆਂ ਦੇ ਬਾਵਜੂਦ ਕੁਝ ਹੋਰ ਆਗੂ ਵੀ ਆਪਣੀ ਕਿਸਮਤ ਅਜਮਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।

ਕਦੋਂ ਕਦੋਂ ਹੋ ਚੁੱਕੀ ਹੈ ਜਿਮਨੀ ਚੋਣ

ਜ਼ਿਲ੍ਹੇ ਅੰਦਰ ਹੁਣ ਤੱਕ 20 ਵਾਰ ਹੋਈਆਂ ਲੋਕ ਸਭਾ ਚੋਣਾਂ ਵਿਚ ਦੋ ਵਾਰ ਜ਼ਿਮਨੀ ਚੋਣ ਹੋ ਚੁੱਕੀ ਹੈ ਜਿਸ ਤਹਿਤ 23 ਦਸੰਬਰ 1969 ਨੂੰ ਤਤਕਾਲੀ ਸੰਸਦ ਮੈਂਬਰ ਦੀਵਾਨ ਚੰਦ ਸ਼ਰਮਾ ਦੇ ਦਿਹਾਂਤ ਦੇ ਬਾਅਦ 1970 ਵਿਚ ਪਹਿਲੀ ਵਾਰ ਜ਼ਿਮਨੀ ਚੋਣ ਹੋਈ ਸੀ। ਦੀਵਾਨ ਚੰਦ ਸ਼ਰਮਾ ਦੇਸ਼ ਦੀ ਦੂਜੀ, ਤੀਜੀ ਅਤੇ ਚੌਥੀ ਲੋਕ ਸਭਾ ਵਿਚ ਲਗਾਤਾਰ ਤਿੰਨ ਵਾਰ ਮੈਂਬਰ ਰਹੇ ਸਨ ਜਿਨਾਂ ਦੇ ਦਿਹਾਂਤ ਤੋਂ ਬਾਅਦ ਹੋਈ ਜਿਮਨੀ ਚੋਣ ਵਿਚ ਉਘੇ ਆਗੂ ਪ੍ਰਬੰਧ ਚੰਦਰ ਪਹਿਲੀ ਵਾਰ 1 ਲੱਖ 10 ਹਜਾਰ ਵੋਟਾਂ ਦੇ ਫਰਕ ਨਾਲ ਜੇਤੂ ਰਹੇ ਸਨ। ਉਸ ਮੌਕੇ ਕਾਂਗਰਸ ਨੂੰ ਮਿਲੀ ਏਨੀ ਵੱਡੀ ਲੀਡ ਨੂੰ ਦੇਖ ਕੇ ਹੀ ਇੰਦਰਾ ਗਾਂਧੀ ਨੇ ਕੁਝ ਹੀ ਸਮੇ ਬਾਅਦ ਜਰਨਲ ਚੋਣਾਂ ਦਾ ਐਲਾਨ ਕਰ ਦਿੱਤਾ ਸੀ ਅਤੇ 1971 'ਚ ਮੁੜ ਪ੍ਰਬੰਧ ਚੰਦਰ ਸਵਾ ਲੱਖ ਵੋਟਾਂ ਦੇ ਫਰਕ ਨਾਲ ਜੇਤੂ ਰਹੇ ਸਨ। ਇਸ ਦੇ ਬਾਅਦ ਗੁਰਦਾਸਪੁਰ ਦੇ ਇਤਿਹਾਸ ਵਿਚ 2017 ਦੌਰਾਨ ਦੂਸਰੀ ਜਿਮਨੀ ਚੋਣ ਹੋਈ ਸੀ ਜਦੋਂ ਭਾਜਪਾ ਨਾਲ ਸਬੰਧਿਤ ਐਮਪੀ ਵਿਨੋਦ ਖੰਨਾ ਦੇ ਦਿਹਾਂਤ ਹੋ ਗਿਆ ਸੀ ਅਤੇ ਜ਼ਿਮਨੀ ਚੋਣ ਦੌਰਾਨ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੇ ਸਵਰਨ ਸਲਾਰੀਆ ਨੂੰ ਹਰਾਇਆ ਸੀ। ਜੇਕਰ ਅਸੈਂਬਲੀ ਬਾਈ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ 2009 ਵਿਚ ਵਿਨੋਦ ਖੰਨਾ ਦੇ ਪੱਕੇ ਗੜ ਨੂੰ ਖਤਮ ਕਰਨ ਲਈ ਉਸ ਮੌਕੇ ਕਾਂਗਰਸ ਨੇ ਕਾਹਨੂੰਵਾਨ (ਹੁਣ ਕਾਦੀਆਂ ਹਲਕਾ) ਹਲਕੇ ਦੇ ਤਤਕਾਲੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੂੰ ਵਿਨੋਦ ਖੰਨਾ ਦੇ ਸਾਹਮਣੇ ਚੋਣ ਮੈਦਾਨ ਵਿਚ ਉਤਾਰਿਆ ਸੀ ਅਤੇ ਉਸ ਮੌਕੇ ਜ਼ਿਲ੍ਹੇ ਅੰਦਰ ਜਦੋਂ ਅਕਾਲੀ ਦਲ ਦੇ ਵਿਧਾਇਕਾਂ ਦਾ ਬੋਲਬਾਲਾ ਸੀ, ਤਾਂ ਵੀ ਪ੍ਰਤਾਪ ਸਿੰਘ ਬਾਜਵਾ ਚੋਣ ਜਿੱਤ ਗਏ ਸਨ। ਉਪਰੰਤ ਕਾਹਨੂੰਵਾਨ ਹਲਕੇ ਦੀ ਖਾਲੀ ਹੋਈ ਸੀਟ 'ਤੇ 2009 ਵਿਚ ਜ਼ਿਮਨੀ ਚੋਣ ਹੋਈ ਸੀ ਜਿਸ ਦੌਰਾਨ ਕਾਂਗਰਸ ਵੱਲੋਂ ਫਤਹਿਜੰਗ ਸਿੰਘ ਬਾਜਵਾ ਅਤੇ ਅਕਾਲੀ ਭਾਜਪਾ ਗਠਜੋੜ ਵੱਲੋਂ ਉਸ ਮੌਕੇ ਜਥੇ. ਸੇਵਾ ਸਿੰਘ ਸੇਖਵਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ ਅਤੇ ਸੇਵਾ ਸਿੰਘ ਸੇਖਵਾਂ ਇਹ ਚੋਣ ਜਿੱਤ ਗਏ ਸਨ। ਹੁਣ ਜਦੋਂ 2024 ਦੀਆਂ ਚੋਣਾਂ ਵਿਚ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਚੋਣ ਜਿੱਤ ਗਏ ਹਨ, ਤਾਂ ਇਸ ਚੋਣ ਦੇ 6 ਮਹੀਨੇ ਦੇ ਅੰਦਰ ਇਕ ਹੋਰ ਜ਼ਿਮਨੀ ਚੋਣ ਹੋਣੀ ਯਕੀਨੀ ਹੋ ਗਈ ਹੈ।

ਇਹ ਵੀ ਪੜ੍ਹੋ- ਸੁਨਾਮ 'ਚ ਵੱਡਾ ਹਾਦਸਾ, ਸ਼ੈਲਰ ਦੀ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਦਰਦਨਾਕ ਮੌਤ

ਕੌਣ ਹੋ ਸਕਦਾ ਹੈ ਕਾਂਗਰਸ ਦਾ ਉਮੀਦਵਾਰ?

ਡੇਰਾ ਬਾਬਾ ਨਾਨਕ ਹਲਕਾ ਸ਼ੁਰੂ ਤੋਂ ਬਹੁਤ ਅਹਿਮ ਰਿਹਾ ਹੈ ਜਿਥੇ ਹਮੇਸ਼ਾਂ ਦੋਵਾਂ ਧਿਰਾਂ ਦਰਮਿਆਨ ਫਸਵਾਂ ਮੁਕਾਬਲਾ ਹੁੰਦਾ ਰਿਹਾ ਹੈ। ਮੁੱਖ ਤੌਰ 'ਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਜਥੇ ਸੁੱਚਾ ਸਿੰਘ ਲੰਗਾਹ ਦਰਮਿਆਨ ਇਸ ਹਲਕੇ ਅੰਦਰ ਫਸਵੀਂ ਟੱਕਰ ਹੁੰਦੀ ਰਹੀ ਹੈ। ਪਰ 2022 ਦੀਆਂ ਚੋਣਾਂ ਦੌਰਾਨ ਰੰਧਾਵਾ ਦੀ ਟੱਕਰ ਰਵੀਕਰਨ ਸਿੰਘ ਕਾਹਲੋਂ ਨਾਲ ਸੀ। ਉਸ ਮੌਕੇ ਹਲਕਾ ਡੇਰਾ ਬਾਬਾ ਨਾਨਕ ਵਿੱਚ ਸੁਖਜਿੰਦਰ ਸਿੰਘ ਰੰਧਾਵਾ 52555 ਵੋਟਾਂ ਲੈਣ ਵਿੱਚ ਸਫਲ ਰਹੇ ਸਨ ਅਤੇ ਇਨਾਂ ਲੋਕ ਸਭਾ ਚੋਣਾਂ ਦੌਰਾਨ ਰੰਧਾਵਾ ਨੂੰ ਆਪਣੇ ਹਲਕੇ ਵਿੱਚੋਂ 48198 ਵੋਟਾਂ ਮਿਲੀਆਂ ਹਨ। ਇਸ ਹਲਕੇ ਅੰਦਰ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਵੀ ਪਿਛਲੀਆਂ ਚੋਣਾਂ ਦੇ ਮੁਕਾਬਲੇ ਵਧਿਆ ਹੈ ਜਿਸ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਨੂੰ ਇਸ ਵਾਰ ਜਿਮਨੀ ਚੋਣ ਜਿੱਤਣ ਲਈ ਪੂਰੀ ਸੋਚ ਵਿਚਾਰ ਦੇ ਬਾਅਦ ਮਜ਼ਬੂਤ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਨਾ ਪਵੇਗਾ। ਇਹ ਗੱਲ ਯਕੀਨੀ ਮੰਨੀ ਜਾ ਰਹੀ ਹੈ ਕਿ ਰੰਧਾਵਾ ਦੇ ਪਰਿਵਾਰਕ ਮੈਂਬਰ ਨੂੰ ਹੀ ਇਸ ਜਿਮਨੀ ਚੋਣ ਵਿਚ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ ਜਿਸ ਤਹਿਤ ਰੰਧਾਵਾ ਦੀ ਧਰਮਪਤਨੀ ਜਤਿੰਦਰ ਕੌਰ ਰੰਧਾਵਾ ਦਾ ਨਾਮ ਹੀ ਸਭ ਤੋਂ ਅੱਗੇ ਹੈ। ਰੰਧਾਵਾ ਦਾ ਸਪੁੱਤਰ ਉਦੇਵੀਰ ਸਿੰਘ ਦੀ ਉਮਰ ਅਜੇ 25 ਸਾਲ ਤੋਂ ਘੱਟ ਹੋਣ ਕਾਰਨ ਉਹ ਚੋਣ ਲੜਨ ਲਈ ਕਾਨੂੰਨੀ ਤੌਰ 'ਤੇ ਯੋਗ ਨਹੀਂ ਹਨ। ਇਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਰੰਧਾਵਾ ਵੱਲੋਂ ਆਪਣੀ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ ਹੀ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ। ਬੀਬੀ ਰੰਧਾਵਾ ਪਹਿਲਾਂ ਹੀ ਹਲਕੇ ਅੰਦਰ ਸਰਗਰਮ ਹਨ ਅਤੇ ਇਹ ਮੰਨਿਆ ਜਾਂਦਾ ਹੈ ਕਿ ਉਨਾਂ ਦੇ ਸ਼ਾਂਤ ਸੁਭਾਅ ਨੂੰ ਹਲਕੇ ਦੇ ਲੋਕ ਪਸੰਦ ਕਰਦੇ ਹਨ।

ਆਪ ਵੱਲੋਂ ਗੁਰਦੀਪ ਸਿੰਘ ਰੰਧਾਵਾ ਬਣਾ ਚੁੱਕੇ ਹਨ ਪੱਕੀ ਜਗ੍ਹਾ

ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਵਿਚ ਗੁਰਦੀਪ ਸਿੰਘ ਰੰਧਾਵਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ ਜਿਨਾਂ ਨੂੰ ਉਸ ਮੌਕੇ 31742 ਵੋਟਾਂ ਪਈਆਂ ਸਨ ਅਤੇ ਉਹ ਹਲਕੇ ਅੰਦਰ ਤੀਸਰੇ ਨੰਬਰ 'ਤੇ ਰਹੇ ਸਨ। ਪਰ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਗੁਰਦੀਪ ਸਿੰਘ ਰੰਧਾਵਾ ਨੇ ਆਪਣੇ ਹਲਕੇ ਵਿਚ ਸਖਤ ਮਿਹਨਤ ਕਰਕੇ ਸੁਖਜਿੰਦਰ ਸਿੰਘ ਰੰਧਾਵਾ ਦੇ ਮੁਕਾਬਲੇ ਆਪਣੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਨੂੰ 44258 ਵੋਟਾਂ ਪਵਾਉਣ ਵਿਚ ਸਫਲਤਾ ਹਾਸਿਲ ਕੀਤੀ ਹੈ ਜਿਸ ਦੇ ਚਲਦਿਆਂ ਇਸ ਵਾਰ ਕਾਂਗਰਸ ਅਤੇ ਆਪ ਦੀਆਂ ਵੋਟਾਂ ਵਿਚ 3940 ਵੋਟਾਂ ਦਾ ਫਰਕ ਹੀ ਰਿਹਾ ਹੈ। ਜੇਕਰ 2022 ਨਾਲ ਤੁਲਨਾ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀਆਂ ਦੀਆਂ ਵੋਟਾਂ ਵਿਚ 12516 ਵੋਟਾਂ ਦਾ ਵਾਧਾ ਹੋਇਆ ਹੈ। ਇਸ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਗੁਰਦੀਪ ਸਿੰਘ ਰੰਧਾਵਾ ਦੀ ਸਥਿਤੀ ਪਹਿਲਾਂ ਦੀ ਬਜਾਏ ਕਾਫੀ ਮਜਬੂਤ ਹੋਈ ਹੈ ਅਤੇ ਰੰਧਾਵਾ ਹਲਕੇ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਵਿਚ ਸਫਲ ਰਹੇ ਹਨ। ਇਸ ਕਾਰਨ ਜ਼ਿਮਨੀ ਚੋਣ ਦੌਰਾਨ ਪਾਰਟੀ ਵੱਲੋਂ ਮੁੜ ਉਨਾਂ ਨੂੰ ਹੀ ਚੋਣ ਮੈਦਾਨ ਵਿਚ ਉਤਾਰੇ ਜਾਣ ਦੀ ਪੱਕੀ ਸੰਭਾਵਨਾ ਹੈ। ਜੇਕਰ ਇਸ ਹਲਕੇ ਅੰਦਰ ਗੁਰਦੀਪ ਸਿੰਘ ਰੰਧਾਵਾ ਚੰਗਾ ਵੋਟ ਬੈਂਕ ਜੁਟਾਉਣ ਵਿਚ ਸਫਲ ਨਾ ਰਹਿੰਦੇ ਤਾਂ ਇਸ ਹਲਕੇ ਅੰਦਰ ਉਮੀਦਵਾਰ ਦੇ ਨਾਮ 'ਚ ਬਦਲਾਅ ਹੋਣ ਦੀ ਸੰਭਾਵਨਾ ਵਧ ਸਕਦੀ ਸੀ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ SGPC ਨੇ ਜਾਰੀ ਕੀਤੇ ਨਵੇਂ ਆਦੇਸ਼ (ਵੀਡੀਓ)

ਅਕਾਲੀ ਦਲ ਲਈ ਸੋਨੂੰ ਲੰਗਾਹ ਨੇ ਸ਼ੁਰੂ ਕੀਤੀਆਂ ਤਿਆਰੀਆਂ

ਅਕਾਲੀ ਦਲ ਦੀ ਸਥਿਤੀ ਇਸ ਹਲਕੇ ਅੰਦਰ ਕਾਫੀ ਸਮੇਂ ਤੋਂ ਡਾਵਾਂਡੋਲ ਅਤੇ ਆਪਸੀ ਖਿਚੋਤਾਣ ਦਾ ਸ਼ਿਕਾਰ ਹੋ ਰਹੀ ਸੀ। ਇਸ ਹਲਕੇ ਅੰਦਰ ਸਾਬਕਾ ਮੰਤਰੀ ਜਥੇ ਸੁੱਚਾ ਸਿੰਘ ਲੰਗਾਹ ਦਾ ਆਪਣਾ ਵੱਡਾ ਵੋਟ ਬੈਂਕ ਹੈ। ਪਰ ਉਨਾਂ ਨੂੰ ਅਜੇ ਤੱਕ ਪਾਰਟੀ ਵਿਚ ਸ਼ਾਮਿਲ ਨਾ ਕੀਤੇ ਜਾਣ ਕਾਰਨ ਉਨਾਂ ਦੇ ਸਮਰਥਕ ਨਿਰਾਸ਼ ਹਨ। ਸੂਤਰਾਂ ਮੁਤਾਬਕ ਹੁਣ ਜਦੋਂ ਰਵੀਕਰਨ ਸਿੰਘ ਕਾਹਲੋਂ ਵੀ ਅਕਾਲੀ ਦਲ ਦਾ ਹਿੱਸਾ ਨਹੀਂ ਹਨ ਤਾਂ ਪਾਰਟੀ ਦੇ ਸਰਗਰਮ ਆਗੂਆਂ ਵਿਚ ਲੰਗਾਹ ਦੇ ਸਪੁੱਤਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਦਾ ਨਾਮ ਸਭ ਤੋਂ ਮੋਹਰੀ ਆਗੂਆਂ ਵਿਚ ਸ਼ਾਮਿਲ ਹੈ ਜੋ ਪਿਛਲੇ ਸਮੇਂ ਦੌਰਾਨ ਆਏ ਕਈ ਉਤਰਾਵਾਂ ਚੜਾਵਾਂ ਦੇ ਬਾਵਜੂਦ ਇਸ ਹਲਕੇ ਅੰਦਰ ਸਰਗਰਮ ਰਹੇ ਹਨ। ਸੂਤਰਾਂ ਅਨੁਸਾਰ ਪਾਰਟੀ ਜਥੇ ਸੁੱਚਾ ਸਿੰਘ ਲੰਗਾਹ ਨੂੰ ਵੀ ਜਲਦੀ ਅਕਾਲੀ ਦਲ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ ਜਿਸ ਦੇ ਬਾਅਦ ਸੋਨੂੰ ਲੰਗਾਹ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ। ਵੈਸੇ ਤਾਂ ਇਕ-2 ਹੋਰ ਆਗੂਆਂ ਦੀ ਵੀ ਇਸ ਹਲਕੇ ਅੰਦਰ ਅਕਾਲੀ ਦਲ ਦੀ ਟਿਕਟ 'ਤੇ ਨਜ਼ਰ ਦੱਸੀ ਜਾ ਰਹੀ ਸੀ, ਪਰ ਸਭ ਤੋਂ ਚਰਚਾ ਵਿਚ ਸੋਨੂੰ ਲੰਗਾਹ ਦਾ ਨਾਮ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਲੰਗਾਹ ਧੜੇ ਨੂੰ ਨਰਾਜ ਜਾਂ ਨਜਰਅੰਦਾਜ ਕਰਕੇ ਅਕਾਲੀ ਦਲ ਇਸ ਹਲਕੇ ਅੰਦਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ ਕਿਉਂਕਿ ਹੁਣ ਰਵੀਕਰਨ ਸਿੰਘ ਕਾਹਲੋਂ ਵੀ ਅਕਾਲੀ ਦਲ ਵਿਚ ਨਹੀਂ ਹਨ।

ਰਵੀਕਰਨ ਸਿੰਘ ਕਾਹਲੋਂ 'ਤੇ ਦਾਅ ਖੇਡ ਸਕਦੀ ਹੈ ਭਾਜਪਾ

ਹੁਣੇ ਹੁਣ ਭਾਜਪਾ ਵਿਚ ਸ਼ਾਮਿਲ ਹੋਏ ਰਵੀਕਰਨ ਸਿੰਘ ਕਾਹਲੋਂ ਨੇ ਪਿਛਲੀ ਚੋਣ ਅਕਾਲੀ ਦਲ ਦੀ ਟਿਕਟ 'ਤੇ ਡੇਰਾ ਬਾਬਾ ਨਾਨਕ ਹਲਕੇ ਤੋਂ ਲੜੀ ਸੀ।  ਜਿਨਾਂ ਨੂੰ ਉਸ ਮੌਕੇ 52089 ਵੋਟਾਂ ਪਈਆਂ ਸਨ ਅਤੇ ਇਸ ਵਾਰ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੂੰ 17099 ਵੋਟਾਂ ਪਈਆਂ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਬਾਬਾ ਨਾਨਕ 'ਚ ਚੋਣ ਲੜਨ ਵਾਲੇ ਉਮੀਦਵਾਰ ਨੂੰ 1900 ਦੇ ਕਰੀਬ ਵੋਟਾਂ ਪਈਆਂ ਸਨ ਜਦੋਂ ਇਨਾਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਦਿਨੇਸ਼ ਬੱਬੂ ਨੂੰ 5951 ਵੋਟਾਂ ਪਈਆਂ ਹਨ। ਵੈਸੇ ਤਾਂ ਰਵੀਕਰਨ ਸਿੰਘ ਕਾਹਲੋਂ ਫਤਹਿਗੜ ਚੂੜੀਆਂ ਹਲਕੇ ਨਾਲ ਸਬੰਧਿਤ ਹਨ। ਇਸ ਲਈ ਅਜੇ ਇਹ ਕਹਿਣਾ ਸੰਭਵ ਨਹੀਂ ਹੈ ਕਿ ਰਵੀਕਰਨ ਸਿੰਘ ਕਾਹਲੋਂ ਹੁਣ ਫਤਹਿਗੜ ਚੂੜੀਆਂ ਹਲਕੇ ਦੀ ਅਗਵਾਈ ਕਰਨਗੇ ਜਾਂ ਡੇਰਾ ਬਾਬਾ ਨਾਨਕ ਹਲਕੇ ਅੰਦਰ ਸਿਆਸੀਆਂ ਸਰਗਰਮੀਆਂ ਨੂੰ ਤਰਜੀਹ ਦੇਣਗੇ। ਪਰ ਇਸ ਖੇਤਰ ਹਾਲ ਦੀ ਘੜੀ ਭਾਜਪਾ ਦਾ ਸਭ ਤੋਂ ਵੱਡਾ ਚਿਹਰਾ ਰਵੀਕਰਨ ਸਿੰਘ ਕਾਹਲੋਂ ਨੂੰ ਹੀ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਵਿਦੇਸ਼ ਗਏ ਨੌਜਵਾਨ ਦੀ ਝੀਲ 'ਚੋਂ ਮਿਲੀ ਲਾਸ਼, ਪਿਛਲੇ 3 ਮਹੀਨਿਆਂ ਤੋਂ ਸੀ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News