ਮੁਕੇਰੀਆਂ ਛੱਡ ਦਾਖਾ ਅਤੇ ਜਲਾਲਬਾਦ ਦੇ ਚੋਣ ਪ੍ਰਚਾਰ 'ਚ ਜੁਟੇ ਅਕਾਲੀ ਦਲ ਦੇ ਨੇਤਾ
Sunday, Oct 06, 2019 - 12:17 PM (IST)

ਮੁਕੇਰੀਆਂ (ਨਾਗਲਾ, ਝਾਵਰ)— ਵਿਧਾਨ ਸਭਾ ਹਲਕਾ ਮੁਕੇਰੀਆਂ ਦੀ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਰੋਜ਼ਾਨਾ ਪਿੰਡਾਂ ਅਤੇ ਸ਼ਹਿਰਾਂ 'ਚ ਦਰਜਨਾਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸਾਰੀਆਂ ਸਿਆਸੀ ਪਾਰਟੀਆਂ ਵੋਟਰਾਂ ਨੂੰ ਆਪਣੇ ਖੇਮੇ 'ਚ ਸ਼ਾਮਲ ਕਰਨ ਲਈ ਹਰ ਹੱਥਕੰਡਾ ਅਪਨਾ ਰਹੀਆਂ ਹਨ। ਕਾਂਗਰਸ ਦੀ ਚੋਣ ਮੁਹਿੰਮ ਦੀ ਵਾਗਡੋਰ ਸੰਗਤ ਸਿੰਘ ਗਿਲਜੀਆਂ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਸੰਭਾਲ ਹੋਈ ਹੈ, ਜਦੋਂ ਕਿ ਭਾਜਪਾ ਦੇ ਉਮੀਦਵਾਰ ਜੰਗੀ ਲਾਲ ਮਹਾਜਨ ਦੀ ਚੋਣ ਮੁਹਿੰਮ ਸਾਬਕਾ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ ਚਲਾ ਰਹੇ ਹਨ।
ਅਕਾਲੀ ਦਲ ਦੀ ਚੁੱਪੀ ਕਾਰਨ ਕਾਂਗਰਸ ਵੱਲੋਂ ਐਡਵੋਕੇਟ ਚੌਧਰੀ ਰਾਜਮਲ ਵਰਗੇ ਵੱਡੇ ਨੇਤਾਵਾਂ ਨੂੰ ਸ਼ਾਮਲ ਕਰਨ ਦੇ ਨਾਲ-ਨਾਲ ਭਾਜਪਾ ਵਰਕਰਾਂ 'ਤੇ ਸੰਨ੍ਹ ਮਾਰਨ ਦੀ ਕੋਸ਼ਿਸ਼ ਜਾਰੀ ਹੈ, ਜਦੋਂ ਕਿ ਭਾਜਪਾ ਨੇ ਕਾਂਗਰਸ ਤੋਂ 2 ਕਦਮ ਅੱਗੇ ਚੱਲਦੇ ਹੋਏ ਕਾਂਗਰਸ ਟਿਕਟ ਦੀ ਮੰਗ ਕਰਨ ਵਾਲੇ 6 ਕਾਂਗਰਸੀ ਨੇਤਾਵਾਂ ਨਾਲ ਸੰਪਰਕ ਬਣਾਇਆ ਹੋਇਆ ਹੈ, ਜਿਨ੍ਹਾਂ 'ਚੋਂ ਅਜੇ ਵੀ 2 ਨੇਤਾ ਖੁੱਲ੍ਹ ਕੇ ਕਾਂਗਰਸ ਦੀ ਹਮਾਇਤ ਕਰਨ ਤੋਂ ਗੁਰੇਜ਼ ਕਰ ਰਹੇ ਹਨ।
ਪ੍ਰਾਪਤ ਸੂਚਨਾ ਅਨੁਸਾਰ ਮੁਕੇਰੀਆਂ ਹਲਕੇ ਤੋਂ ਅਕਾਲੀ ਦਲ ਦੇ ਵੱਡੇ ਨੇਤਾ ਮੁਕੇਰੀਆਂ ਦੰਗਲ ਛੱਡ ਕੇ ਦਾਖਾ ਅਤੇ ਜਲਾਲਾਬਾਦ 'ਚ ਚੋਣ ਪ੍ਰਚਾਰ 'ਚ ਡਟ ਗਏ ਹਨ, ਜਿਸ ਨਾਲ ਭਾਜਪਾ ਅਕਾਲੀਆਂ ਦੇ ਗੜ੍ਹ 'ਚ ਮੀਟਿੰਗਾਂ ਤਹਿ ਕਰਨ ਵਿਚ ਨਾਕਾਮ ਹੋਣ ਲੱਗੀ ਹੈ ਪਰ ਫਿਰ ਵੀ ਭਾਜਪਾ ਦੀਆਂ ਨਜ਼ਰਾਂ ਜਲੰਧਰ ਵਿਚ ਹੋਣ ਵਾਲੀ ਮੀਟਿੰਗ 'ਤੇ ਟਿਕੀਆਂ ਹਨ। ਉਥੇ ਟਿਕਟ ਨਾ ਮਿਲਣ 'ਤੇ ਭਾਜਪਾ ਹਾਈ ਕਮਾਨ ਨੂੰ ਤੇਵਰ ਦਿਖਾਉਣ ਵਾਲੇ ਸਾਬਕਾ ਕੈਬਨਿਟ ਮੰਤਰੀ ਅਰੁਨੇਸ਼ ਸ਼ਾਕਰ ਵੀ ਹੁਣ ਤੱਕ ਖੁੱਲ੍ਹ ਕੇ ਸਮਰਥਨ 'ਤੇ ਨਹੀਂ ਉੱਤਰੇ ਹਨ।