ਸੰਡੇ ਬਾਜ਼ਾਰ ''ਚ ਰੱਖੜੀਆਂ ਦੀ ਬੰਪਰ ਵਿਕਰੀ; ਲੱਗੀਆਂ ਰਹੀਆਂ ਰੌਣਕਾਂ
Monday, Aug 07, 2017 - 12:44 AM (IST)

ਰੂਪਨਗਰ, (ਵਿਜੇ)- ਰੱਖੜੀ ਦੇ ਤਿਉਹਾਰ ਤੋਂ ਇਕ ਦਿਨ ਪਹਿਲਾਂ ਐਤਵਾਰ ਵਾਲੇ ਦਿਨ ਰੂਪਨਗਰ ਦੇ ਫੜ੍ਹੀ ਬਾਜ਼ਾਰ (ਸੰਡੇ ਬਾਜ਼ਾਰ) 'ਚ ਰੌਣਕ ਜ਼ੋਰਾਂ 'ਤੇ ਰਹੀ। ਪੂਰੇ ਬਾਜ਼ਾਰ 'ਚ ਰੱੱਖੜੀਆਂ ਦੇ ਸਟਾਲ ਹਰੇਕ ਨੂੰ ਆਕਰਸ਼ਿਤ ਕਰ ਰਹੇ ਸੀ, ਜਿਨ੍ਹਾਂ ਨੂੰ ਦੇਖ ਕੇ ਕੁੜੀਆਂ/ਤੀਵੀਆਂ ਖੁਦ ਨੂੰ ਵੀ ਨਹੀਂ ਰੋਕ ਪਾ ਰਹੀਆਂ ਸਨ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸ਼ਹਿਰ ਦੇ ਮੇਨ ਬਾਜ਼ਾਰ 'ਚ ਰੇਹੜੀ ਮਾਰਕੀਟ ਲੱਗਦੀ ਹੈ ਅਤੇ ਇਸ 'ਚ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਘੱਟ ਰੇਟ 'ਤੇ ਮਿਲਦੀਆਂ ਹਨ, ਜਿਨ੍ਹਾਂ 'ਚ ਫੈਂਸੀ ਕੱਪੜੇ, ਬਰਤਨ, ਕਾਸਮੈਟਿਕ ਦਾ ਸਾਮਾਨ, ਬੱਚਿਆਂ ਦੇ ਜੁੱਤੇ ਅਤੇ ਚੱਪਲਾਂ ਸ਼ਾਮਲ ਹਨ ਪਰ ਰੱਖੜੀ ਦੇ ਤਿਉਹਾਰ ਕਰਕੇ ਐਤਵਾਰ ਨੂੰ ਉਕਤ ਫੜ੍ਹੀ ਬਾਜ਼ਾਰ 'ਚ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ ਅਤੇ ਲੋਕਾਂ ਦਾ ਪੈਦਲ ਚੱਲਣਾ ਵੀ ਮੁਸ਼ਕਿਲ ਸੀ।
ਹੈਰਾਨੀ ਦੀ ਗੱਲ ਸੀ ਕਿ ਇਥੇ ਕੋਈ ਪੁਲਸ ਮੁਲਾਜ਼ਮ ਤਾਇਨਾਤ ਨਹੀਂ ਸੀ ਅਤੇ ਨਾ ਹੀ ਵਾਹਨਾਂ ਨੂੰ ਟ੍ਰੈਫਿਕ ਪੁਲਸ ਮੁਲਾਜ਼ਮ ਕੰਟਰੋਲ 'ਚ ਕਰ ਰਹੇ ਸਨ। ਫੜ੍ਹੀ ਬਾਜ਼ਾਰ 'ਚ ਇਕ ਮਹਿਲਾ ਵਿਕਰੇਤਾ ਹੱਥ 'ਚ ਰੱਖੜੀਆਂ ਦਾ ਗੁੱਛਾ ਲੈ ਕੇ ਪੰਜ ਰੁਪਏ 'ਚ 20 ਰੱਖੜੀਆਂ ਵੇਚ ਰਹੀ ਸੀ ਤਾਂ ਨਾਲ ਲੱਗੇ ਸਟਾਲ 'ਤੇ ਵਿਅਕਤੀ 100 ਰੁਪਏ 'ਚ 6 ਫੈਂਸੀ ਰੱਖੜੀਆਂ ਵੇਚ ਰਿਹਾ ਸੀ।
ਸ਼ਹਿਰ 'ਚ ਮਠਿਆਈ ਵਿਕਰੇਤਾਵਾਂ ਦੀਆਂ ਦੁਕਾਨਾਂ 'ਤੇ ਮਠਿਆਈ ਦੀ ਵਿਕਰੀ ਪਹਿਲਾਂ ਨਾਲੋਂ ਵੱਧ ਰਹੀ। ਇਸ ਤੋਂ ਇਲਾਵਾ ਪੈਕਿੰਗ ਗਿਫਟ ਸ਼ਾਪ, ਜਿਊਲਰਜ਼ ਦੀਆਂ ਦੁਕਾਨਾਂ 'ਤੇ ਸੁਆਣੀਆਂ ਨੂੰ ਸ਼ਾਪਿੰਗ ਕਰਦੇ ਦੇਖਿਆ ਗਿਆ। ਬਾਜ਼ਾਰਾਂ 'ਚ ਬੱਚਿਆਂ ਨੂੰ ਆਪਣੇ ਮਨਪਸੰਦ ਕਾਰਟੂਨ ਸ਼ੋਅ ਦੇ ਕਿਰਦਾਰਾਂ ਵਾਲੀਆਂ ਰੱਖੜੀਆਂ ਖਰੀਦਦੇ ਦੇਖਿਆ ਗਿਆ।