ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ (ਵੀਡੀਓ)

Monday, Jun 25, 2018 - 02:30 PM (IST)

ਮੋਗਾ (ਵਿਪਨ) : ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪਨਬੱਸ ਕਰਮਚਾਰੀਆਂ ਵਲੋਂ ਪੰਜਾਬ 'ਚ ਇਕ ਦਿਨ ਲਈ ਚੱਕਾ ਜਾਮ ਕਰ ਦਿੱਤਾ ਗਿਆ। ਅੱਜ ਸਵੇਰ ਤੋਂ ਹੀ 'ਪਨਬਸ' ਦੀ ਕੋਈ ਵੀ ਬੱਸ ਨਹੀਂ ਚੱਲ ਰਹੀ, ਜਦੋਂ ਕਿ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਹਨ। ਇਸ ਲਈ ਜੇਕਰ ਤੁਸੀਂ ਅੱਜ ਬੱਸ 'ਚ ਸਫਰ ਕਰਨ ਦੀ ਸੋਚ ਰਹੇ ਹੋ ਤਾਂ ਸੋਚ-ਸਮਝ ਕੇ ਘਰੋਂ ਨਿਕਲਣਾ। ਤੁਹਾਨੂੰ ਦੱਸ ਦੇਈਏ ਕਿ ਪਨਬਸ ਕਰਮਚਾਰੀ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। 
ਇਸ ਮੌਕੇ ਕਰਮਚਾਰੀਆਂ ਨੇ ਕਿਹਾ ਕਿ ਪਨਬਸ 'ਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਬਿਨਾਂ ਕਿਸੇ ਸ਼ਰਤ ਪੰਜਾਬ ਰੋਡਵੇਜ਼ 'ਚ ਪੱਕਾ ਕੀਤਾ ਜਾਵੇ ਅਤੇ ਆਊਟ ਸੋਰਸਿੰਗ ਭਰਤੀ ਨੂੰ ਬੰਦ ਕੀਤਾ ਜਾਵੇ। ਕਰਮਚਾਰੀਆਂ ਦੀ ਮੰਗ ਹੈ ਕਿ 26-10-2016 ਨੂੰ ਆਏ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕੀਤਾ ਜਾਵੇ। ਪੰਜਾਬ ਰੋਡਵੇਜ਼ ਦੇ ਸਾਰੇ ਕਾਨੂੰਨ ਪਨਬਸ ਕਰਮਚਾਰੀਆਂ 'ਤੇ ਲਾਗੂ ਕੀਤਾ ਜਾਵੇ ਅਤੇ ਟਿਕਟਾਂ ਦੀ ਜ਼ਿੰਮੇਵਾਰੀ ਦੂਜੇ ਸੂਬਿਆਂ ਦੀ ਤਰ੍ਹਾਂ ਸਵਾਰੀਆਂ 'ਤੇ ਕੀਤੀ ਜਾਵੇ ਅਤੇ ਜੋ ਉਨ੍ਹਾਂ 'ਤੇ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ। 
ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਕਈ ਵਾਰ ਸਰਕਾਰ ਨੂੰ ਦੱਸੀਆਂ ਗਈਆਂ ਹਨ। ਚੋਣਾਂ ਤੋਂ ਪਹਿਲਾਂ ਬਹੁਤ ਵਾਅਦੇ ਕੀਤੇ ਪਰ ਅਜੇ ਤੱਕ ਕੋਈ ਵਾਅਦਾ ਪੂਰਾ ਨਹੀਂ ਹੋਇਆ, ਇਸ ਲਈ ਅੱਜ ਪੰਜਾਬ ਭਰ 'ਚ ਕਰੀਬ 1500 ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਹੈ ਅਤੇ ਕਰੀਬ 3000 ਕਰਮਚਾਰੀ ਇਕ ਦਿਨ ਦੀ ਹੜਤਾਲ 'ਤੇ ਹਨ। ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਤਾਂ ਉਹ ਫਿਰ ਅੱਗੇ ਦੀ ਰਣਨੀਤੀ ਬਣਾਉਣਗੇ।


Related News