40 ਦਿਨਾਂ ਤੋਂ ਡਾਇੰਗ ਇੰਡਸਟਰੀ ਲਾਕ ਡਾਊਨ, ਫਿਰ ਵੀ ਨਹੀਂ ਘਟਿਆ ਬੁੱਢੇ ਨਾਲੇ ਦਾ ਪ੍ਰਦੂਸ਼ਣ

05/01/2020 6:20:50 PM

ਲੁਧਿਆਣਾ (ਧੀਮਾਨ) : ਪਿਛਲੇ 40 ਦਿਨਾਂ ਤੋਂ ਡਾਇੰਗ ਇੰਡਸਟਰੀ ਪੂਰੀ ਤਰ੍ਹਾਂ ਬੰਦ ਹੈ। ਇਸ ਦੇ ਬਾਵਜੂਦ ਬੁੱਢੇ ਨਾਲੇ 'ਚ ਪ੍ਰਦੂਸ਼ਣ ਦਾ ਪੱਧਰ ਘੱਟ ਹੋਣ ਦੀ ਬਜਾਏ ਵੱਧ ਰਿਹਾ ਹੈ। ਇਸ ਦੀ ਵਜ੍ਹਾ ਜਾਣਨ ਦੀ ਬਜਾਏ ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਾਣੀ ਦੇ ਸੈਂਪਲਾਂ ਦੀ ਰਿਪੋਰਟ ਨੂੰ ਲੈ ਕੇ ਇਕ ਵਾਰ ਫਿਰ ਆਹਮੋ-ਸਾਹਮਣੇ ਹੋ ਗਏ ਹਨ। ਪ੍ਰਦੂਸ਼ਣ ਬੋਰਡ ਨੇ ਬੀਤੀ 20 ਮਾਰਚ ਅਤੇ 20 ਅਪ੍ਰੈਲ ਨੂੰ 6 ਥਾਵਾਂ ’ਤੇ ਪਾਣੀ ਦੇ ਸੈਂਪਲ ਲਏ।

20 ਅਪ੍ਰੈਲ ਦੀ ਰਿਪੋਰਟ 'ਚ ਪਾਣੀ 'ਚ ਬੀ. ਓ. ਡੀ. (ਬਾਇਓ ਆਕਸੀਜ਼ਨ ਡਿਮਾਂਡ) ਦਾ ਪੱਧਰ ਕਾਫੀ ਜ਼ਿਆਦਾ ਮਿਲਿਆ, ਜਦੋਂ ਕਿ 20 ਮਾਰਚ ਨੂੰ ਡਾਇੰਗ ਇੰਡਸਟਰੀ ਚੱਲ ਰਹੀ ਸੀ ਅਤੇ 20 ਅਪ੍ਰੈਲ ਨੂੰ ਬੰਦ ਸੀ। ਜਿਨ੍ਹਾਂ 6 ਪੁਆਇੰਟਾਂ ਤੋਂ ਸੈਂਪਲ ਲਏ, ਉਨ੍ਹਾਂ 'ਚ ਭਾਮੀਆਂ ਪੁਲੀ, ਜਮਾਲਪੁਰ ਐੱਸ. ਟੀ. ਪੀ., ਟਿੱਬਾ ਰੋਡ, ਚਾਂਦ ਸਿਨੇਮਾ, ਬੱਲੋਕੇ ਐੱਸ. ਟੀ. ਪੀ. ਅਤੇ ਬਲੀਪੁਰ ਪ੍ਰਮੁੱਖ ਹਨ। ਇਸ 'ਚ ਭਾਮੀਆਂ ਪੁਲੀ ਨੂੰ ਛੱਡ ਕੇ ਸਾਰਿਆਂ 'ਚ ਬੀ. ਓ. ਡੀ. ਦਾ ਪੱਧਰ ਕਾਫੀ ਉੱਚਾ ਮਿਲਿਆ, ਜਿਸ ਤੋਂ ਸਾਫ ਹੁੰਦਾ ਹੈ ਕਿ ਨਗਰ ਨਿਗਮ ਕਾਰਨ ਬੁੱਢਾ ਨਾਲਾ ਪ੍ਰਦੂਸ਼ਿਤ ਹੋ ਰਿਹਾ ਹੈ। ਜਮਾਲਪੁਰ ਦਾ ਐੱਸ. ਟੀ. ਪੀ. ਤਾਂ ਪਿਛਲੇ ਕਈ ਮਹੀਨਿਆਂ ਤੋਂ ਖਰਾਬ ਪਿਆ ਹੈ।

ਉੱਥੇ ਪੁੱਜਣ ਵਾਲਾ ਪਾਣੀ ਬਿਨਾਂ ਟ੍ਰੀਟ ਕੀਤੇ ਸਿੱਧਾ ਬੁੱਢੇ ਨਾਲੇ 'ਚ ਛੱਡਿਆ ਜਾ ਰਿਹਾ ਹੈ। ਬਾਕੀ ਦੇ ਦੋ ਹੋਰ ਐੱਸ. ਟੀ. ਪੀ. ਪਲਾਂਟ 'ਚ ਅੰਡਰ ਕਪੈਸਟੀ ਚੱਲ ਰਹੇ ਹਨ। 'ਜਗ ਬਾਣੀ' ਦੀ ਟੀਮ ਨੇ ਜਦੋਂ ਬੁੱਢੇ ਨਾਲੇ ਦਾ ਦੌਰਾ ਕੀਤਾ ਤਾਂ ਸੀਵਰੇਜ ਦਾ ਪਾਣੀ ਇਕਦਮ ਕਾਲਾ ਮਿਲਿਆ। ਹੰਬੜਾਂ ਰੋਡ ਤੋਂ ਬਲੀਪੁਰ ਤੱਕ ਡੇਅਰੀਆਂ ਦੀ ਵੇਸਟ ਵੀ ਪਾਣੀ ਵਿਚ ਚਲਦੀ ਦੇਖੀ ਗਈ। ਨਿਯਮ ਮੁਤਾਬਕ ਬਿਨਾਂ ਟ੍ਰੀਟ ਕੀਤੇ ਪਾਣੀ ਬੁੱਢੇ ਨਾਲੇ 'ਚ ਨਹੀਂ ਜਾਣਾ ਚਾਹੀਦਾ ਪਰ ਇਥੇ ਨਗਰ ਨਿਗਮ ਖੁਦ ਹੀ ਅਨ-ਟ੍ਰੀਟਡ ਪਾਣੀ ਨੂੰ ਬੁੱਢੇ ਨਾਲੇ 'ਚ ਛੱਡ ਰਿਹਾ ਹੈ। ਲਾਕ ਡਾਊਨ ਤੋਂ ਪਹਿਲਾਂ ਤੱਕ ਡਾਇੰਗ ਇੰਡਸਟਰੀ ਨੂੰ ਇਸ ਦੇ ਲਈ ਪੂਰੀ ਤਰ੍ਹਾਂ ਦੋਸ਼ੀ ਮੰਨਿਆ ਜਾਂਦਾ ਰਿਹਾ ਹੈ ਪਰ ਹੁਣ 40 ਦਿਨ ਦੀ ਬੰਦੀ ਨੇ ਦਰਸਾ ਦਿੱਤਾ ਹੈ ਕਿ ਪ੍ਰਦੂਸ਼ਣ ਫੈਲਾਉਣ ਵਿਚ ਡਾਇੰਗ ਦਾ ਘੱਟ ਅਤੇ ਨਗਰ ਨਿਗਮ ਦਾ ਜ਼ਿਆਦਾ ਰੋਲ ਹੈ।


Babita

Content Editor

Related News