ਬੱਸ ਸਟੈਂਡ ''ਚ ਬਣਾਏ ਜਾ ਰਹੇ ਗੰਦੇ ਕੂੜੇ ਦੇ ਡੰਪ ਦਾ ਵਿਰੋਧ

Thursday, Nov 29, 2018 - 04:39 PM (IST)

ਬੱਸ ਸਟੈਂਡ ''ਚ ਬਣਾਏ ਜਾ ਰਹੇ ਗੰਦੇ ਕੂੜੇ ਦੇ ਡੰਪ ਦਾ ਵਿਰੋਧ

ਮਾਛੀਵਾੜਾ ਸਾਹਿਬ (ਟੱਕਰ) : ਇਤਿਹਾਸਕ ਸ਼ਹਿਰ ਮਾਛੀਵਾੜਾ ਦੀ ਨਗਰ ਕੌਂਸਲ ਵਲੋਂ ਬੱਸ ਸਟੈਂਡ ਦੇ ਅੰਦਰ ਹੀ ਗੰਦੇ ਕੂੜੇ ਦਾ ਡੰਪ ਬਣਾਉਣ ਨੂੰ ਲੈ ਕੇ ਨਾਲ ਲੱਗਦੇ ਜਸਦੇਵ ਸਿੰਘ ਨਗਰ ਦੇ ਵਾਸੀਆਂ ਵਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਅਤੇ ਉਨ੍ਹਾਂ ਅੱਜ ਮੌਕੇ 'ਤੇ ਪਹੁੰਚ ਕੇ ਕੰਮ ਰੁਕਵਾ ਦਿੱਤਾ। ਜਸਦੇਵ ਸਿੰਘ ਨਗਰ ਦੇ ਵਾਸੀ ਸੰਪੂਰਨ ਸਿੰਘ ਧਾਲੀਵਾਲ, ਜਗਨਨਾਥ, ਸਰਪੰਚ ਹਰਜੀਤ ਸਿੰਘ, ਪਰਮਜੀਤ ਸਿੰਘ, ਅਸ਼ੋਕ ਕੁਮਾਰ ਬਾਹਰੀ, ਸ਼ੇਰ ਸਿੰਘ, ਜੇ.ਈ ਨਿਰਮਲ ਸਿੰਘ, ਰਜਿੰਦਰ ਗਿੱਲ, ਅਮਰਜੀਤ ਸਿੰਘ ਢਿੱਲੋਂ, ਪਰਮਜੀਤ ਪੰਮਾ, ਗੁਰਦੀਪ ਸਿੰਘ ਕਾਹਲੋਂ, ਜੁਗਰਾਜ ਸਿੰਘ, ਮਾ. ਸੁਰਜੀਤ ਸਿੰਘ, ਅਮਰੀਕ ਸਿੰਘ ਖੁਰਾਣਾ ਨੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਛੀਵਾੜਾ ਸ਼ਹਿਰ ਦਾ ਸਭ ਤੋਂ ਵਧੀਆ ਤੇ ਵਿਕਸਤ ਕਲੌਨੀ ਨੂੰ ਜੇ.ਐਸ. ਨਗਰ ਹੈ ਅਤੇ ਇਸ ਦੀ ਸੁੰਦਰਤਾ ਨੂੰ ਦਾਗ ਲਗਾਉਣ ਲਈ ਨੇੜ੍ਹੇ ਹੀ ਬਣੇ ਬੱਸ ਸਟੈਂਡ ਅੰਦਰ ਗੰਦੇ ਕੂੜੇ ਦਾ ਡੰਪ ਬਣਾਇਆ ਜਾਣਾ ਬਹੁਤ ਹੀ ਮੰਦਭਾਗਾ ਹੈ।

ਉਨ੍ਹਾਂ ਦੱਸਿਆ ਕਿ ਇਤਿਹਾਸਕ ਸ਼ਹਿਰ ਵਿਚ ਸਥਿਤ ਗੁਰਦੁਆਰਾ ਸਹਿਬਾਨਾਂ ਦੇ ਦਰਸ਼ਨ ਕਰਨ ਲਈ ਸ਼ਰਧਾਲੂ ਬੱਸਾਂ ਰਾਹੀਂ ਜਦੋਂ ਬੱਸ ਸਟੈਂਡ 'ਚਆਉਣਗੇ ਤਾਂ ਉਥੇ ਉਨ੍ਹਾਂ ਦਾ ਸੁਆਗਤ ਇਸ ਗੰਦੇ ਕੂੜੇ ਵਾਲੇ ਡੰਪ ਦੀ ਬਦਬੂ ਕਰੇਗੀ, ਜਿਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਲੱਗੇਗੀ। ਉਨ੍ਹਾਂ ਦੱਸਿਆ ਕਿ ਹਰੇਕ ਨਗਰ ਕੌਂਸਲ ਬੱਸ ਸਟੈਂਡ ਨੂੰ ਹੋਰ ਸੁੰਦਰ ਬਣਾਉਣ ਲਈ ਯਤਨ ਕਰਦੀ ਹੈ ਪਰ ਮਾਛੀਵਾੜਾ ਕੌਂਸਲ ਵਲੋਂ ਇਸ ਦੇ ਅੰਦਰ ਕੂੜੇ ਦਾ ਡੰਪ ਬਣਾਉਣਾ ਮਾੜੀ ਸੋਚ ਹੈ। ਉਨ੍ਹਾਂ ਕਿਹਾ ਕਿ ਇਹ ਗੰਦੇ ਕੂੜੇ ਦੀ ਬਦਬੂ ਬੱਸ ਸਟੈਂਡ ਨੇੜ੍ਹੇ ਬਣੇ ਜੇ.ਐਸ ਨਗਰ ਦੇ ਵਾਸੀਆਂ ਦਾ ਜਿਓਣਾ ਦੁੱਭਰ ਕਰ ਦੇਵੇਗੀ ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਕੂੜੇ ਦਾ ਡੰਪ ਬਾਹਰ ਕਿਸੇ ਯੋਗ ਥਾਂ 'ਤੇ ਬਣਾਇਆ ਜਾਵੇ ਜਿੱਥੇ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਜੇ.ਐਸ ਨਗਰ ਦੇ ਵਾਸੀਆਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਅੱਜ ਕਾਂਗਰਸ ਪ੍ਰਦੇਸ਼ ਸਕੱਤਰ ਤੇਜਿੰਦਰ ਸਿੰਘ ਕੂੰਨਰ ਤੇ ਸੀਨੀਅਰ ਆਗੂ ਰਾਜਵੰਤ ਸਿੰਘ ਕੂੰਨਰ ਵੀ ਉਨ੍ਹਾਂ ਦੇ ਹੱਕ ਵਿਚ ਨਿੱਤਰੇ ਅਤੇ ਉਨ੍ਹਾਂ ਇਹ ਮਾਮਲਾ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਕੋਲ ਉਠਾਇਆ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਲੋਕਾਂ ਨੂੰ ਮੁਸ਼ਕਿਲ ਨਹੀਂ ਆਉਣ ਦੇਣਗੇ ਅਤੇ ਨਗਰ ਕੌਂਸਲ ਨੂੰ ਨਿਰਦੇਸ਼ ਜਾਰੀ ਕਰਨਗੇ ਕਿ ਇਹ ਕੂੜੇ ਦਾ ਡੰਪ ਕਿਤੇ ਹੋਰ ਬਣਾਇਆ ਜਾਵੇ।


author

Babita

Content Editor

Related News