ਗੁੰਡਾਗਰਦੀ ਦਾ ਗੜ੍ਹ ਬਣਿਆ ਕੱਚਾ ਕਾਲਜ ਰੋਡ, ਦੋ ਧਿਰਾਂ ਵਿਚਕਾਰ 15 ਮਿੰਟ ਹੁੰਦੀ ਰਹੀ ਪੱਥਰਬਾਜ਼ੀ

07/18/2021 1:05:55 PM

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ): ਸਥਾਨਕ ਕੱਚਾ ਕਾਲਜ ਰੋਡ ’ਤੇ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਦੋ ਨੌਜਵਾਨਾਂ ਦੇ ਗੁੱਟ ਆਪਸ ’ਚ ਭਿੜ ਗਏ। ਲਗਭਗ 15 ਮਿੰਟਾਂ ਤੱਕ ਦੋਵਾਂ ਧਿਰਾਂ ਵਿਚਕਾਰ ਜੰਮਕੇ ਰੋੜੇ, ਪੱਥਰ ਬਰਸਾਏ ਗਏ ਅਤੇ ਤਲਵਾਰਬਾਜ਼ੀ ਹੋਈ। ਇਕ ਨੌਜਵਾਨ ਦਾ ਸਿਰ ਵੀ ਪਾੜ ਦਿੱਤਾ ਗਿਆ। ਇੰਨੀ ਦੇਰ ਤੱਕ ਗੁੰਡਾਗਰਦੀ ਦਾ ਨੰਗਾ ਨਾਚ ਹੁੰਦਾ ਰਿਹਾ। ਜਦੋਂ ਕਾਫੀ ਸਮੇਂ ਬਾਅਦ ਪੁਲਸ ਪੁੱਜੀ ਤਾਂ ਉਕਤ ਨੌਜਵਾਨ ਉਥੇ ਤਿੱਤਰ-ਬਿਤਰ ਹੋ ਚੁੱਕੇ ਸਨ।ਆਲੇ- ਦੁਆਲੇ ਦੇ ਦੁਕਾਨਦਾਰਾਂ ’ਚ ਵੀ ਇਸ ਗੱਲ ਨੂੰ ਲੈ ਕੇ ਪੂਰਾ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਸਿੱਖ ਜਥੇਬੰਦੀਆਂ ਦੀ ਸਿਆਸੀ ਪਾਰਟੀਆਂ ਨੂੰ ਚਿਤਾਵਨੀ- ਬੇਅਦਬੀ ਦੀਆਂ ਘਟਨਾਵਾਂ ’ਤੇ ਨਾ ਕਰਨ ਰਾਜਨੀਤੀ

ਨਾਂ ਨਾ ਛਾਪਣ ਦੀ ਸ਼ਰਤ ’ਤੇ ਗੱਲਬਾਤ ਕਰਦਿਆਂ ਇਕ ਦੁਕਾਨਦਾਰ ਨੇ ਕਿਹਾ ਕਿ ਇਥੇ ਰੋਜ਼ਾਨਾ ਹੀ ਗੁੰਡਾਗਰਦੀ ਦਾ ਨੰਗਾ ਨਾਚ ਹੁੰਦਾ ਹੈ। ਕੱਚਾ ਕਾਲਜ ਰੋਡ ਗੁੰਡਾਗਰਦੀ ਦਾ ਘਰ ਬਣ ਚੁੱਕਾ ਹੈ। ਇਹ ਨੌਜਵਾਨ ਪੀਜ਼ੇ ਅਤੇ ਬਰਗਰਾਂ ਦੀਆਂ ਦੁਕਾਨਾਂ ’ਤੇ ਇਕੱਠੇ ਹੁੰਦੇ ਹਨ। ਇਸ ਮਗਰੋਂ ਇਹ ਗੁੱਟਾਂ ਦੇ ਗੁੱਟ ਬਣਾਕੇ ਆਪਸ ’ਚ ਭਿੜਦੇ ਹਨ। ਅਜਿਹਾ ਕੋਈ ਦਿਨ ਨਹੀਂ ਹੁੰਦਾ ਜਦੋਂ ਇਥੇ ਕੋਈ ਲੜਾਈ ਨਾ ਹੋਵੇ। ਪੁਲਸ ਮੂਕ ਦਰਸ਼ਕ ਬਣੀ ਹੋਈ ਹੈ। ਪੁਲਸ ਵੱਲੋਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਇਨ੍ਹਾਂ ਸ਼ਰਾਰਤੀ ਅਨਸਰਾਂ ਦੇ ਦਿਨੋਂ-ਦਿਨ ਹੌਂਸਲੇ ਵਧ ਰਹੇ ਹਨ।

PunjabKesari

ਇਹ ਵੀ ਪੜ੍ਹੋ:  ਸੁਖਬੀਰ ਬਾਦਲ ਦੇ ਦੋ ਉੱਪ ਮੰਤਰੀ ਬਣਾਉਣ ਦੇ ਬਿਆਨ 'ਤੇ ਜਥੇਦਾਰ ਦਾਦੂਵਾਲ ਨੇ ਚੁੱਕੇ ਸਵਾਲ

ਬੀਤੇ ਦਿਨੀਂ ਇਕ ਨੌਜਵਾਨ ਦੇ ਮੇਰੀ ਦੁਕਾਨ ’ਚ ਵੜਕੇ ਆਪਣੀ ਜਾਨ ਬਚਾਈ ਸੀ। ਕੁਝ ਮਹੀਨੇ ਪਹਿਲਾਂ ਵੀ ਇਸੇ ਥਾਂ ’ਤੇ ਗੁੰਡਾਗਰਦੀ ਹੋਈ ਸੀ ਅਤੇ ਅੱਧੀ ਦਰਜਨ ਨੌਜਵਾਨਾਂ ਨੂੰ ਸ਼ਰੇਆਮ ਤਲਵਾਰਾਂ ਨਾਲ ਵੱਢ ਦਿੱਤਾ ਗਿਆ ਸੀ। ਜੇਕਰ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਥਾਂ ’ਤੇ ਕਈ ਕੀਮਤੀ ਜਾਨਾਂ ਜਾਣਗੀਆਂ। ਆਸੇ-ਪਾਸੇ ਦੇ ਮੁਹੱਲਾ ਵਾਸੀਆਂ ਅਤੇ ਦੁਕਾਨਦਾਰਾਂ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੁੰਡਾਗਰਦੀ ’ਤੇ ਨਕੇਲ ਕੱਸੀ ਜਾਵੇ। ਇਨ੍ਹਾਂ ਦੁਕਾਨਦਾਰਾਂ ’ਚ ਇੰਨਾ ਡਰ ਦਾ ਮਾਹੌਲ ਸੀ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਤੋਂ ਡਰ ਕੇ ਕੋਈ ਖੁੱਲ੍ਹ ਕੇ ਪੱਤਰਕਾਰਾਂ ਦੇ ਸਾਹਮਣੇ ਗੱਲਬਾਤ ਨਹੀਂ ਕਰ ਰਹੇ ਸਨ ਅਤੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦੇ ਰਹੇ ਸਨ।ਥਾਣਾ ਸਿਟੀ ਦੇ ਇੰਚਾਰਜ ਲਖਵੀਰ ਸਿੰਘ ਨੇ ਕਿਹਾ ਕਿ ਗੁੰਡਾਗਰਦੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਰੋਡ ’ਤੇ ਸਾਡੇ ਵੱਲੋਂ ਗਸ਼ਤ ਵਧਾਈ ਜਾ ਰਹੀ ਹੈ। ਜੋ ਵੀ ਸ਼ਰਾਰਤੀ ਅਨਸਰ ਸ਼ਰਾਰਤ ਕਰਦੇ ਪਾਏ ਗਏ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਬੇਅੰਤ ਕੌਰ ਦੇ ਘਰ ਪੁੱਜੇ ਨਕਲੀ ਇਮੀਗ੍ਰੇਸ਼ਨ ਅਫ਼ਸਰ, ਕਿਹਾ ਦਿਓ ਪੈਸੇ ਨਹੀਂ ਤਾਂ ਕਰ ਦਿਆਂਗੇ ਡਿਪੋਰਟ (ਵੀਡੀਓ)


Shyna

Content Editor

Related News