ਕਾਰੋਬਾਰੀ ਵੀ. ਪੀ. ਸਿੰਘ ਤੇ ਪੁੱਤਰ ਖ਼ਿਲਾਫ਼ ਪਿੰਕੀ ਵੱਲੋਂ ਦਰਜ ਮੁਕੱਦਮੇ ਝੂਠੇ ਸਾਬਤ ਹੋਏ, ਅਦਾਲਤ ਨੇ ਬੇਗੁਨਾਹ ਕਰਾਰ
Wednesday, May 25, 2022 - 11:56 AM (IST)
ਜਲੰਧਰ (ਬਿਊਰੋ)–ਪੰਜਾਬ ਦੀ ਸੱਤਾ ਵਿਚ ਰਹੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਮਸ਼ਹੂਰ ਕਾਰੋਬਾਰੀ ਵੀ. ਪੀ. ਸਿੰਘ ਅਤੇ ਉਨ੍ਹਾਂ ਦੇ ਪੁੱਤਰ ਕਰਨਪਾਲ ਸਿੰਘ ਖ਼ਿਲਾਫ਼ ਸਿਆਸੀ ਰੰਜਿਸ਼ ਕਾਰਨ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਦਬਾਅ ਹੇਠ ਥਾਣਾ ਸਦਰ ਫਿਰੋਜ਼ਪੁਰ ਵਿਚ ਦਰਜ ਮੁਕੱਦਮੇ ਝੂਠੇ ਸਾਬਤ ਹੋਏ ਹਨ। ਇਨ੍ਹਾਂ ਮਾਮਲਿਆਂ ਸਬੰਧੀ ਗਠਿਤ ਸਿੱਟ ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ ’ਤੇ ਪੁਲਸ ਨੇ ਕਰਨਪਾਲ ਸਿੰਘ ਅਤੇ ਵੀ. ਪੀ. ਸਿੰਘ ਨੂੰ ਬੇਕਸੂਰ ਕਰਾਰ ਦਿੱਤਾ ਹੈ ਅਤੇ ਪੁਲਸ ਰਿਪੋਰਟ ਦੇ ਆਧਾਰ ’ਤੇ ਅਦਾਲਤ ਵੱਲੋਂ ਵੀ ਉਨ੍ਹਾਂ ਨੂੰ ਬੇਕਸੂਰ ਕਰਾਰ ਦਿੱਤਾ ਗਿਆ ਹੈ।
ਕਰਨਪਾਲ ਨੇ ਦੋਸ਼ ਲਾਇਆ ਕਿ ਇਹ ਸਾਰੇ ਝੂਠੇ ਮੁਕੱਦਮੇ ਫਿਰੋਜ਼ਪੁਰ ਸ਼ਹਿਰ ਦੇ ਵਿਧਾਇਕ ਰਹੇ ਪਰਮਿੰਦਰ ਸਿੰਘ ਪਿੰਕੀ ਅਤੇ ਉਸ ਦੇ ਸਾਲੇ ਬਿੱਟੂ ਸੰਘਾ ਵੱਲੋਂ ਸਿਆਸੀ ਰੰਜਿਸ਼ ਕਾਰਨ ਸਾਜ਼ਿਸ਼ ਤਹਿਤ ਦਬਾਅ ਬਣਾ ਕੇ ਦਰਜ ਕਰਵਾਏ ਗਏ ਸਨ, ਜਿਸ ਦੀ ਸੱਚਾਈ ਲੋਕਾਂ ਦੇ ਸਾਹਮਣੇ ਆ ਗਈ ਹੈ।
ਇਹ ਵੀ ਪੜ੍ਹੋ: ਦੇਸ਼ ’ਚ ਹਥਿਆਰਾਂ ਦੀ ਦੂਜੀ ਸਭ ਤੋਂ ਵੱਡੀ ਮੰਡੀ ਹੈ ਪੰਜਾਬ, ਅਕਾਲ ਤਖ਼ਤ ਦੇ ਜਥੇਦਾਰ ਦੇ ਬਿਆਨ ’ਤੇ ਨਜ਼ਰ
ਜ਼ਿਕਰਯੋਗ ਹੈ ਕਿ ਦਲਜੀਤ ਸਿੰਘ ਨਾਂ ਦੇ ਵਿਅਕਤੀ ਨੇ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ 2 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਉਸ ਦੀ ਕਾਰ ’ਤੇ ਫਾਇਰਿੰਗ ਕੀਤੀ। ਥਾਣਾ ਸਦਰ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਸਿਆਸੀ ਰੰਜਿਸ਼ ਕਾਰਨ ਪੁਲਸ ਨੇ ਦਲਜੀਤ ਸਿੰਘ, ਇਕਬਾਲ ਸਿੰਘ ਅਤੇ ਬੋਹੜ ਸਿੰਘ ਦੇ ਬਿਆਨ ਬਣਾ ਕੇ 16 ਨਵੰਬਰ 2020 ਨੂੰ ਇਸ ਕੇਸ ਵਿਚ ਕਰਨ ਅਤੇ ਜਰਨੈਲ ਸਿੰਘ ਨੂੰ ਨਾਮਜ਼ਦ ਕਰ ਦਿੱਤਾ, ਜਿਸ ਵਿਚ ਲਿਖਿਆ ਗਿਆ ਸੀ ਕਿ ਕਰਨਪਾਲ ਆਪਣੇ ਸਾਥੀਆਂ ਨਾਲ 23 ਅਕਤੂਬਰ 2020 ਨੂੰ ਜ਼ਿਲ੍ਹਾ ਕਚਹਿਰੀ ਫਿਰੋਜ਼ਪੁਰ ਦੀ ਕਾਰ ਪਾਰਕਿੰਗ ਵਿਚ ਗੱਲਾਂ ਕਰ ਰਹੇ ਸਨ ਕਿ ਦਲਜੀਤ ਸਿੰਘ ਵਾਸੀ ਦੁਲਚੀਕੇ ਜੋ ਕਿ ਵਰਿੰਦਰਪਾਲ ਸਿੰਘ ਖ਼ਿਲਾਫ਼ ਗਵਾਹ ਬਣਿਆ ਫਿਰਦਾ ਹੈ, ਇਸ ਦਾ ਪੱਕਾ ਹੱਲ ਕਰਦੇ ਹਾਂ ਅਤੇ ਪਹਿਲਾਂ ਵੀ ਜਦੋਂ ਦਲਜੀਤ ਸਿੰਘ ਦੇ ਫਾਇਰ ਮਾਰੇ ਸਨ, ਉਸ ਸਮੇਂ ਹਨੇਰਾ ਹੋਣ ਕਾਰਨ ਉਹ ਬਚ ਗਿਆ ਸੀ ਤਾਂ ਜਰਨੈਲ ਸਿੰਘ ਨੇ ਕਿਹਾ ਕਿ ਹੁਣ ਇਸ ਦਾ ਪੱਕਾ ਇਲਾਜ ਕਰਦੇ ਹਾਂ ਜਦੋਂਕਿ ਅਸਲ ’ਚ ਅਜਿਹਾ ਕੁਝ ਵੀ ਨਹੀਂ ਸੀ।
ਇਹ ਵੀ ਪੜ੍ਹੋ: ਹੈਰਾਨ ਕਰਦਾ ਖ਼ੁਲਾਸਾ: ਜਲੰਧਰ ਵਿਖੇ ਮੁਲਜ਼ਮ ਕਰ ਰਹੇ ਜੁਰਮ, ਪੁਲਸ ਵਾਲੇ ਦੇ ਰਹੇ ਸਰਪ੍ਰਸਤੀ, ਇੰਝ ਖੁੱਲ੍ਹਾ ਭੇਤ
ਮਾਮਲੇ ਦੀ ਜਾਂਚ ਲਈ ਕਪਤਾਨ ਪੁਲਸ (ਆਪ੍ਰੇਸ਼ਨ) ਫਿਰੋਜ਼ਪੁਰ ਦੀ ਅਗਵਾਈ ਹੇਠ ਇਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿਚ ਡੀ. ਐੱਸ. ਪੀ. (ਪੀ. ਆਈ. ਬੀ.) ਸਪੈਸ਼ਲ ਕ੍ਰਾਈਮ ਅਤੇ ਥਾਣਾ ਸਦਰ ਫਿਰੋਜ਼ਪੁਰ ਦੇ ਐੱਸ. ਐੱਚ. ਓ. ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ। ਇਸ ਸਿੱਟ ਨੇ ਐੱਸ. ਐੱਸ. ਪੀ. ਫਿਰੋਜ਼ਪੁਰ ਨੂੰ ਆਪਣੀ ਰਿਪੋਰਟ ਦਿੱਤੀ ਕਿ ਜਾਂਚ ਦੌਰਾਨ 23 ਅਕਤੂਬਰ 2020 ਨੂੰ ਇਕਬਾਲ ਸਿੰਘ ਵਿਰਕ ਤੇ ਬੋਹੜ ਸਿੰਘ ਦਾ ਜ਼ਿਲ੍ਹਾ ਕਚਹਿਰੀ ਫਿਰੋਜ਼ਪੁਰ ’ਚ ਜਾਣਾ ਸਾਬਤ ਹੀ ਨਹੀਂ ਹੋਇਆ ਅਤੇ 16 ਨਵੰਬਰ 2020 ਨੂੰ ਸ਼ਾਮ 4 ਵਜੇ ਪਿੰਡ ਦੁਲਚੀਕੇ ਦੇ ਖੇਤਾਂ ਵਿਚ ਦਲਜੀਤ ਸਿੰਘ, ਬੋਹੜ ਸਿੰਘ ਅਤੇ ਇਕਬਾਲ ਸਿੰਘ ਵਿਰਕ ਇਕੱਠੇ ਨਹੀਂ ਹੋਏ ਅਤੇ ਨਾ ਹੀ 16 ਨਵੰਬਰ 2020 ਨੂੰ ਰਾਤ 9 ਵਜੇ ਥਾਣਾ ਸਦਰ ਫਿਰੋਜ਼ਪੁਰ ਵਿਖੇ ਉਨ੍ਹਾਂ ਦੇ ਇਕੱਠੇ ਹੋਣ ਦੀ ਕੋਈ ਗੱਲ ਸਾਹਮਣੇ ਆਈ ਹੈ। ਨਾ ਹੀ ਇਨ੍ਹਾਂ ਦੀ ਲੋਕੇਸ਼ਨ ਤੋਂ ਅਜਿਹਾ ਕੁਝ ਸਾਬਤ ਹੁੰਦਾ ਹੈ। ਸਪਸ਼ਟ ਹੈ ਕਿ ਜਰਨੈਲ ਸਿੰਘ ਪੁੱਤਰ ਹਾਕਮ ਸਿੰਘ ਅਤੇ ਕਰਨ ਪਾਲ ਪੁੱਤਰ ਵਰਿੰਦਰਪਾਲ ਸਿੰਘ ਨੂੰ ਸਾਜ਼ਿਸ਼ ਤਹਿਤ ਮਨਘੜਤ ਕਹਾਣੀ ਬਣਾ ਕੇ ਝੂਠੇ ਮੁਕੱਦਮੇ ਵਿਚ ਫਸਾਇਆ ਜਾ ਰਿਹਾ ਹੈ ਅਤੇ ਕਿਉਂਕਿ ਇਹ ਮਾਮਲਾ ਲਗਭਗ 2 ਸਾਲ ਪੁਰਾਣਾ ਹੈ ਅਤੇ 2 ਸਾਲ ਬਾਅਦ ਦਲਜੀਤ ਸਿੰਘ ਵੱਲੋਂ ਬਿਆਨ ਦੇ ਕੇ ਇਕ ਸਾਜ਼ਿਸ਼ ਤਹਿਤ ਕਰਨਪਾਲ ਅਤੇ ਜਰਨੈਲ ਸਿੰਘ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਟ ਵੱਲੋਂ ਆਪਣੀ ਰਿਪੋਰਟ ਦੇਣ ’ਤੇ ਐੱਸ. ਐੱਸ. ਪੀ. ਫਿਰੋਜ਼ਪੁਰ ਨੇ ਡੀ. ਜੀ. ਪੀ. ਪੰਜਾਬ ਨੂੰ ਚਿੱਠੀ ਲਿਖ ਕੇ ਸਪਸ਼ਟ ਕੀਤਾ ਸੀ ਕਿ ਸਿੱਟ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਹੈ। ਇਸ ਦੌਰਾਨ ਪਾਇਆ ਗਿਆ ਕਿ ਜਰਨੈਲ ਸਿੰਘ ਅਤੇ ਕਰਨਪਾਲ ਸਿੰਘ ਨੂੰ ਝੂਠੇ ਕੇਸ ਵਿਚ ਫਸਾਇਆ ਜਾ ਰਿਹਾ ਹੈ। ਐੱਸ. ਆਈ. ਟੀ. ਦੀ ਰਿਪੋਰਟ ਦੇ ਆਧਾਰ ’ਤੇ ਪੁਲਸ ਨੇ ਕਰਨਪਾਲ ਆਦਿ ਨੂੰ ਬੇਕਸੂਰ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ: ਸਰਹੱਦੀ ਪਿੰਡਾਂ 'ਚ BSF ਦਾ ਸ਼ਲਾਘਾਯੋਗ ਉਪਰਾਲਾ, ਇੰਝ ਕਰ ਰਹੇ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ
ਦੂਸਰੇ ਪਾਸੇ ਇਸ ਮੁਕੱਦਮੇ ਦੇ ਮੁੱਦਈ ਦਲਜੀਤ ਸਿੰਘ ਨੇ ਲਿਖਤੀ ਸ਼ਿਕਾਇਤਾਂ ਭੇਜ ਕੇ ਕਿਹਾ ਕਿ ਉਸ ਨੇ ਕਰਨਪਾਲ ਅਤੇ ਜਰਨੈਲ ਸਿੰਘ ਖ਼ਿਲਾਫ਼ ਕੋਈ ਬਿਆਨ ਦਰਜ ਨਹੀਂ ਕਰਵਾਏ ਅਤੇ ਉਸ ਸਮੇਂ ਦੇ ਐੱਸ. ਐੱਚ. ਓ. ਵੱਲੋਂ ਸਿਆਸੀ ਦਬਾਅ ਹੇਠ ਆ ਕੇ ਝੂਠੇ ਬਿਆਨ ਬਣਾ ਕੇ ਸਾਜਿਸ਼ ਤਹਿਤ ਕਰਨਪਾਲ ਸਿੰਘ ਅਤੇ ਜਰਨੈਲ ਸਿੰਘ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਹੈ, ਇਸ ਲਈ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ।
ਇਹ ਵੀ ਪੜ੍ਹੋ: ਜਿਸ ਬੋਰਵੈੱਲ 'ਚ ਡਿੱਗ ਕੇ 6 ਸਾਲਾ 'ਰਿਤਿਕ ਰੌਸ਼ਨ' ਨੇ ਗੁਆਈ ਸੀ ਜਾਨ, ਉਸ ਦੇ ਮਾਲਕ ਖ਼ਿਲਾਫ਼ ਹੋਈ ਵੱਡੀ ਕਾਰਵਾਈ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ