ਜ਼ਿਮਨੀ ਚੋਣਾਂ : 14 ਤੋਂ 18 ਅਕਤੂਬਰ ਕੈਪਟਨ ਕਰਨਗੇ ਰੋਡ ਸ਼ੋਅ

Friday, Oct 04, 2019 - 08:42 PM (IST)

ਜਲੰਧਰ,(ਧਵਨ): ਪੰਜਾਬ 'ਚ 21 ਅਕਤੂਬਰ ਨੂੰ ਹੋਣ ਵਾਲੀਆਂ ਚਾਰ ਵਿਧਾਨ ਸਭਾ ਸੀਟਾਂ ਜਲਾਲਾਬਾਦ, ਦਾਖਾ, ਫਗਵਾੜਾ ਤੇ ਮੁਕੇਰੀਆ ਦੀਆਂ ਜ਼ਿਮਨੀ ਚੋਣਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 14 ਤੋਂ 18 ਅਕਤੂਬਰ ਵਿਚਕਾਰ ਰੋਡ ਸ਼ੋਅ ਕੀਤੇ ਜਾਣ ਦੀ ਆਸ ਹੈ। ਸਮਝਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਚਾਰੇ ਵਿਧਾਨ ਸਭਾ ਸੀਟਾਂ ਨੂੰ ਆਖ਼ਰੀ ਹਫ਼ਤੇ ਇਕ-ਇਕ ਦਿਨ ਦੇ ਸਕਦੇ ਹਨ। ਇਸ ਦੀ ਰਣਨੀਤੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਹੀ ਤਿਆਰ ਕੀਤੀ ਹੈ ।

ਚਾਰੇ ਵਿਧਾਨ ਸਭਾ ਸੀਟਾਂ ਲਈ ਫ਼ਿਲਹਾਲ ਕਾਂਗਰਸ ਵੱਲੋਂ ਚੋਣ ਪ੍ਰਚਾਰ ਦੀ ਵਾਗਡੋਰ ਰਾਜ ਦੇ ਸੀਨੀਅਰ ਮੰਤਰੀਆਂ ਦੇ ਹਵਾਲੇ ਕੀਤੀ ਗਈ ਹੈ। ਮੁੱਖ ਮੰਤਰੀ ਪਹਿਲਾਂ ਹੀ ਜਲਾਲਾਬਾਦ ਵਿਧਾਨ ਸਭਾ ਸੀਟ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਤੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਜ਼ਿੰਮੇਵਾਰੀਆਂ ਸੌਂਪ ਚੁੱਕੇ ਹਨ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ 'ਚ ਪਾਰਟੀ ਵੱਲੋਂ ਚੋਣ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ। ਜਾਖੜ ਦੀ ਨਿਗਰਾਨੀ 'ਚ ਹੀ ਜਲਾਲਾਬਾਦ ਵਿਧਾਨ ਸਭਾ ਹਲਕੇ 'ਚ ਚੋਣ ਮੁਹਿੰਮ ਚੱਲੇਗੀ ਕਿਉਂਕਿ ਇਸ ਹਾਟ ਸੀਟ 'ਤੇ ਅਕਾਲੀ ਦਲ ਤੇ ਕਾਂਗਰਸ ਵਿਚਕਾਰ ਸਿੱਧਾ ਮੁਕਾਬਲਾ ਹੈ। ਪਹਿਲਾਂ ਇਸ ਸੀਟ ਦੀ ਨੁਮਾਇੰਦਗੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਦੇ ਸਨ। ਕਾਂਗਰਸ ਨੇ ਜਲਾਲਾਬਾਦ 'ਚ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਮਿੰਦਰ ਸਿੰਘ ਆਵਲਾ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ ।

ਫਗਵਾੜਾ ਵਿਧਾਨ ਸਭਾ ਸੀਟ ਲਈ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁੱਲ ਮਿਲਾ ਕੇ ਪੂਰੇ ਵਿਧਾਨ ਸਭਾ ਹਲਕੇ ਦੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨਾਲ ਕੁਝ ਹੋਰ ਸੀਨੀਅਰ ਆਗੂਆਂ ਨੂੰ ਵੀ ਲਾਇਆ ਗਿਆ ਹੈ। ਇਸ ਤਰ੍ਹਾਂ ਮੁਕੇਰੀਆਂ 'ਚ ਵੀ ਸੀਨੀਅਰ ਮੰਤਰੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਦਾਖਾ ਵਿਧਾਨ ਸਭਾ ਹਲਕੇ 'ਚ ਕਾਂਗਰਸ ਦੇ ਕੈਪਟਨ ਸੰਦੀਪ ਸੰਧੂ ਦੀ ਇਮਦਾਦ ਲਈ ਕਾਂਗਰਸ ਦੇ ਲੋਕ ਸਭਾ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਹੋਰਨਾਂ ਮੰਤਰੀਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਜਾਖੜ ਭਾਵੇਂ ਚਾਰੇ ਵਿਧਾਨ ਸਭਾ ਹਲਕਿਆਂ 'ਚ ਚੋਣ ਜਲਸਿਆਂ ਨੂੰ ਸੰਬੋਧਨ ਕਰਨ ਲਈ ਜਾਣਗੇ ਪਰ ਉਨ੍ਹਾਂ ਨੂੰ ਮੁੱਖ ਕਰ ਕੇ ਜਲਾਲਾਬਾਦ ਵਿਧਾਨ ਸਭਾ ਹਲਕੇ 'ਚ ਹੀ ਰਹਿਣ ਲਈ ਕਿਹਾ ਗਿਆ ਹੈ।


Related News