ਬੁਲੇਟ ਸਣੇ ਦੋ ਮੋਟਰਸਾਈਕਲਾਂ ਵਿਚਾਲੇ ਜ਼ੋਰਦਾਰ ਟੱਕਰ, 10ਵੀਂ ਦੇ ਵਿਦਿਆਰਥੀ ਦੀ ਮੌਤ

Monday, Jul 15, 2024 - 04:33 PM (IST)

ਬੁਲੇਟ ਸਣੇ ਦੋ ਮੋਟਰਸਾਈਕਲਾਂ ਵਿਚਾਲੇ ਜ਼ੋਰਦਾਰ ਟੱਕਰ, 10ਵੀਂ ਦੇ ਵਿਦਿਆਰਥੀ ਦੀ ਮੌਤ

ਬਟਾਲਾ (ਬੇਰੀ) : ਨਜ਼ਦੀਕੀ ਪਿੰਡ ਬਹਾਦਰ ਹੁਸੈਨ ਵਿਖੇ ਬੁਲੇਟ ਅਤੇ ਮੋਟਰਸਾਈਕਲ ਦੀ ਆਹਮੋ-ਸਾਹਮਣੀ ਟੱਕਰ ’ਚ ਇਕ ਨੌਜਵਾਨ ਦੀ ਮੌਤ ਅਤੇ ਦੂਜੇ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਡੀ. ਐੱਸ. ਪੀ. ਰਾਜੇਸ਼ ਕੱਕੜ ਅਤੇ ਥਾਣਾ ਰੰਗੜ ਨੰਗਲ ਦੇ ਐੱਸ. ਐੱਚ. ਓ. ਨਿਸ਼ਾਨ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਸ਼ਹਿਬਾਜ ਸਿੰਘ ਪੁੱਤਰ ਰਾਮ ਸਿੰਘ ਵਾਸੀ ਪ੍ਰਤਾਪਗੜ੍ਹ, ਜੋ ਬਹਾਦੁਰ ਹੁਸੈਨ ਸਥਿਤ ਐਵਰੈਸਟ ਸੀਨੀਅਰ ਸੈਕੰਡਰੀ ਸਕੂਲ ’ਚ 10ਵੀਂ ਜਮਾਤ ਵਿਚ ਪੜ੍ਹਦਾ ਸੀ।

ਉਨ੍ਹਾਂ ਨੇ ਦੱਸਿਆ ਕਿ ਅੱਜ ਸਕੂਲ ਤੋਂ ਬਾਅਦ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ, ਇਸ ਦੌਰਾਨ ਬਟਾਲਾ ਵੱਲੋਂ ਆ ਰਹੇ ਤੇਜ਼ ਰਫਤਾਰ ਬੁਲੇਟ ਮੋਟਰਸਾਈਕਲ ਸਵਾਰ ਲੜਕੇ ਰਣਬੀਰ ਸਿੰਘ ਵਾਸੀ ਮਸਾਣੀਆ ਨੇ ਸਹਿਬਾਜ਼ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਚੱਲਦਿਆਂ ਦੋਵੇਂ ਗੰਭੀਰ ਜ਼ਖਮੀ ਹੋ ਗਏ। ਇਸ ਦੌਰਾਨ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਬਟਾਲਾ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਸ਼ਹਿਬਾਜ ਸਿੰਘ ਦੀ ਮੌਤ ਹੋ ਗਈ, ਜਦਕਿ ਰਣਬੀਰ ਸਿੰਘ ਦਾ ਇਲਾਜ ਚੱਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਬੁਲੇਟ ਮੋਟਰਸਾਈਕਲ ਅਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਏ. ਐੱਸ. ਆਈ. ਪਲਵਿੰਦਰ ਸਿੰਘ ਸੋਹਲ, ਏ. ਐੱਸ. ਆਈ. ਸਤਪਾਲ ਸਿੰਘ, ਏ. ਐੱਸ. ਆਈ. ਮੁਖਤਿਆਰ ਸਿੰਘ ਆਦਿ ਹਾਜ਼ਰ ਸਨ।


author

Gurminder Singh

Content Editor

Related News