ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਮਹਿੰਗਾ ਹੋ ਸਕਦੈ ਬੱਸਾਂ ਦਾ ਸਫ਼ਰ

Sunday, Apr 03, 2022 - 10:36 AM (IST)

ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਮਹਿੰਗਾ ਹੋ ਸਕਦੈ ਬੱਸਾਂ ਦਾ ਸਫ਼ਰ

ਲੁਧਿਆਣਾ (ਮੋਹਿਨੀ) : ਦੇਸ਼ ਭਰ ਵਿਚ ਵੱਧ ਰਹੀ ਮਹਿੰਗਾਈ ਨੇ ਜਿੱਥੇ ਜਨਤਾ ਦਾ ਲੱਕ ਤੋੜ ਦਿੱਤਾ ਹੈ, ਉੱਥੇ ਪੈਟਰੋਲ-ਡੀਜ਼ਲ ਦੇ ਰੇਟਾਂ ਵਿਚ ਲਗਾਤਾਰ ਹੋ ਰਹੇ ਵਾਧੇ ਨਾਲ ਵਾਹਨ ਚਾਲਕਾਂ ’ਤੇ ਬੋਝ ਵੱਧ ਰਿਹਾ ਹੈ। ਡੀਜ਼ਲ ਦੇ ਰੇਟ ਵਧਣ ਨਾਲ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਨੇ ਵੀ ਬੱਸਾਂ ਦਾ ਕਿਰਾਇਆ ਵਧਾਉਣ ਲਈ ਪੰਜਾਬ ਸਰਕਾਰ ਨੂੰ ਪ੍ਰਸਤਾਵ ਭੇਜ ਕੇ ਕਿਰਾਏ ਵਿਚ ਪ੍ਰਤੀ ਕਿਲੋਮੀਟਰ 10 ਪੈਸੇ ਦੇ ਵਾਧੇ ਦੀ ਮੰਗ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਡੀਜ਼ਲ ਅਤੇ ਪੈਟਰੋਲ ਦੇ ਰੇਟ ਕਈ ਵਾਰ ਵੱਧਣ ਨਾਲ ਇਸ ਦਾ ਅਸਰ ਆਰਥਿਕ ਤੰਗੀ ਨਾਲ ਜੂਝ ਰਹੀ ਪੀ. ਆਰ. ਟੀ. ਸੀ. ’ਤੇ ਪੈ ਰਿਹਾ ਹੈ ਪਰ ਬੱਸਾਂ ਦਾ ਕਿਰਾਇਆ ਵਧਣ ਨਾਲ ਮੁਸਾਫ਼ਰਾਂ ਦਾ ਸਫ਼ਰ ਮਹਿੰਗਾ ਹੋ ਜਾਵੇਗਾ, ਜਿਸ ਨਾਲ ਉਨ੍ਹਾਂ ਦੀ ਜੇਬ ਹੋਰ ਕੱਟੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਨਸ਼ੇ ਨੂੰ ਲੈ ਕੇ 'ਭਗਵੰਤ ਮਾਨ' ਦਾ ਵੱਡਾ ਖ਼ੁਲਾਸਾ, ਵਿਧਾਨ ਸਭਾ ਦੇ ਇਜਲਾਸ ਦੌਰਾਨ ਆਖੀ ਇਹ ਗੱਲ

ਵਿਭਾਗੀ ਜਾਣਕਾਰੀ ਮੁਤਾਬਕ ਪੀ. ਆਰ. ਟੀ. ਸੀ. ਦੀਆਂ ਬੱਸਾਂ ਵਿਚ ਰੋਜ਼ਾਨਾ ਦੇ ਹਿਸਾਬ ਨਾਲ 80 ਹਜ਼ਾਰ ਡੀਜ਼ਲ ਦੀ ਖ਼ਪਤ ਹੋ ਰਹੀ ਹੈ ਅਤੇ ਡੀਜ਼ਲ ਪਵਾਉਣ ’ਤੇ ਕਾਰਪੋਰੇਸ਼ਨ ਦਾ ਕਰੀਬ 72 ਲੱਖ ਰੁਪਏ ਪ੍ਰਤੀ ਦਿਨ ਖ਼ਰਚ ਆ ਰਿਹਾ ਹੈ। ਖ਼ਰਚ ਵਧਣ ਨਾਲ ਰੈਗੂਲਰ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਨੂੰ ਉਨ੍ਹਾਂ ਦੇ ਡੀ. ਏ. ਦੀ ਕਿਸ਼ਤ, ਮੈਡੀਕਲ ਅਤੇ ਹੋਰ ਭੱਤੇ ਦੇਣਾ ਮੁਸ਼ਕਲ ਹੋ ਗਿਆ ਹੈ। ਆਰਥਿਕ ਮੁਸ਼ਕਲਾਂ ਦਾ ਹਵਾਲਾ ਦਿੰਦੇ ਹੋਏ ਪੀ. ਆਰ. ਟੀ. ਸੀ. ਦੀ ਮੈਨੇਜਿੰਗ ਡਾਇਰੈਕਟਰ ਪ੍ਰਨੀਤ ਕੌਰ ਸ਼ੇਰਗਿੱਲ ਨੇ ਦੱਸਿਆ ਕਿ ਡੀਜ਼ਲ ਦੇ ਵੱਧਦੇ ਰੇਟਾਂ ਨਾਲ ਕਾਰਪੋਰੇਸ਼ਨ ਲਈ ਆਪਣੇ ਖ਼ਰਚੇ ਪੂਰਾ ਕਰਨਾ ਕਾਫੀ ਮੁਸ਼ਕਲ ਹੋ ਰਿਹਾ ਹੈ। ਉੱਪਰੋਂ 6ਵਾਂ ਪੇਅ-ਕਮਿਸ਼ਨ ਲਾਗੂ ਕਰਨ ਤੋਂ ਬਾਅਦ ਤਨਖ਼ਾਹ ਵੀ ਵੱਧ ਗਈ ਹੈ।

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਸਹੁਰੇ ਦੀ ਮੌਤ ਦੇ 27 ਸਾਲਾਂ ਮਗਰੋਂ ਜੱਗ-ਜ਼ਾਹਰ ਹੋਇਆ ਸੱਸ ਦਾ ਕਾਰਾ, ਨੂੰਹ ਨੇ ਖੋਲ੍ਹੇ ਰਾਜ਼

ਉਨ੍ਹਾਂ ਦੱਸਿਆ ਕਿ ਪੀ. ਆਰ. ਟੀ. ਸੀ. ਦੇ ਬੇੜੇ ਵਿਚ ਇਸ ਸਮੇਂ ਤਕਰੀਬਨ 1200 ਬੱਸਾਂ ਹਨ। ਡੀਜ਼ਲ ਦੇ ਰੇਟ ਜਿਸ ਤਰ੍ਹਾਂ ਰੋਜ਼ਾਨਾ ਵੱਧ ਰਹੇ ਹਨ ਅਤੇ ਆਗਾਮੀ ਦਿਨਾਂ ਵਿਚ ਖ਼ਰਚ ਵਿਚ ਹੋਰ ਇਜ਼ਾਫੇ ਦੀ ਸੰਭਾਵਨਾ ਹੈ। ਪੰਜਾਬ ਵਿਚ ਇਸ ਸਮੇਂ ਪੀ. ਆਰ. ਟੀ. ਸੀ. ਬੱਸਾਂ ਦਾ ਕਿਰਾਇਆ ਪ੍ਰਤੀ ਕਿਲੋਮੀਟਰ ਇਕ ਰੁਪਏ 22 ਪੈਸੇ ਹੈ। ਕੈਬਨਿਟ ਦੀ ਮੀਟਿੰਗ ਵਿਚ ਕਾਰਪੋਰੇਸ਼ਨ ਦਾ ਪ੍ਰਸਤਾਵ ਜੇਕਰ ਮੰਨ ਲਿਆ ਗਿਆ ਤਾਂ ਪੀ. ਆਰ. ਟੀ. ਸੀ. ਬੱਸਾਂ ਦਾ ਕਿਰਾਇਆ ਪ੍ਰਤੀ ਕਿਲੋਮੀਟਰ 1 ਰੁਪਏ 32 ਪੈਸੇ ਹੋ ਜਾਵੇਗਾ। ਕਿਰਾਇਆ ਵੱਧਣ ਨਾਲ ਪੀ. ਆਰ. ਟੀ. ਸੀ. ਦੀ ਰੋਜ਼ਾਨਾ ਦੀ ਆਮਦਨ 10 ਲੱਖ ਰੁਪਏ ਤੱਕ ਵੱਧ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News