ਸੀਨੀਅਰ ਅਹੁਦੇਦਾਰਾਂ ਨੇ ਟਿਕਟ ਦੀ ਮੰਗ ਕਰਦੇ ਹੋਏ ਬਗਾਵਤ ਦਾ ਝੰਡਾ ਚੁੱਕਿਆ

09/23/2019 11:31:32 AM

ਮੁਕੇਰੀਆਂ (ਨਾਗਲਾ)— ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਕਾਂਗਰਸੀ ਪੰਚ-ਸਰਪੰਚਾਂ ਅਤੇ ਬਲਾਕ ਸੰਮਤੀ ਮੈਂਬਰਾਂ ਦੀ ਇਕ ਬੈਠਕ ਸਵਰਗੀ ਰਜਨੀਸ਼ ਬੱਬੀ ਦੇ ਨਿਵਾਸ ਵਿਖੇ ਐਡਵੋਕੇਟ ਸੱਭਿਆ ਸਾਂਝੀ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਬੈਠਕ ਦੌਰਾਨ ਸਭ ਤੋਂ ਪਹਿਲਾਂ ਮਰਹੂਮ ਨੇਤਾ ਰਜਨੀਸ਼ ਬੱਬੀ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਬਲਾਕ ਕਾਂਗਰਸ ਪ੍ਰਧਾਨ ਕੰਵਰਜੀਤ ਸਿੰਘ, ਬਲਾਕ ਸੰਮਤੀ ਚੇਅਰਪਰਸਨ ਨੀਲਮ ਕੁਮਾਰੀ, ਵਾਈਸ ਚੇਅਰਪਰਸਨ ਮੋਨਿਕਾ ਜੈਦੀਪ ਸਿੰਘ ਆਦਿ ਨੇ ਆਪਣੇ ਸੰਬੋਧਨ ਦੌਰਾਨ ਕਾਂਗਰਸੀ ਨੇਤਰੀ ਅਤੇ ਰਜਨੀਸ਼ ਬੱਬੀ ਦੀ ਧਰਮ ਪਤਨੀ ਇੰਦੂ ਕੌਂਡਲ ਦੇ ਹੱਕ 'ਚ ਸਮਰਥਨ ਐਲਾਨ ਕਰਦੇ ਹੋਏ ਕਿਹਾ ਕਿ ਉਹ ਦਿਨ-ਰਾਤ ਇਕ ਕਰਕੇ ਇਹ ਸੀਟ ਜਿੱਤ ਕੇ ਕਾਂਗਰਸ ਹਾਈ ਕਮਾਨ ਦੀ ਝੋਲੀ 'ਚ ਪਾਉਣਗੇ। ਉਨ੍ਹਾਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰਨ ਦਾ ਐਲਾਨ ਕੀਤਾ। ਇਸ ਮੌਕੇ ਪਰਮਜੀਤ ਕੌਰ, ਪ੍ਰੇਮ ਚੰਦ, ਮਲਕੀਤ ਸਿੰਘ, ਮੇਜਰ ਸਿੰਘ, ਜਗਜੀਤ ਸਿੰਘ, ਸੰਮਤੀ ਮੈਂਬਰਾਂ ਤੋਂ ਇਲਾਵਾ ਮਾਸਟਰ ਰਮੇਸ਼, ਮਾਸਟਰ ਸੇਵਾ ਸਿੰਘ, ਪ੍ਰਿੰਸੀਪਲ ਗੁਰਦਿਆਲ ਸਿੰਘ, ਸੁਨੀਲ, ਤਰਲੋਕ ਸਿੰਘ, ਅਸ਼ਨੀ ਕੁਮਾਰ, ਸ਼ੇਰ ਸਿੰਘ ਸ਼ੇਰਾ ਆਦਿ ਵਿਸ਼ੇਸ਼ ਰੂਪ 'ਚ ਮੌਜੂਦ ਸੀ।

ਦੂਜੇ ਪਾਸੇ ਕਾਂਗਰਸ ਦੇ ਛੇ ਮੁੱਖ ਅਹੁਦੇਦਾਰਾਂ ਨੇ ਸਾਬਕ ਬਲਾਕ ਕਾਂਗਰਸ ਪ੍ਰਧਾਨ ਠਾਕੁਰ ਤਰਸੇਮ ਮਿਨਹਾਸ ਦੀ ਅਗਵਾਈ ਹੇਠ ਬਗਾਵਤ ਦਾ ਬਿਗੁਲ ਵਜਾਉਂਦੇ ਹੋਏ ਐਲਾਨ ਕੀਤਾ ਕਿ ਜੇਕਰ ਹਾਈਕਮਾਨ ਨੇ ਅਸੀਂ ਸਾਰੇ ਛੇ ਆਹੁਦੇਦਾਰ, ਜਿਨ੍ਹਾਂ ਨੇ ਕਾਂਗਰਸ ਦੀ ਟਿਕਟ ਲਈ ਅਪਲਾਈ ਕੀਤਾ ਹੋਇਆ ਹੈ, 'ਚੋਂ ਕਿਸੇ ਇਕ ਨੂੰ ਟਿਕਟ ਨਹੀਂ ਦਿੱਤੀ ਗਈ ਤਾਂ ਉਹ ਮਜਬੂਰ ਹੋ ਕੇ ਅਗਲਾ ਕਦਮ ਚੁੱਕਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਜ਼ਿਮਨੀ ਚੋਣਾਂ 'ਚ ਕਾਂਗਰਸ ਦੇ ਸੀਨੀਅਰ ਅਹੁਦੇਦਾਰਾਂ ਨੂੰ ਡਾ. ਕੇਵਲ ਕਿਸ਼ਨ ਦੇ ਪਰਿਵਾਰ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਜ਼ਰੂਰਤ ਕਿਉਂ ਪਈ। 

ਉਨ੍ਹਾਂ ਦੋਸ਼ ਲਾਉਂਦੇ ਕਿਹਾ ਕਿ ਪਹਿਲੇ ਭ੍ਰਿਸ਼ਟਾਚਾਰ ਅਤੇ ਵਰਕਰਾਂ ਦੀ ਅਣਦੇਖੀ ਕਾਰਨ ਲੋਕ ਸਭਾ ਚੋਣਾਂ 'ਚ ਪਾਰਟੀ ਲਗਭਗ ਨੂੰ 38 ਹਜ਼ਾਰ ਵੋਟਾਂ ਤੋਂ ਵੀ ਜ਼ਿਆਦਾ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਸਾਡੇ 'ਚੋਂ ਕਿਸੇ ਇਕ ਨੂੰ ਵੀ ਟਿਕਟ ਦਿੰਦੀ ਹੈ ਤਾਂ ਉਹ ਸੀਟ ਜਿੱਤ ਕੇ ਹਾਈਕਮਾਨ ਦੀ ਝੋਲੀ 'ਚ ਪਾਉਣਗੇ। ਇਸ ਮੌਕੇ ਰਾਣਾ ਨਰੋਤਮ ਸਿੰਘ ਸਾਬਾ, ਡਾਕਟਰ ਬਹਾਦਰ ਸਿੰਘ, ਮੰਗਲੇਸ਼ ਜੱਜ, ਅਮਰਜੀਤ ਢਾਡੇ ਕਟਵਾਲ ਆਦਿ ਵਿਸ਼ੇਸ਼ ਰੂਪ 'ਚ ਮੌਜੂਦ ਸਨ।


shivani attri

Content Editor

Related News