ਖੰਡਰ ਬਣ ਚੁੱਕੀਆਂ ਇਮਾਰਤਾਂ ਦਾ ਕੋਈ ਨਹੀਂ ‘ਵਾਲੀ- ਵਾਰਿਸ’

Sunday, Jul 22, 2018 - 05:46 AM (IST)

ਖੰਡਰ ਬਣ ਚੁੱਕੀਆਂ ਇਮਾਰਤਾਂ ਦਾ ਕੋਈ ਨਹੀਂ ‘ਵਾਲੀ- ਵਾਰਿਸ’

 ਬੱਸੀ ਪਠਾਣਾਂ,   (ਰਾਜਕਮਲ)-  ਕਹਿੰਦੇ ਹਨ ਕਿ ਹਰ ਇਨਸਾਨ ਨੂੰ ਕੋਈ ਨਾ ਕੋਈ ਮਾਡ਼ੀ ਲਤ ਜ਼ਿੰਦਗੀ ’ਚ ਜ਼ਰੂਰ ਲੱਗ ਜਾਂਦੀ ਹੈ  ਤੇ ਜੇਕਰ ਇਹੀ ਲਤ  ਲੋਕਾਂ ਦੀਆਂ ਸਮੱਸਿਆਵਾਂ  ਹੱਲ ਨਾ ਕਰਵਾਉਣ  ਦੀ  ਉਥੋਂ ਦੇ ਸਥਾਨਕ ਅਧਿਕਾਰੀਆਂ ਨੂੰ  ਲੱਗ ਜਾਵੇ ਤਾਂ ਉਸ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਨਰਕ ਸਮਾਨ ਹੋ ਜਾਂਦੀ ਹੈ। ਇਹੀ ਸਭ ਕੁਝ ਪਿਛਲੇ ਕਈ ਸਾਲਾਂ ਤੋਂ ਬੱਸੀ ਪਠਾਣਾਂ ਵਿਚ ਹੁੰਦਾ ਆ ਰਿਹਾ ਹੈ। ਜਗ ਬਾਣੀ ਵਲੋਂ ਪਹਿਲਾਂ ਵੀ ਜਨਹਿੱਤ ਦੇ ਮਸਲੇ ਚੁੱਕੇ ਜਾਂਦੇ ਰਹੇ ਹਨ ਤੇ ਅਧਿਕਾਰੀਆਂ ਦੇ  ਧਿਆਨ  ’ਚ ਜਾਂਦਾ  ਰਿਹਾ ਹੈ।  ਅੱਜਕਲ ਸ਼ਹਿਰ ’ਚ ਅੱਧੀ ਦਰਜਨ ਤੋਂ ਵੱਧ ਅਜਿਹੀਆਂ ਖਸਤਾਹਾਲ ਤੇ ਪੁਰਾਣੀਆਂ ਇਮਾਰਤਾਂ ਹਨ  ਜੋ ਖੰਡਰਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ।  ਜੇ  ਇਨ੍ਹਾਂ ਨੂੰ ਢਾਹਿਆ ਨਾ ਗਿਆ ਤਾਂ ਕਿਸੇ ਵੀ ਸਮੇਂ  ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।  ਬਾਵਜੂਦ ਇਸ ਦੇ ਸਬੰਧਿਤ ਵਿਭਾਗ ਦੇ ਅਧਿਕਾਰੀ ਪਤਾ ਨਹੀਂ ਕਿਹਡ਼ੀ  ਦੁਨੀਆ ’ਚ ਰੁੱਝੇ ਹੋਏ ਹਨ।  
ਮੌਤ ਦੇ ਸਾਏ ਹੇਠ ਗੁਜ਼ਰ ਰਿਹਾ ਆਮ ਜਨ-ਜੀਵਨ
ਬੱਸੀ ਪਠਾਣਾਂ ਦੀ ਸਭ ਤੋਂ  ਵੱਧ  ਆਵਾਜਾਈ ਵਾਲੀ  ਸੜਕ ਆਈ. ਟੀ. ਆਈ. ਤੋਂ ਸਿਵਲ ਹਸਪਤਾਲ ਨੂੰ ਜਾਂਦੀ ਹੈ। ਇਸ  ਸੜਕ ’ਤੇ ਥਾਣਾ, ਬੈਂਕ, ਸਕੂਲ, ਸਿਵਲ ਹਸਪਤਾਲ, ਤਹਿਸੀਲ ਕੰਪਲੈਕਸ, ਐੱਸ. ਡੀ. ਐੱਮ. ਦਫ਼ਤਰ, ਸੁਵਿਧਾ ਸੈਂਟਰ ਆਦਿ ਸਥਿਤ ਹਨ। ਇਸ ਤਰ੍ਹਾਂ ਇਸ  ’ਤੇ ਇਕ ਮਿੰਨੀ ਪ੍ਰਬੰਧਕੀ ਕੰਪਲੈਕਸ  ਵੀ ਹੈ  ਜਿਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਪਣੇ ਨਿੱਜੀ ਤੇ ਜਨਤਕ ਮਸਲੇ ਹੱਲ ਕਰਵਾਉਣ  ਲਈ ਆਉਂਦੇ ਹਨ। ਜੋ ਲੋਕ ਉਕਤ ਸਰਕਾਰੀ ਅਦਾਰਿਆਂ ਵਿਚ ਆਉਂਦੇ ਹਨ  ਉਹ ਉਡੀਕ ਕਰਨ  ਮੌਕੇ  ਕਈ  ਵਾਰ ਪੁਰਾਣੀ ਬਿਲਡਿੰਗ ਅੱਗੇ ਬਹਿ ਜਾਂਦੇ ਹਨ ਜਿਹੜੀ ਕਿਸੇ ਵੀ ਸਮੇਂ ਢਹਿ ਸਕਦੀ ਹੈ।  
ਕਿੱਥੇ-ਕਿੱਥੇ ਹਨ ਅੰਤਿਮ ਸਾਹਾਂ ’ਤੇ ਪੁਰਾਣੀਆਂ ਇਮਾਰਤਾਂ
ਬੱਸੀ ਪਠਾਣਾਂ ਵਿਚ ਕਟਹਿਰਾ ਮੁੱਹਲਾ, ਪੁਲਸ ਚੌਕੀ ਨੇਡ਼ੇ, ਮੋਟੇ ਵਾਲਾ ਚੌਕ ਨੇਡ਼ੇ, ਗਿਲਜੀਆਂ ਮੁਹੱਲਾ, ਹਵੇਲੀ ਮੁਹੱਲਾ ਤੇ ਹੋਰ ਵੱਖ-ਵੱਖ ਥਾਵਾਂ ’ਤੇ ਅਜਿਹੀਆਂ ਪੁਰਾਣੀਆਂ ਇਮਾਰਤਾਂ ਹਨ ਜੋ ਅੰਤਿਮ ਸਾਹਾਂ ’ਤੇ ਹਨ। ਇਨ੍ਹਾਂ ਵਿਚੋਂ ਕਟਹਿਰਾ ਮੁਹੱਲਾ ਤੇ ਪੁਲਸ ਚੌਕੀ ਮਾਰਗ ਦੀਆਂ ਦੋ ਅਜਿਹੀਆਂ  ਇਮਾਰਤਾਂ ਹਨ ਜੋ ਕਿਸੇ ਵੀ ਸਮੇਂ ਲੋਕਾਂ ਦੀ ਜਾਨ ਲੈ ਸਕਦੀਆਂ ਹਨ ਕਿਉਂਕਿ ਇਹ ਇਮਾਰਤਾਂ ਕਈ ਦਹਾਕੇ ਪੁਰਾਣੀਆਂ ਹਨ ਅਤੇ ਇਨ੍ਹਾਂ  ਕੋਲੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਤੇ ਸਕੂਲੀ ਬੱਚਿਆਂ ਦੀ ਆਵਾਜਾਈ ਹੈ। ਹੁਣ ਬਰਸਾਤਾਂ ਦੇ ਮੌਸਮ ਵਿਚ ਤਾਂ ਇਹ ਇਮਾਰਤਾਂ ਹੋਰ ਵੀ ਖ਼ਤਰਨਾਕ ਸਾਬਿਤ ਹੋ ਸਕਦੀਆਂ ਹਨ। 
 ਕਰੀਬ ਦੋ ਦਹਾਕੇ ਪਹਿਲਾਂ ਪੁਰਾ ਮੁਹੱਲਾ ਵਿਖੇ ਇਕ ਪੁਰਾਣੀ ਹਵੇਲੀ ਡਿਗਣ ਕਾਰਨ ਮੌਦਗਿੱਲ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਸੀ। ਉਸ ਸਮੇਂ ਵੀ ਇਨ੍ਹਾਂ  ਇਮਾਰਤਾਂ ਦਾ ਮਾਮਲਾ ਬਹੁਤ ਗਰਮਾਇਆ ਸੀ, ਪ੍ਰੰਤੂ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ  ਖਾਨਾਪੂਰਤੀ  ਕਰ  ਦਿੱਤੀ ਗਈ ਸੀ। 
ਮਾਲਕ ਖੁਦ ਢਾਹ ਲੈਣ ਆਪਣੀਆਂ ਅਸੁਰੱਖਿਅਤ ਇਮਾਰਤਾਂ : ਪ੍ਰਧਾਨ ਗੁਪਤਾ
 ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਰਮੇਸ਼ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੁਰੱਖਿਅਤ ਇਮਾਰਤਾਂ ਦੀ ਲਿਸਟ ਤਿਆਰ ਕਰਵਾ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਸਪੁਰਦ ਕਰ ਦਿੱਤੀ ਜਾਵੇਗੀ ਤੇ ਅਜਿਹੀਆਂ ਇਮਾਰਤਾਂ ਦੇ ਮਾਲਕਾਂ ਨੂੰ ਵੀ ਆਪਣੀਆਂ ਬਿਲਡਿੰਗਾਂ ਖੁਦ ਢਾਹੁਣ ਸਬੰਧੀ ਨੋਟਿਸ ਜਾਰੀ ਕੀਤੇ ਜਾਣਗੇ। 
ਪੁਰਾਣੀਆਂ ਇਮਾਰਤਾਂ ਦੀ ਲਿਸਟ ਮੰਗਵਾ ਕੇ ਕੀਤੀ ਜਾਵੇਗੀ ਕਾਰਵਾਈ : ਐੱਸ. ਡੀ. ਐੱਮ.
 ਜਦੋਂ ਇਸ ਸਬੰਧ ਵਿਚ ਬੱਸੀ ਪਠਾਣਾਂ ਦੇ ਨਵ-ਨਿਯੁਕਤ ਐੱਸ. ਡੀ. ਐੱਮ. ਜਗਦੀਸ਼ ਸਿੰਘ ਜੌਹਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਹਲਕੇ ਵਿਚ ਉਨ੍ਹਾਂ ਨੂੰ ਚਾਰਜ ਸੰਭਾਲੇ ਹੋਏ ਕੁਝ ਹੀ ਦਿਨ ਹੋਏ ਹਨ ਪਰ ਇਹ ਮਾਮਲਾ ਬਹੁਤ ਹੀ ਗੰਭੀਰ ਹੈ ਤੇ ਉਨ੍ਹਾਂ ਵਲੋਂ ਅੱਜ ਹੀ ਨਗਰ ਕੌਂਸਲ ਦੇ ਈ. ਓ. ਤੋਂ ਲਿਸਟ ਮੰਗਵਾ ਕੇ  ਇਮਾਰਤਾਂ ਨੂੰ ਢਾਹੁਣ ਲਈ ਜਾਂ ਤਾਂ ਸਬੰਧਿਤ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਜਾਂ ਫ਼ਿਰ  ਕਾਨੂੰਨੀ ਤੌਰ ’ਤੇ ਕਾਰਵਾਈ ਕਰ ਕੇ ਇਸ ਦਾ ਠੋਸ ਹੱਲ ਕੀਤਾ ਜਾਵੇਗਾ ਤਾਂ ਜੋ ਲੋਕਾਂ ਤੇ ਬੱਚਿਆਂ ਦੀ ਸੁਰੱਖਿਆ ਵਿਚ ਕਿਸੇ ਤਰ੍ਹਾਂ ਦੀ ਕੋਈ  ਉਕਾਈ ਨਾ ਰਹਿ ਸਕੇ। 
 


Related News