ਅੱਤਵਾਦੀ ਮੁਲਤਾਨੀ ਨਾਲ ਜੁੜੇ ਟਿਫਿਨ ਬੰਬ ਦੇ ਤਾਰ! ਚੰਡੀਗੜ੍ਹ ਪੁਲਸ ਦੀ ਜਾਂਚ 'ਚ ਖ਼ੁਲਾਸਾ
Saturday, May 21, 2022 - 11:57 AM (IST)
ਚੰਡੀਗੜ੍ਹ (ਸੰਦੀਪ) : ਬੁੜੈਲ ਜੇਲ੍ਹ ਦੀ ਕੰਧ ਕੋਲੋਂ ਬਰਾਮਦ ਟਿਫਿਨ ਬੰਬ ਅਤੇ ਹੋਰ ਵਿਸਫੋਟਕ ਸਮੱਗਰੀ ਦੇ ਮਾਮਲੇ ਦੇ ਤਾਰ ਅੱਤਵਾਦੀ ਜੇ. ਐੱਸ. ਮੁਲਤਾਨੀ ਨਾਲ ਜੁੜੇ ਹੋਣ ਦੇ ਸੰਕੇਤ ਪੁਲਸ ਨੂੰ ਮਿਲੇ ਹਨ। ਇਸ ਗੱਲ ਦਾ ਖ਼ੁਲਾਸਾ ਪੁਲਸ ਦੀ ਸਾਇੰਟਿਫਿਕ ਜਾਂਚ ਦੌਰਾਨ ਹੋਇਆ ਹੈ। ਸੂਤਰਾਂ ਅਨੁਸਾਰ ਕੇਸ ਦੀ ਜਾਂਚ ਵਿਚ ਇਹ ਵੀ ਪਤਾ ਲੱਗਿਆ ਹੈ ਕਿ ਬੁੜੈਲ ਜੇਲ੍ਹੇ ਦੀ ਕੰਧ ਕੋਲ ਵਿਸਫੋਟਕ ਰੱਖੇ ਜਾਣ ਦੀ ਸਾਜਿਸ਼ ਜਰਮਨੀ ਵਿਚ ਰਚੀ ਗਈ ਸੀ। ਜ਼ਿਕਰਯੋਗ ਹੈ ਕਿ ਲੁਧਿਆਣਾ ਕੋਰਟ ਵਿਚ ਹੋਏ ਧਮਾਕੇ ਦੇ ਮੁਲਜ਼ਮ ਨੂੰ ਪਿਛਲੇ ਦਸੰਬਰ ਮਹੀਨੇ ਵਿਚ ਜਰਮਨੀ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਫਿਲਹਾਲ ਮਾਮਲੇ ਵਿਚ ਪੁਲਸ ਦੀ ਕਾਰਵਾਈ ਜਾਰੀ ਹੈ ਪਰ ਮੁਲਤਾਨੀ ਦੀ ਭੂਮਿਕਾ ਦਾ ਪਤਾ ਲਾਇਆ ਜਾ ਰਿਹਾ ਹੈ। ਪੁਲਸ ਨੇ ਹੁਣ ਤੱਕ ਦੀ ਜਾਂਚ ਦੇ ਆਧਾਰ ’ਤੇ ਸੈਕਟਰ-49 ਥਾਣਾ ਪੁਲਸ ਵੱਲੋਂ ਦਰਜ ਕੇਸ ਵਿਚ ਹੁਣ ਯੂ. ਏ. ਪੀ. ਏ. ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਹਨ।
ਇਹ ਵੀ ਪੜ੍ਹੋ : ਅਕਾਲੀ ਦਲ ਦੇ ਸੀਨੀਅਰ ਆਗੂ ਜੱਥੇਦਾਰ ਤੋਤਾ ਸਿੰਘ ਦਾ ਦਿਹਾਂਤ, ਮੋਹਾਲੀ ਦੇ ਹਸਪਤਾਲ 'ਚ ਲਏ ਆਖ਼ਰੀ ਸਾਹ
ਐੱਨ. ਐੱਸ. ਜੀ. ਨੇ ਡਿਫਿਊਜ਼ ਕੀਤਾ ਸੀ ਵਿਸਫੋਟਕ
ਸੁਰੱਖਿਆ ਏਜੰਸੀਆਂ ਵੱਲੋਂ ਅਲਰਟ ਮਿਲਣ ਤੋਂ ਬਾਅਦ 23 ਅਪ੍ਰੈਲ ਨੂੰ ਆਪ੍ਰੇਸ਼ਨ ਸੈੱਲ ਦੀ ਟੀਮ ਕਿਊ. ਆਰ. ਟੀ. ਨਾਲ ਬੁੜੈਲ ਜੇਲ੍ਹ ਕੋਲ ਪਹੁੰਚੀ ਤਾਂ ਧੂੰਆਂ ਨਜ਼ਰ ਆਇਆ। ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਵੀ ਮੌਕੇ ’ਤੇ ਪਹੁੰਚੀ। ਪੁਲਸ ਟੀਮ ਟਿਫਿਨ, ਡੈਟੋਨੇਟਰ ਅਤੇ ਕੋਡੈਕਸ ਤਾਰ ਸੜਦੀ ਵੇਖ ਕੇ ਚੌਕਸ ਹੋ ਗਈ। ਮੌਕੇ ’ਤੇ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਵੀ ਪਹੁੰਚੇ ਸਨ। ਭਾਰਤੀ ਫੌਜ ਦੀ ਪੱਛਮੀ ਕਮਾਨ ਦੀ ਬੀ. ਡੀ. ਐੱਸ. ਟੀਮ ਵੀ ਪਹੁੰਚੀ। ਚੰਡੀਗੜ੍ਹ ਪੁਲਸ ਅਤੇ ਬੀ. ਡੀ. ਟੀ., ਆਈ. ਏ. ਜਾਂਚ ਤੋਂ ਬਾਅਦ ਟਿਫਿਨ ਵਿਚ ਵਿਸਫੋਟਕ ਦੀ ਗੱਲ ਸਾਹਮਣੇ ਆਈ। ਆਈ. ਈ. ਡੀ. ਨੂੰ ਬੰਬ ਡਿਸਪੋਜ਼ਲ ਬਾਕਸ ਅਤੇ ਰੇਤ ਦੇ ਥੈਲੇ ਨਾਲ ਢੱਕ ਦਿੱਤਾ ਗਿਆ। ਸੁਰੱਖਿਅਤ ਡਿਫਿਊਜ਼ਲ ਨੂੰ ਮਾਨੇਸਰ ਤੋਂ ਐੱਨ. ਐੱਸ. ਜੀ. ਨੂੰ ਬੁਲਾਇਆ ਗਿਆ ਸੀ। 24 ਅਪ੍ਰੈਲ ਨੂੰ ਐੱਨ. ਐੱਸ. ਜੀ. ਦੀ ਟੀਮ ਨੇ ਵਿਸਫੋਟਕ ਨੂੰ ਸੁਰੱਖਿਅਤ ਨਸ਼ਟ ਕਰ ਦਿੱਤਾ।
ਇਹ ਵੀ ਪੜ੍ਹੋ : ਜੇਲ੍ਹ 'ਚ ਬੰਦ 'ਨਵਜੋਤ ਸਿੱਧੂ' ਨੇ ਨਹੀਂ ਖਾਧਾ ਖਾਣਾ, ਜਾਣੋ ਕਿਵੇਂ ਬੀਤੀ ਪਹਿਲੀ ਰਾਤ (ਵੀਡੀਓ)
ਮੌਕੇ ਤੋਂ ਕਾਲਾ ਬੈਗ ਵੀ ਮਿਲਿਆ, ਜਿਸ ਵਿਚ ਪਾਕਿਸਤਾਨੀ ਉਰਦੂ ਅਖ਼ਬਾਰ ਵਿਚ ਲਿਪੇਟਿਆ ਡੈਟੋਨੇਟਰ, ਕਿੱਲਾਂ ਵਾਲਾ ਛੋਟਾ ਪਾਲੀਪੈਕ ਅਤੇ ਉਨ੍ਹਾਂ ’ਤੇ ਖ਼ਾਲਿਸਤਾਨ ਐਕਸ਼ਨ ਫੋਰਸ ਲਿਖੇ ਹੋਏ ਕੁਝ ਪ੍ਰਿੰਟ ਆਊਟ ਵੀ ਬਰਾਮਦ ਕੀਤੇ ਗਏ ਸਨ। ਜਾਂਚ ਦੌਰਾਨ ਘਟਨਾ ਸਥਾਨ ਦਾ ਡੰਪ ਡਾਟਾ ਲਿਆ ਗਿਆ। ਨਾਲ ਹੀ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਵੀ ਜਾਂਚੀ ਗਈ। ਸ਼ੱਕੀ ਨੰਬਰਾਂ ਨੂੰ ਸ਼ਾਰਟਲਿਸਟ ਕੀਤਾ, ਜਿਸ ਵਿਚ ਇਕ ਮੋਬਾਇਲ ਘਟਨਾ ਦੇ ਸਮੇਂ ਤੋਂ ਸਵਿੱਚ ਆਫ ਪਾਇਆ ਗਿਆ। ਜਾਂਚ ਵਿਚ ਪਾਇਆ ਗਿਆ ਕਿ ਉਕਤ ਨੰਬਰ ਤੋਂ ਜਰਮਨੀ ਵਿਚ ਅੰਤਰਰਾਸ਼ਟਰੀ ਕਾਲ ਕੀਤੀ ਗਈ ਹੈ, ਜੋ ਜਾਂਚ ਕਰਨ ’ਤੇ ਜੇ. ਐੱਸ. ਮੁਲਤਾਨੀ ਦਾ ਪਾਇਆ ਗਿਆ। ਮੁਲਤਾਨੀ ਪਹਿਲਾਂ ਵੀ ਅੱਤਵਾਦੀ ਗਤੀਵਿਧੀਆਂ ਵਿਚ ਸ਼ੱਕੀ ਰਿਹਾ ਹੈ। 28 ਅਪ੍ਰੈਲ ਨੂੰ ਜਦੋਂ ਬੀ. ਡੀ. ਐੱਸ. ਟੀਮ ਨੇ ਗੰਭੀਰਤਾ ਨਾਲ ਤਲਾਸ਼ੀ ਲਈ ਤਾਂ ਇਕ ਰੈੱਡਮੀ ਬਲੈਕ ਕਲਰ ਮੋਬਾਇਲ ਹੈਂਡਸੈੱਟ ਅਤੇ ਹੋਰ ਡੈਟੋਨੇਟਰ ਬਰਾਮਦ ਕੀਤਾ। ਮੋਬਾਇਲ ਫੋਨ ਚੈੱਕ ਕਰਨ ’ਤੇ ਮੁਲਤਾਨੀ ਨਾਲ ਫਿਰ ਲਿੰਕ ਹੋਣ ਦੀ ਗੱਲ ਸਾਹਮਣੇ ਆਈ ਹੈ। ਬਰਾਮਦ ਮੋਬਾਇਲ ਅਤੇ ਹੋਰ ਸਮਾਨ ਨੂੰ ਜਾਂਚ ਲਈ ਸੀ. ਐੱਫ. ਐੱਸ. ਐੱਲ. ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਵਿਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੈਦੀ ਨੰਬਰ..241383 'ਨਵਜੋਤ ਸਿੱਧੂ' ਦੀ ਨਵੀਂ ਪਛਾਣ, ਰੰਗੀਨ ਕੱਪੜਿਆਂ ਦੇ ਸ਼ੌਕੀਨ ਨੂੰ ਹੁਣ ਪਾਉਣੇ ਪੈਣਗੇ ਸਫ਼ੈਦ ਕੱਪੜੇ
ਅੱਤਵਾਦੀ ਜੇ. ਐੱਸ. ਮੁਲਤਾਨੀ ’ਤੇ ਪੰਜਾਬ ’ਚ ਦੋ ਮਾਮਲੇ ਦਰਜ ਹਨ
ਜਾਣਕਾਰੀ ਮੁਤਾਬਕ ਅੱਤਵਾਦੀ ਮੁਲਤਾਨੀ ’ਤੇ ਪੰਜਾਬ ਵਿਚ ਦੋ ਮਾਮਲੇ ਦਰਜ ਹਨ। ਇਕ ਮਾਮਲਾ ਅੰਮ੍ਰਿਤਸਰ ਨਾਲ ਜੁੜਿਆ ਹੋਇਆ ਹੈ, ਜਦੋਂ ਕਿ ਦੂਜਾ ਗ੍ਰੇਨੇਡ ਸਪਲਾਈ ਕਰਨ ਸਬੰਧੀ ਹੈ। ਜ਼ਿਕਰਯੋਗ ਹੈ ਕਿ ਮੁਲਤਾਨੀ ਦੇ ਕਹਿਣ ’ਤੇ ਹੀ ਦੋ ਹੈਂਡ ਗ੍ਰੇਨੇਡ ਤਰਨਤਾਰਨ ਵਿਚ ਲਿਆਂਦੇ ਗਏ ਸਨ। ਪੰਜਾਬ ਪੁਲਸ ਮੁਤਾਬਕ ਮੁਲਤਾਨੀ ’ਤੇ ਟੈਰਰ ਫੰਡਿੰਗ ਅਤੇ ਭਾਰਤ ਖ਼ਿਲਾਫ਼ ਹਥਿਆਰ ਸਪਲਾਈ ਕਰਨ ਦਾ ਵੀ ਦੋਸ਼ ਹੈ। ਜਾਣਕਾਰੀ ਮੁਤਾਬਕ ਮੁਲਤਾਨੀ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਮਦਦ ਕਰਦੀ ਹੈ। ਇਹ ਹੁਸ਼ਿਆਰਪੁਰ ਦੇ ਮਨਸੂਰਪੁਰ ਦਾ ਰਹਿਣ ਵਾਲਾ ਹੈ ਅਤੇ ਹੁਣ ਜਰਮਨੀ ਵਿਚ ਹੈ। ਸੂਤਰਾਂ ਅਨੁਸਾਰ ਇਹ ਲਗਾਤਾਰ ਪੰਨੂੰ ਦੇ ਸੰਪਰਕ ਵਿਚ ਵੀ ਦੱਸਿਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ