ਕਰਫਿਊ ਖੁੱਲ੍ਹਣ ਦੇ ਬਾਵਜੂਦ ਪਿੰਡਾਂ ਲਈ ਬੱਸ ਸਹੂਲਤ ਨਹੀਂ ਹੋ ਰਹੀ ਸ਼ੁਰੂ
Sunday, May 31, 2020 - 09:25 PM (IST)
ਹੁਸ਼ਿਆਰਪੁਰ, (ਅਮਰਿੰਦਰ)- ਪੰਜਾਬ ਸਰਕਾਰ ਵੱਲੋਂ ਰੋਡਵੇਜ਼ ਬੱਸਾਂ ਨੂੰ ਚਲਾਉਣ ਦੀ ਯੋਜਨਾ 'ਤੇ ਜਿੱਥੇ ਮੁਸਾਫਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਸ਼ਹਿਰ ਦੇ ਅੰਦਰ ਆਟੋ ਚਾਲਕਾਂ ਨੂੰ ਫਿਜ਼ੀਕਲ ਡਿਸਟੈਂਸ ਦੀ ਪਾਲਣ ਕਰਨ ਕਰਕੇ ਸਵਾਰੀ ਨਹੀਂ ਮਿਲ ਰਹੀ, ਜਿਸ ਕਾਰਨ ਉਨ੍ਹਾਂ ਨੂੰ ਘਰਾਂ ਦਾ ਖਰਚਾ ਚਲਾਉਣਾ ਵੀ ਮੁਸ਼ਕਲ ਹੋ ਗਿਆ ਹੈ। ਰੋਡਵੇਜ਼ ਦੀਆਂ ਬੱਸਾਂ ਹੁਣ ਤੱਕ ਸਿਰਫ 5 ਰੂਟਾਂ ਹੁਸ਼ਿਆਰਪੁਰ ਤੋਂ ਜਲੰਧਰ, ਲੁਧਿਆਣਾ, ਚੰਡੀਗੜ੍ਹ, ਵਾਇਆ ਟਾਂਡਾ-ਬਟਾਲਾ ਅਤੇ ਵਾਇਆ ਮੁਕੇਰੀਆਂ-ਤਲਵਾੜਾ ਤੱਕ ਚੱਲ ਤਾਂ ਰਹੀਆਂ ਹਨ ਪ੍ਰੰਤੂ ਬੱਸਾਂ ਨੂੰ ਸਵਾਰੀ ਨਹੀਂ ਮਿਲ ਰਹੀ ਹੈ। ਇਸਦਾ ਅਸਲੀ ਕਾਰਨ ਇਹ ਵੀ ਹੈ ਕਿ ਇਹ ਸਾਰੀਆਂ ਬੱਸਾਂ ਰਾਹ ਵਾਲੇ ਸਟੇਸ਼ਨਾਂ 'ਤੇ ਨਹੀਂ ਰੁਕਦੀਆਂ। ਯਾਤਰੀਆਂ ਦੀ ਕਮੀ ਕਰਕੇ ਹੁਣ ਤੱਕ ਬੱਸ ਸਟੈਂਡ ਤੋਂ ਇਕ ਵੀ ਨਿੱਜੀ ਬੱਸ ਨਹੀਂ ਚੱਲ ਰਹੀ ਹੈ। ਦਰਅਸਲ 20 ਮਾਰਚ ਤੋਂ ਬਾਅਦ ਹੀ ਪਿੰਡਾਂ ਨੂੰ ਜਾਣ ਵਾਲੀ ਬੱਸ ਸੇਵਾ ਬੰਦ ਪਈ ਹੈ। ਜਿਸ ਕਰਕੇ ਪੇਂਡੂ ਖੇਤਰਾਂ ਨਾਲ ਸਬੰਧਤ ਲੋਕਾਂ ਨੂੰ ਸ਼ਹਿਰ ਪੁੱਜਣ ਲਈ ਸੜਕਾਂ 'ਤੇ ਖੜ੍ਹੇ ਹੋ ਕੇ ਨਿੱਜੀ ਵਾਹਨ ਚਾਲਕਾਂ ਤੋਂ ਲਿਫਟ ਲੈਂਦੇ ਹੋਏ ਆਮ ਵੇਖਿਆ ਜਾ ਸਕਦਾ ਹੈ।
ਪਿੰਡਾਂ ਤੋਂ ਸ਼ਹਿਰ ਆਉਣ ਵਾਲੇ ਲੋਕਾਂ ਨੂੰ ਹੋ ਰਹੀ ਹੈ ਪ੍ਰੇਸ਼ਾਨੀ
ਪੰਜਾਬ ਸਰਕਾਰ ਵੱਲੋਂ ਸ਼ਹਿਰੀ ਇਲਾਕਿਆਂ 'ਚ ਮੁੱਖ ਰੂਟ 'ਤੇ ਤਾਂ ਬੱਸ ਸਰਵਿਸ ਚਾਲੂ ਕਰ ਦਿੱਤੀ ਗਈ, ਪ੍ਰੰਤੂ ਪੇਂਡੂ ਖੇਤਰ ਇਸ ਤੋਂ ਵਾਂਝੇ ਹਨ। ਬੱਸ ਸੇਵਾ ਸ਼ੁਰੂ ਨਾ ਹੋ ਸਕਣ ਕਰਕੇ ਮੱਧ ਵਰਗ ਅਤੇ ਆਰਥਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨ੍ਹਾਂ ਕੋਲ ਨਿੱਜੀ ਵਾਹਨ ਨਹੀਂ ਹਨ ਅਤੇ ਕਈ ਲੋਕ ਹੁਸ਼ਿਆਰਪੁਰ ਦੇ ਪੇਂਡੂ ਖੇਤਰਾਂ ਤੋਂ ਆਪਣੇ ਰੋਜ਼ਗਾਰ ਲਈ ਸ਼ਹਿਰ ਤੱਕ ਆਉਂਦੇ ਹਨ, ਉਨ੍ਹਾਂ ਲਈ ਆਵਾਜਾਈ ਦਾ ਮੁੱਖ ਸਾਧਨ ਬੱਸ ਸੇਵਾ ਹੀ ਹੈ।
ਰੇਲ ਸੇਵਾ ਵੀ ਨਾ ਚੱਲਣ ਕਾਰਨ ਲੋਕ ਪ੍ਰੇਸ਼ਾਨ
ਕਰਫਿਊ ਖਤਮ ਹੋਣ ਤੋਂ ਬਾਅਦ ਨਿੱਜੀ ਸੰਸਥਾਵਾਂ ਅਤੇ ਉਦਯੋਗਿਕ ਇਕਾਈਆਂ ਨੇ ਕੰਮ ਤਾਂ ਸ਼ੁਰੂ ਕਰ ਦਿੱਤਾ ਹੈ, ਪ੍ਰੰਤੂ ਬੱਸ ਸੇਵਾ ਦੇ ਨਾਲ ਹੀ ਰੇਲ ਸੇਵਾ ਸ਼ੁਰੂ ਨਾ ਹੋਣ ਕਰਕੇ ਪੇਂਡੂ ਮੁਲਾਜ਼ਮਾਂ ਦਾ ਕੰਮ 'ਤੇ ਪਹੁੰਚ ਸਕਣਾ ਚੁਣੌਤੀ ਬਣਿਆ ਹੋਇਆ ਹੈ। ਜ਼ਿਲੇ ਦੇ ਕੁੱਝ ਪਿੰਡ ਮੁਕੇਰੀਆਂ-ਜਲੰਧਰ ਅਤੇ ਜਲੰਧਰ-ਹੁਸ਼ਿਆਰਪੁਰ ਰੇਲ ਰੂਟ 'ਤੇ ਪੈਂਦੇ ਹਨ। ਲੋਕਲ ਟਰੇਨ ਸੇਵਾ ਸ਼ੁਰੂ ਨਾ ਹੋਣ ਕਰਕੇ ਇਨ੍ਹਾਂ ਇਲਾਕਿਆਂ ਦੇ ਲੋਕਾਂ ਦੀ ਉਮੀਦ ਵੀ ਹੁਣ ਬੱਸ ਸੇਵਾ 'ਤੇ ਹੀ ਟਿਕੀ ਹੋਈ ਹੈ।
ਆਟੋ 'ਚ ਸਿਰਫ 2 ਸਵਾਰੀਆਂ ਬਿਠਾਉਣ ਦੀ ਸ਼ਰਤ ਪੈ ਰਹੀ ਹੈ ਭਾਰੀ
ਪੰਜਾਬ ਸਰਕਾਰ ਨੇ ਲਾਕਡਾਊਨ ਵਿਚ ਢਿੱਲ ਦਿੰਦੇ ਹੋਏ ਲੋਕਾਂ ਦੀ ਸੌਖ ਲਈ ਟਰਾਂਸਪੋਰਟ ਚਲਾਉਣ ਦੀ ਮਨਜ਼ੂਰੀ ਤਾਂ ਦੇ ਦਿੱਤੀ, ਲੇਕਿਨ ਇਸ ਨਾਲ ਆਟੋ-ਚਾਲਕਾਂ ਦੀ ਪ੍ਰੇਸ਼ਾਨੀ ਦੂਰ ਨਹੀਂ ਹੋਈ। ਇਸਦਾ ਕਾਰਨ ਫਿਜ਼ੀਕਲ ਡਿਸਟੈਂਸਿੰਗ ਹੈ। ਕਿਉਂਕਿ ਇਸ ਨਿਯਮ ਨੂੰ ਅਪਨਾਉਣ ਨਾਲ ਉਹ ਆਟੋ ਵਿਚ ਸਿਰਫ 2 ਹੀ ਸਵਾਰੀਆਂ ਬਿਠਾ ਸਕਦੇ ਹਨ। ਇਕ ਤਾਂ ਕੋਰੋਨਾ ਦਾ ਖੌਫ਼ ਅਤੇ ਦੂਜਾ ਵਧਾਏ ਗਏ ਕਿਰਾਏ ਕਾਰਨ ਸਵਾਰੀ ਵੀ ਆਟੋ ਵਿਚ ਕਿਤੇ ਜਾਣ ਤੋਂ ਪ੍ਰਹੇਜ ਕਰ ਰਹੀ ਹੈ। ਜਿਸਦੇ ਨਤੀਜੇ ਵਜੋਂ ਜੋ ਆਟੋ ਚਾਲਕ ਪਹਿਲਾਂ ਰੋਜ਼ਾਨਾ 1000 ਰੁਪਏ ਕਮਾਉਂਦਾ ਸੀ, ਹੁਣ ਸਿਰਫ 200 ਰੁਪਏ ਹੀ ਕਮਾ ਰਿਹਾ ਹੈ।
ਸਮਝ 'ਚ ਨਹੀਂ ਆ ਰਿਹਾ ਕਿਵੇਂ ਆਪਣਾ ਤੇ ਪਰਿਵਾਰ ਦਾ ਕਰੀਏ ਗੁਜ਼ਾਰਾ
ਹੁਸ਼ਿਆਰਪੁਰ ਵਿਖੇ ਆਟੋ ਚਾਲਕਾਂ ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ, ਮਨੀਸ਼ ਪਾਲ, ਸੰਨੀ, ਵਿਪਨ ਕੁਮਾਰ, ਸੰਦੀਪ ਤੇ ਗੁਰਮੇਲ ਸਿੰਘ ਆਦਿ ਨੇ ਦੱਸਿਆ ਕਿ ਫਿਜ਼ੀਕਲ ਡਿਸਟੈਂਸਿੰਗ ਦੇ ਨਿਯਮ ਕਾਰਨ ਉਹ ਆਟੋ ਵਿਚ ਸਿਰਫ 2 ਹੀ ਸਵਾਰੀਆਂ ਬਿਠਾ ਸਕਦੇ ਹਨ। ਇਸ ਕਾਰਨ ਉਨ੍ਹਾਂ ਨੂੰ 20 ਦੀ ਬਜਾਏ 40 ਰੁਪਏ ਕਿਰਾਇਆ ਕਰਨਾ ਪਿਆ ਹੈ। ਆਲਮ ਇਹ ਹੈ ਕਿ ਜਦੋਂ ਸਵਾਰੀ ਵਧਿਆ ਹੋਇਆ ਕਿਰਾਇਆ ਸੁਣਦੀ ਹੈ ਤਾਂ ਉਹ ਬੈਠਣ ਤੋਂ ਇਨਕਾਰ ਕਰ ਦਿੰਦੀ ਹੈ। ਅਜਿਹੇ ਵਿਚ ਉਨ੍ਹਾਂ ਨੂੰ ਦਿਨਭਰ 200 ਤਾਂ ਕਦੇ 300 ਰੁਪਏ ਦੀ ਕਮਾਈ ਹੀ ਹੋ ਰਹੀ ਹੈ। ਐਨੇ ਵਿਚ ਆਟੋ ਦੀ ਕਿਸ਼ਤ ਅਤੇ ਘਰ ਦਾ ਖਰਚ ਪੂਰਾ ਨਹੀਂ ਹੋ ਰਿਹਾ। ਇਸ ਕਾਰਨ ਆਟੋ ਚਾਲਕ ਕਾਫ਼ੀ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸਮਝ 'ਚ ਨਹੀਂ ਆ ਰਿਹਾ ਕਿ ਕਿਵੇਂ ਆਪਣਾ ਅਤੇ ਪਰਿਵਾਰ ਦਾ ਗੁਜ਼ਾਰਾ ਕਰੀਏ।
ਸਰਕਾਰ ਦੀ ਆਗਿਆ ਤੋਂ ਬਿਨਾਂ ਬੱਸਾਂ ਚਲਾਉਣਾ ਸੰਭਵ ਨਹੀਂ : ਜੀ. ਐੱਮ.
ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡੀਪੂ ਦੇ ਜਨਰਲ ਮੈਨੇਜਰ ਅਨਿਲ ਕੁਮਾਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੀ ਪੇਂਡੂ ਖੇਤਰ ਦੀ ਬੱਸ ਸੇਵਾ ਬੰਦ ਕੀਤੀ ਗਈ ਸੀ, ਜਿਸਨੂੰ ਹੁਣ ਤੱਕ ਸ਼ੁਰੂ ਨਹੀਂ ਕੀਤਾ ਜਾ ਸਕਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜਿਹੜੇ 5 ਰੂਟਾਂ 'ਤੇ ਬੱਸਾਂ ਚੱਲ ਰਹੀਆਂ ਹਨ, ਉਸ ਵਿਚ ਵੀ ਸਵਾਰੀ ਪੂਰੀ ਨਹੀਂ ਮਿਲ ਰਹੀ ਹੈ। ਅਜਿਹੇ ਹਾਲਾਤਾਂ ਵਿਚ ਜਦੋਂ ਸਰਕਾਰ ਪੇਂਡੂ ਖੇਤਰ ਦੀ ਬੱਸ ਸੇਵਾ ਸ਼ੁਰੂ ਕਰਨ ਦੀ ਆਗਿਆ ਦੇ ਦੇਵੇਗੀ ਤਾਂ ਹੀ ਬੱਸ ਸੇਵਾ ਸ਼ੁਰੂ ਕੀਤੀ ਜਾ ਸਕੇਗੀ। ਜੀ. ਐੱਮ. ਨੇ ਕਿਹਾ ਕਿ ਸਰਕਾਰ ਦੀ ਆਗਿਆ ਤੋਂ ਬਿਨਾਂ ਬੱਸਾਂ ਚਲਾਉਣਾ ਸੰਭਵ ਨਹੀਂ ਹੈ।