ਰਾਹਤ : ਵਧੀ ਯਾਤਰੀਆਂ ਦੀ ਗਿਣਤੀ ਨਾਲ ਪੰਜਾਬ ਸਮੇਤ ਦੂਜੇ ਸੂਬਿਆਂ ਲਈ ਦੁੱਗਣੀ ਹੋਈ ਬੱਸ ਸਰਵਿਸ

Tuesday, Jun 01, 2021 - 05:03 PM (IST)

ਜਲੰਧਰ (ਪੁਨੀਤ) : ਪ੍ਰਸ਼ਾਸਨ ਵੱਲੋਂ ਲਾਕਡਾਊਨ ਦੇ ਨਿਯਮਾਂ ਵਿਚ ਲਗਾਤਾਰ ਬਦਲਾਅ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀ ਸਹੂਲਤ ਵਧਾਈ ਜਾ ਰਹੀ ਹੈ। ਇਸੇ ਕਾਰਨ ਦੂਜੇ ਸ਼ਹਿਰਾਂ ਅਤੇ ਸੂਬਿਆਂ ਤੋਂ ਲੋਕਾਂ ਦਾ ਆਉਣ-ਜਾਣ ਵਧ ਚੁੱਕਾ ਹੈ। ਯਾਤਰੀਆਂ ਦੀ ਗਿਣਤੀ ਦੇ ਮੱਦੇਨਜ਼ਰ ਪੰਜਾਬ ਸਮੇਤ ਦੂਜੇ ਸੂਬਿਆਂ ਨੂੰ ਜਾਣ ਵਾਲੀਆਂ ਬੱਸਾਂ ਦੀ ਗਿਣਤੀ ਪਿਛਲੇ ਦਿਨਾਂ ਦੇ ਮੁਕਾਬਲੇ ਦੁੱਗਣੀ ਕਰ ਦਿੱਤੀ ਗਈ ਹੈ, ਜਿਸ ਨਾਲ ਯਾਤਰੀਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਵਿਚ ਵੱਡੀ ਰਾਹਤ ਮਿਲ ਰਹੀ ਹੈ। ਸਥਾਨਕ ਬੱਸ ਅੱਡੇ ਨੂੰ ਜਾਣ ਵਾਲੇ ਯਾਤਰੀਆਂ ਲਈ ਜਲੰਧਰ ਦੇ ਦੋਵਾਂ ਡਿਪੂਆਂ ਵੱਲੋਂ ਵੱਡੀ ਗਿਣਤੀ ਵਿਚ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਸਦੇ ਨਾਲ-ਨਾਲ ਪੰਜਾਬ ਦੇ ਦੂਜੇ ਡਿਪੂਆਂ ਤੋਂ ਆਉਣ ਵਾਲੀਆਂ ਬੱਸਾਂ ਵੀ ਯਾਤਰੀਆਂ ਨੂੰ ਸਹੂਲਤ ਦੇ ਰਹੀਆਂ ਹਨ। ਇਸ ਲੜੀ ਵਿਚ ਪਟਿਆਲਾ, ਕਪੂਰਥਲਾ, ਬਟਾਲਾ, ਸੰਗਰੂਰ, ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ ਤੇ ਪੱਟੀ ਸਮੇਤ ਪੰਜਾਬ ਦੇ ਕਈ ਡਿਪੂਆਂ ਦੀਆਂ ਬੱਸਾਂ ਜਲੰਧਰ ਬੱਸ ਅੱਡੇ ਵਿਚੋਂ ਹੋ ਕੇ ਅੱਗੇ ਰਵਾਨਾ ਹੋ ਰਹੀਆਂ ਹਨ। ਇਸੇ ਤਰ੍ਹਾਂ ਚੰਡੀਗੜ੍ਹ ਟਰਾਂਸਪੋਰਟ ਮਹਿਕਮੇ ਦੀਆਂ 10 ਦੇ ਲਗਭਗ ਬੱਸਾਂ ਜਲੰਧਰ ਪਹੁੰਚ ਰਹੀਆਂ ਹਨ, ਜਿਸ ਨਾਲ ਲੋਕਾਂ ਨੂੰ ਕਾਫੀ ਸਹੂਲਤ ਮਿਲ ਰਹੀ ਹੈ। ਜਲੰਧਰ ਵਿਚ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਦੂਜੇ ਸ਼ਹਿਰਾਂ ਦੇ ਡਿਪੂਆਂ ਵੱਲੋਂ ਜਲੰਧਰ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਅਤੇ ਹਰੇਕ ਬੱਸ ਨੂੰ ਜਲੰਧਰ ਵਿਚੋਂ ਹੋ ਕੇ ਅੱਗੇ ਜਾਣ ਵਾਸਤੇ ਕਿਹਾ ਜਾ ਰਿਹਾ ਹੈ। ਇਸ ਨਾਲ ਬੱਸਾਂ ਨੂੰ ਜ਼ਿਆਦਾ ਸਵਾਰੀਆਂ ਮਿਲ ਰਹੀਆਂ ਹਨ ਅਤੇ ਉਨ੍ਹਾਂ ਨੂੰ ਆਰਥਿਕ ਲਾਭ ਹੋ ਰਿਹਾ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਉਣ’ਤੇ ਜਾਣੋ ਕੀ ਬੋਲੇ ਹਰੀਸ਼ ਰਾਵਤ

PunjabKesari

ਦੇਖਣ ਵਿਚ ਆ ਰਿਹਾ ਹੈ ਕਿ ਯਾਤਰੀਆਂ ਦੀ ਗਿਣਤੀ ਵਧਣ ਕਾਰਨ ਨਿੱਜੀ ਟਰਾਂਸਪੋਰਟਰਾਂ ਵੱਲੋਂ ਵੀ ਬੱਸ ਸਰਵਿਸ ਵਧਾਈ ਗਈ ਹੈ। ਸ਼ਾਮ ਸਮੇਂ ਸਰਕਾਰੀ ਬੱਸਾਂ ਘੱਟ ਚੱਲਦੀਆਂ ਹਨ, ਇਸ ਦੌਰਾਨ ਨਿੱਜੀ ਬੱਸਾਂ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਂਦੀਆਂ ਹਨ। ਪੰਜਾਬ ਵਿਚ ਜਾਣ ਵਾਲੇ ਯਾਤਰੀਆਂ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਤੋਂ ਸਭ ਤੋਂ ਵੱਧ ਯਾਤਰੀ ਅੰਮ੍ਰਿਤਸਰ, ਬਟਾਲਾ, ਤਰਨਤਾਰਨ, ਪਠਾਨਕੋਟ, ਹੁਸ਼ਿਆਰਪੁਰ, ਲੁਧਿਆਣਾ ਅਤੇ ਚੰਡੀਗੜ੍ਹ ਲਈ ਮਿਲ ਰਹੇ ਹਨ। ਇਸ ਤੋਂ ਇਲਾਵਾ ਦੂਜੇ ਰੂਟਾਂ ਲਈ ਵੀ ਸਵਾਰੀਆਂ ਤਾਂ ਹਨ ਪਰ ਬਹੁਤ ਘੱਟ ਹਨ ਪਰ ਇਸ ਕਾਰਨ ਘੱਟ ਸਵਾਰੀਆਂ ਵਾਲੇ ਰੂਟ ’ਤੇ ਜਾਣ ਵਾਲੀਆਂ ਬੱਸਾਂ ਨੂੰ ਯਾਤਰੀਆਂ ਦੀ ਉਡੀਕ ਕਰਨੀ ਪੈਂਦੀ ਹੈ।

ਦਿੱਲੀ ਲਈ ਮਿਲ ਰਿਹੈ ਵਧੀਆ ਹੁੰਗਾਰਾ
ਜਲੰਧਰ ਤੋਂ ਡਿਪੂਆਂ ਵੱਲੋਂ ਦਿੱਲੀ ਲਈ 5 ਬੱਸਾਂ ਰਵਾਨਾ ਕੀਤੀਆਂ ਜਾ ਰਹੀਆਂ ਹਨ। ਦੁਪਹਿਰ ਨੂੰ 3.35 ਵਜੇ ਬੱਸ ਜਾ ਰਹੀ ਹੈ, ਜਦੋਂ ਕਿ ਬਾਕੀ ਬੱਸਾਂ ਸਵੇਰੇ 6 ਤੋਂ ਲੈ ਕੇ 10 ਵਜੇ ਵਿਚਕਾਰ ਰਵਾਨਾ ਹੋ ਰਹੀਆਂ ਹਨ। ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਬੱਸਾਂ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ, ਜਿਸ ਕਾਰਨ ਆਉਣ ਵਾਲੇ ਸਮੇਂ ਵਿਚ ਦਿੱਲੀ ਲਈ ਬੱਸਾਂ ਦੀ ਗਿਣਤੀ ਵਧਾਈ ਜਾਵੇਗੀ। ਇਸ ਲਈ ਮਹਿਕਮੇ ਵੱਲੋਂ ਦਿੱਲੀ ਵਿਚ ਲਾਕਡਾਊਨ ਖੁੱਲ੍ਹਣ ਦੀ ਉਡੀਕ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਨੂੰ ਰਾਹਤ, ਪ੍ਰਸ਼ਾਸਨ ਨੇ ਬਦਲਿਆ ਦੁਕਾਨਾਂ ਬੰਦ ਕਰਨ ਦਾ ਸਮਾਂ

ਯਾਤਰੀ ਵਧਣ ਨਾਲ ਸਵੇਰੇ 6 ਵਜੇ ਖੁੱਲ੍ਹਣ ਲੱਗੀਆਂ ਦੁਕਾਨਾਂ
ਬੱਸ ਅੱਡੇ ਵਿਚ ਸਵੇਰੇ 6 ਵਜੇ ਦੇ ਲਗਭਗ ਦੁਕਾਨਾਂ ਖੁੱਲ੍ਹੀਆਂ ਮਿਲੀਆਂ ਅਤੇ ਸਾਮਾਨ ਖਰੀਦਣ ਵਾਲੇ ਲੋਕ ਵੀ ਦੇਖੇ ਗਏ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਯਾਤਰੀ ਵਧਣ ਕਾਰਨ ਉਨ੍ਹਾਂ ਦੁਕਾਨਾਂ ਜਲਦੀ ਖੋਲ੍ਹਣੀਆਂ ਸ਼ੁਰੂ ਕੀਤੀਆਂ ਹਨ। ਦੂਜੇ ਪਾਸੇ ਅੱਜ ਦੇਖਣ ਵਿਚ ਆਇਆ ਕਿ ਬੱਸਾਂ ਦੀ ਉਡੀਕ ਕਰ ਰਹੇ ਯਾਤਰੀ ਸਵੇਰੇ 7 ਵਜੇ ਦੇ ਲਗਭਗ ਦੁਕਾਨਾਂ ਵਿਚ ਬੈਠ ਕੇ ਨਾਸ਼ਤਾ ਕਰ ਰਹੇ ਸਨ, ਜਿਸ ਨਾਲ ਦੁਕਾਨਦਾਰ ਉਤਸ਼ਾਹਿਤ ਨਜ਼ਰ ਆਏ।

ਵਧੀ ਗਰਮੀ ’ਚ ਏ. ਸੀ. ਬੱਸਾਂ ਨੇ ਵੀ ਵਧਾਈ ਸਰਵਿਸ
ਪਿਛਲੇ ਦਿਨਾਂ ਦੌਰਾਨ ਨਿੱਜੀ ਟਰਾਂਸਪੋਰਟਰਾਂ ਦੀਆਂ ਏ. ਸੀ. ਅਤੇ ਨਾਨ-ਏ. ਸੀ. ਬੱਸਾਂ ਨੂੰ ਵਧੀਆ ਹੁੰਗਾਰਾ ਦੇਖਣ ਨੂੰ ਮਿਲਿਆ ਹੈੈ, ਜਿਸ ਕਾਰਨ ਹੁਣ ਏ. ਸੀ. ਬੱਸਾਂ ਦੀ ਸਰਵਿਸ ਵੀ ਵਧਾਈ ਗਈ ਹੈ। ਗਰਮੀ ਕਾਰਨ ਲੋਕ ਏ. ਸੀ. ਬੱਸਾਂ ਨੂੰ ਤਰਜੀਹ ਦੇ ਰਹੇ ਹਨ। ਨਿੱਜੀ ਏ. ਸੀ. ਬੱਸਾਂ ਦਿਨ ਵਿਚ ਕੁਝ ਹੀ ਸਮਾਂ ਦੇਖੀਆਂ ਜਾ ਸਕਦੀਆਂ ਹਨ, ਜਦੋਂ ਕਿ ਸਰਕਾਰੀ ਏ. ਸੀ. ਬੱਸਾਂ ਬੰਦ ਪਈਆਂ ਹਨ।

PunjabKesari

ਫਲਾਈਓਵਰ ਦੇ ਹੇਠਾਂ ਵਧਣ ਲੱਗੇ ਯਾਤਰੀ
ਬੱਸ ਅੱਡਾ ਫਲਾਈਓਵਰ ਦੇ ਹੇਠਾਂ ਬੱਸਾਂ ਰੁਕ ਕੇ ਜਾਂਦੀਆਂ ਹਨ, ਇਸ ਕਾਰਨ ਕਈ ਲੋਕ ਬੱਸ ਅੱਡੇ ਵਿਚ ਜਾਣ ਦੀ ਥਾਂ ਬਾਹਰੋਂ ਹੀ ਬੱਸਾਂ ਵਿਚ ਬੈਠ ਜਾਂਦੇ ਹਨ ਤਾਂ ਕਿ ਸਮਾਂ ਬਚ ਸਕੇ। ਦੇਖਣ ਵਿਚ ਆ ਰਿਹਾ ਹੈ ਕਿ ਫਲਾਈਓਵਰ ਦੇ ਹੇਠਾਂ ਸਵੇਰੇ 7 ਵਜੇ ਤੋਂ ਹੀ ਯਾਤਰੀ ਨਜ਼ਰ ਆਉਣ ਲੱਗਦੇ ਹਨ।

ਇਹ ਵੀ ਪੜ੍ਹੋ : ਕਾਂਗਰਸੀਆਂ ਨੇ ਆਪਣੀ ਅੰਦਰੂਨੀ ਲੜਾਈ ਦੇ ਚਲਦਿਆਂ ਜਨਤਾ ਨੂੰ ਛੱਡਿਆ ਰਾਮ ਭਰੋਸੇ: ਅਸ਼ਵਨੀ ਸ਼ਰਮਾ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 

 


Anuradha

Content Editor

Related News