ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਾ ਮਨੁੱਖੀ ਸਿਹਤ ਲਈ ਖਤਰਨਾਕ : ਡਿਪਟੀ ਕਮਿਸ਼ਨਰ

Wednesday, Sep 30, 2020 - 10:42 PM (IST)

ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਾ ਮਨੁੱਖੀ ਸਿਹਤ ਲਈ ਖਤਰਨਾਕ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਾ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹੈ। ਉਨ੍ਹਾਂ ਦੱਸਿਆ ਕਿ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਨਾਲ ਪੈਦਾ ਹੋਣ ਵਾਲਾ ਪ੍ਰਦੂਸ਼ਣ ਗਰਭਵਤੀ ਮਹਿਲਾਵਾਂ ਤੇ ਨਵ ਜਨਮੇ ਬੱਚੇ ਲਈ ਬਹੁਤ ਖਤਰਨਾਕ ਹੁੰਦਾ ਹੈ, ਇਸ ਲਈ ਕਿਸਾਨਾਂ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੇ ਪ੍ਰਬੰਧਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਆਧੁਨਿਕ ਖੇਤੀ ਮਸ਼ੀਨਾਂ ਕਿਰਾਏ ’ਤੇ ਲੈ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਦੀ ਪਰਾਲੀ ਦਾ ਪ੍ਰਯੋਗ ਪਸ਼ੂਆਂ ਦੇ ਸੁੱਕੇ ਚਾਰੇ ਦੇ ਤੌਰ ’ਤੇ ਕੀਤਾ ਜਾ ਸਕਦਾ ਹੈ, ਇਸ ਲਈ ਜਿਥੇ ਪਰਾਲੀ ਦਾ ਨਿਪਟਾਰਾ ਆਸਾਨੀ ਨਾਲ ਹੋ ਸਕਦਾ ਹੈ, ਉਥੇ ਪਸ਼ੂ ਪਾਲਣ ਲਈ ਸਸਤਾ ਚਾਰਾ ਵੀ ਉਪਲਬੱਧ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਵਿੱਚ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਤਾਂ ਪ੍ਰਦੂਸ਼ਿਤ ਹੁੰਦਾ ਹੀ ਹੈ, ਨਾਲ ਹੀ ਜਮੀਨ ਵਿੱਚ ਮੌਜੂਦ ਮਿੱਤਰ ਕੀੜੇ ਅਤੇ ਹੋਰ ਉਪਜਾਊ ਤੱਤ ਵੀ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਪਰਾਲੀ ਨੂੰ ਅੱਗ ਲਗਾਉਣ ’ਤੇ ਪ੍ਰਤੀ ਏਕੜ 2856 ਕਿਲੋ ਕਾਰਬਨ ਡਾਇਅਕਸਾਈਡ, 120 ਕਿਲੋ ਕਾਰਬਨ ਮੋਨੋਅਕਸਾਈਡ, 4 ਕਿਲੋ ਸਲਫਰ ਡਾਇਅਕਸਾਈਡ ਅਤੇ 6 ਕਿਲੋ ਧੂੜ ਦੇ ਕਣ ਪੈਦਾ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਹਾਨੀਕਾਰਕ ਗੈਸਾਂ ਮਨੁੱਖ ਅਤੇ ਜਾਨਵਰਾਂ ਦੀ ਸਿਹਤ ਲਈ ਕਾਫ਼ੀ ਘਾਤਕ ਹਨ।

ਅਪਨੀਤ ਰਿਆਤ ਨੇ ਦੱਸਿਆ ਕਿ ਕਿਸਾਨਾਂ ਵਲੋਂ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਪੇਸ਼ਾ ਵੀ ਕੀਤਾ ਜਾਂਦਾ ਹੈ ਅਤੇ ਕਿਸਾਨ ਇਸ ਦੌਰਾਨ ਪਸ਼ੂਆਂ ਲਈ ਹਰੇ ਚਾਰੇ ਦੇ ਨਾਲ ਸੁੱਕੇ ਚਾਰੇ ਦੇ ਤੌਰ ’ਤੇ ਤੂੜੀ ਦਾ ਪ੍ਰਯੋਗ ਕਰਦੇ ਹਨ ਜੋ ਕਿ 350 ਰੁਪਏ ਪ੍ਰਤੀ ਕੁਇੰਟਲ ਹੈ। ਉਨ੍ਹਾਂ ਦੱਸਿਆ ਕਿ ਜੇਕਰ ਪਰਾਲੀ ਦਾ ਪ੍ਰਯੋਗ ਕੀਤਾ ਜਾਵੇ ਤਾਂ ਉਹ ਕੇਵਲ 100 ਰੁਪਏ ਪ੍ਰਤੀ ਕੁਇੰਟਲ ਹੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਦੇ ਪ੍ਰਬੰਧਨ ਦੇ ਕਈ ਤਰੀਕੇ ਹਨ ਪਰੰਤੂ ਚਾਰੇ ਦੇ ਤੌਰ ’ਤੇ ਕਿਸਾਨਾਂ ਲਈ ਸਭ ਤੋਂ ਸਸਤੀ ਅਤੇ ਲਾਭਕਾਰੀ ਵਿਧੀ ਹੈ, ਕਿਉਂਕਿ ਇਸ ਤਰੀਕੇ ਨਾਲ ਮਹਿੰਗੇ ਤੂੜੀ ਦੀ ਬੱਚਤ ਕਰਕੇ ਸਸਤੀ ਪਰਾਲੀ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਦੇ ਪੌਸ਼ਟਿਕ ਗੁਣ ਹੋਰ ਫ਼ਸਲਾਂ ਦੇ ਤੂੜੀ ਦੇ ਲਗਭਗ ਬਰਾਬਰ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਹਿਰਾਂ ਅਨੁਸਾਰ ਪਰਾਲੀ ਨੂੰ ਕਟਾਈ ਤੋਂ 2 ਤੋਂ 10 ਦੇ ਅੰਦਰ ਸੰਭਾਲ ਲਿਆ ਜਾਵੇ ਤਾਂ ਇਸ ਨੂੰ ਪਸ਼ੂ ਜ਼ਿਆਦਾ ਪਸੰਦ ਕਰਦੇ ਹਨ। ਪਸ਼ੂ ਪਾਲਣ ਵਿਭਾਗ ਦੀ ਸਲਾਹ ਦੇ ਨਾਲ ਪਰਾਲੀ ਦਾ ਯੂਰੀਆ ਦੇ ਨਾਲ ਇਲਾਜ ਕਰਕੇ ਇਸ ਦਾ ਸਵਾਦ ਅਤੇ ਪੌਸ਼ਟਿਕਤਾ ਹੋਰ ਵਧਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਲਈ ਪਰਾਲੀ ਦਾ ਆਚਾਰ ਵੀ ਬਣਾਇਆ ਜਾ ਸਕਦਾ ਹੈ।


author

Bharat Thapa

Content Editor

Related News