ਲੁੱਟ ਦੇ ਤੀਜੇ ਦਿਨ ਫਿਰ ਵਾਰਦਾਤ, ਪੱਤਰ ''ਚ ਲਿਖਿਆ ਗੈਂਗਸਟਰ ਦਿਲਪ੍ਰੀਤ ਦੇ ਗੈਂਗ ਦਾ ਨਾਂ

12/27/2019 1:27:07 PM

ਚੰਡੀਗੜ੍ਹ/ਪਿੰਜੌਰ (ਰਾਵਤ) : ਕਬਾੜ ਵਪਾਰੀ ਤੋਂ ਲੁੱਟ ਦੇ ਤਿੰਨ ਦਿਨ ਬਾਅਦ ਇਕ ਵਾਰ ਫਿਰ ਕੁਝ ਅਣਪਛਾਤੇ ਨੌਜਵਾਨਾਂ ਨੇ ਉਸੇ ਕਬਾੜ ਵਪਾਰੀ ਦੇ ਦਫ਼ਤਰ ਦੇ ਬਾਹਰ ਇਕ ਧਮਕੀ ਭਰੀ ਚਿੱਠੀ ਚਿਪਕਾ ਦਿੱਤੀ ਅਤੇ ਉਸ ਦੇ ਦਫ਼ਤਰ ਦੇ ਬਾਹਰ ਗੋਲੀਆਂ ਚਲਾਈਆਂ। ਹਮਲਾਵਰਾਂ ਨੇ 3 ਹਵਾਈ ਫਾਇਰ ਕੀਤੇ ਅਤੇ ਦੋ ਫਾਇਰ ਦਫ਼ਤਰ 'ਤੇ ਦਾਗੇ। ਜੋ ਪੱਤਰ ਦਫ਼ਤਰ ਦੇ ਬਾਹਰ ਚਿਪਕਾਇਆ ਹੈ, ਉਸ 'ਤੇ ਪੰਜਾਬੀ 'ਚ ਨੀਲੇ ਰੰਗ ਦੀ ਸਿਆਹੀ ਨਾਲ ਲਿਖਿਆ ਹੈ ਕਿ 'ਤੁਹਾਡਾ ਸਾਰਾ ਖਾਨਦਾਨ ਮਾਰ ਦੇਣਾ ਏ, ਇਹ ਤਾਂ ਟ੍ਰੇਲਰ ਏ ਫ਼ਿਲਮ ਵਿਖਾਵਾਂਗੇ, ਜਿਥੇ ਮਰਜ਼ੀ ਭੱਜ ਲੈ ਪੁਰਸ਼ੋਤਮ ਤੈਨੂੰ ਜ਼ਰੂਰ ਮਾਰਨਾ : ਦਿਲਪ੍ਰੀਤ ਬਾਬਾ।' ਧਮਕੀ ਭਰੀ ਚਿੱਠੀ ਪੜ੍ਹ ਕੇ ਕਬਾੜ ਵਪਾਰੀ ਦੇ ਵੀ ਹੋਸ਼ ਉਡ ਗਏ। ਪੱਤਰ ਪੜ੍ਹਨ ਤੋਂ ਬਾਅਦ ਉਸ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਸ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਪੁਲਸ ਪਹੁੰਚੀ ਸੀ ਜਾਣਕਾਰੀ ਲੈਣ, ਵਾਪਸ ਜਾਣ ਲੱਗੀ ਤਾਂ ਚੱਲੀਆਂ ਗੋਲੀਆਂ
ਮੜ੍ਹਾਂਵਾਲਾ ਚੌਕੀ ਇੰਚਾਰਜ ਰਾਜਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਉਹ ਮੜ੍ਹਾਂਵਾਲਾ ਦੇ ਉਸੇ ਵਪਾਰੀ ਪੁਰਸ਼ੋਤਮ ਰਾਮ ਦੇ ਦਫ਼ਤਰ 'ਚ ਦੁਪਹਿਰ ਸਾਢੇ ਤਿੰਨ ਵਜੇ ਕੁਝ ਜਾਣਕਾਰੀ ਲੈਣ ਪੁੱਜੇ। ਪੁਰਸ਼ੋਤਮ ਆਪਣੇ ਦਫ਼ਤਰ 'ਚ ਨਹੀਂ ਸੀ ਅਤੇ ਜਦੋਂ ਉਸ ਨੂੰ ਫੋਨ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਦਫ਼ਤਰ ਆਇਆ ਸੀ ਅਤੇ ਸ਼ਟਰ ਖੋਲ੍ਹ ਕੇ ਥੋੜ੍ਹੀ ਦੂਰ ਦੋਸਤ ਦੇ ਦਫ਼ਤਰ 'ਚ ਜਾ ਕੇ ਬੈਠਾ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਉਹ ਆਪਣੀ ਗੱਡੀ 'ਚ ਬੈਠ ਰਹੇ ਸਨ, ਉਸੇ ਸਮੇਂ ਉਨ੍ਹਾਂ ਨੂੰ ਪੁਰਸ਼ੋਤਮ ਦੇ ਦਫ਼ਤਰ ਦੇ ਬਾਹਰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਿਵੇਂ ਹੀ ਉਹ ਗੱਡੀ ਤੋਂ ਉਤਰ ਕੇ ਹੇਠਾਂ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ 3 ਤੋਂ 5 ਨੌਜਵਾਨ ਇਕ ਦਿੱਲੀ ਨੰਬਰ ਦੀ ਸ਼ਿਆਜ ਗੱਡੀ ਜੋ ਬੱਦੀ ਵਲੋਂ ਆਈ ਸੀ, 'ਚ ਬੈਠ ਕੇ ਪਿੰਜੌਰ ਵੱਲ ਰਵਾਨਾ ਹੋ ਗਏ। ਸਬ-ਇੰਸਪੈਕਟਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗੱਡੀ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਟ੍ਰੈਫਿਕ ਦੀ ਆੜ 'ਚ ਮੁਲਜ਼ਮ ਆਪਣੀ ਗੱਡੀ ਭਜਾਉਣ 'ਚ ਕਾਮਯਾਬ ਹੋ ਗਏ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਮਿਲਦੇ ਹੀ ਕਾਲਕਾ ਏ. ਸੀ. ਪੀ. ਰਮੇਸ਼ ਗੁਲੀਆ, ਥਾਣਾ ਪਿੰਜੌਰ ਇੰਚਾਰਜ ਯਸ਼ਦੀਪ ਸਿੰਘ, ਕ੍ਰਾਈਮ ਬ੍ਰਾਂਚ ਦੀ ਟੀਮ ਸਮੇਤ ਭਾਰੀ ਪੁਲਸ ਦਲ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਤਫ਼ਤੀਸ਼ 'ਚ ਜੁਟ ਗਏ।
ਤਿੰਨ ਦਿਨ ਪਹਿਲਾਂ ਪੁਲਸ ਨਾਲ ਹੋਇਆ ਸੀ ਲੁਟੇਰਿਆਂ ਦਾ ਮੁਕਾਬਲਾ
 ਯਾਦ ਰਹੇ ਕਿ ਮੰਗਲਵਾਰ ਨੂੰ ਕਬਾੜ ਵਪਾਰੀ ਪੁਰਸ਼ੋਤਮ ਰਾਮ ਦੇ ਦਫ਼ਤਰ 'ਚ ਆ ਕੇ ਤਿੰਨ ਨੌਜਵਾਨਾਂ ਨੇ ਰਿਵਾਲਵਰ ਤਾਣੀ ਅਤੇ ਉਸ ਤੋਂ 20 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਪੁਲਸ ਨੇ ਪਿੱਛਾ ਕੀਤਾ ਤਾਂ ਉਨ੍ਹਾਂ ਦੀ ਆਈ-20 ਕਾਰ ਨਾਲੀ 'ਚ ਫਸ ਗਈ। ਇਸ ਦੌਰਾਨ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਖੇਤਾਂ 'ਚ ਲੁਕ ਕੇ ਫਰਾਰ ਹੋ ਗਏ। ਇਸ ਦੌਰਾਨ ਪੁਲਸ ਨੇ ਵੀ ਗੋਲੀਆਂ ਚਲਾਈਆਂ ਸਨ। ਪੁਲਸ ਨੇ ਮੁਲਜ਼ਮਾਂ ਦੀ ਗੱਡੀ ਤੋਂ ਲੁੱਟ ਦੀ ਨਕਦੀ ਅਤੇ ਮੋਬਾਇਲ ਵੀ ਬਰਾਮਦ ਕਰ ਲਿਆ ਸੀ।
ਮੋਬਾਇਲ ਤੋਂ ਮਿਲੇ ਅਹਿਮ ਸੁਰਾਗ
ਕਾਲਕਾ ਏ. ਸੀ. ਪੀ. ਰਮੇਸ਼ ਗੁਲੀਆ ਨੇ ਦੱਸਿਆ ਕਿ ਮੰਗਲਵਾਰ ਦੀ ਘਟਨਾ ਤੋਂ ਬਾਅਦ ਮੁਲਜ਼ਮਾਂ ਦੀ ਕਾਰ ਤੋਂ ਬਰਾਮਦ ਮੋਬਾਇਲ ਤੋਂ ਕੁਝ ਅਹਿਮ ਸੁਰਾਗ ਮਿਲੇ ਹਨ। ਪੁਲਸ ਪੁਰਸ਼ੋਤਮ ਦੇ ਦਫ਼ਤਰ 'ਚ ਪੁਲਸ ਜਵਾਨ ਤਾਇਨਾਤ ਕਰੇਗੀ। ਉਨ੍ਹਾਂ ਕਿਹਾ ਕਿ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਪੁਲਸ ਨੇ ਘਟਨਾ ਸਥਾਨ ਤੋਂ ਗੋਲੀ ਦਾ ਇਕ ਖੋਲ ਵੀ ਬਰਾਮਦ ਕੀਤਾ ਹੈ।


Babita

Content Editor

Related News