ਬਜਟ ਇਜਲਾਸ ਸ਼ੁਰੂ ਹੁੰਦਿਆਂ ਹੀ ਕਾਂਗਰਸ ਖਿਲਾਫ ਡਟਿਆ ਅਕਾਲੀ ਦਲ
Tuesday, Feb 12, 2019 - 06:39 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਹੁੰਦਿਆਂ ਹੀ ਅਕਾਲੀ ਦਲ ਨੇ ਕਾਂਗਰਸ ਨੂੰ ਘੇਰਨ ਦੀ ਨੀਤੀ ਤਹਿਤ ਧਾਵਾ ਬੋਲ ਦਿੱਤਾ ਹੈ। ਬਜਟ ਇਜਲਾਸ ਦੇ ਪਹਿਲੇ ਦਿਨ ਰਾਜਪਾਲ ਬੀ. ਪੀ. ਸਿੰਘ ਬਦਨੌਰ ਦੇ ਭਾਸ਼ਣ ਵਿਚ ਹੀ ਅਕਾਲੀ ਦਲ ਨੇ ਹੰਗਾਮਾ ਕਰਦੇ ਹੋਏ ਵਾਕਆਊਟ ਕਰ ਦਿੱਤਾ। ਇਸ ਦੌਰਾਨ ਸਿਰਫ ਅਕਾਲੀ ਦਲ ਨੇ ਵਾਕ ਆਊਟ ਹੀ ਨਹੀਂ ਕੀਤਾ ਸਗੋਂ ਅਕਾਲੀ ਵਿਧਾਇਕਾਂ ਨੇ ਸਦਨ ਦੇ ਬਾਹਰ ਧਰਨਾ ਵੀ ਲਗਾ ਦਿੱਤਾ। ਇਥੇ ਖਾਸ ਇਹ ਰਹੀ ਕਿ ਇਸ ਪ੍ਰਦਰਸ਼ਨ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਰਹੇ।
ਮੰਗਲਵਾਰ ਜਿਵੇਂ ਹੀ ਰਾਜਪਾਲ ਦਾ ਭਾਸ਼ਣ ਸ਼ੁਰੂ ਹੋਇਆ ਤਾਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਵਿਚ ਅਕਾਲੀ ਵਿਧਾਇਕਾਂ ਨੇ ਸੈਸ਼ਨ ਦਾ ਵਾਕਆਊਟ ਕਰ ਦਿੱਤਾ। ਅਕਾਲੀ ਦਲ ਦਾ ਕਹਿਣਾ ਸੀ ਕਿ ਨਸ਼ੇ ਦੇ ਮੁੱਦੇ 'ਤੇ ਕਾਂਗਰਸ ਝੂਠ ਬੋਲਿਆ ਜਾ ਰਿਹਾ ਹੈ।
ਵਿਧਾਨ ਸਭਾ 'ਚੋਂ ਵਾਕਆਊਟ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਹੱਕ 'ਚ ਡੱਟਦੇ ਧਰਨਾ ਦਿੱਤਾ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਖਿਲ਼ਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਾਅਦੇ ਕਰਕੇ ਮੁੱਕਰੀ ਹੈ ਅਤੇ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ 5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਜਿਸ ਤੋਂ ਸਰਕਾਰ ਮੁੱਕਰ ਰਹੀ ਹੈ। ਇਸ ਤੋਂ ਪਹਿਲਾਂ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁਲਾਕਾਤ ਕਰਕੇ ਉਨ੍ਹਾਂ ਨਾਲ ਦੁੱਖ ਵੀ ਸਾਂਝਾ ਕੀਤਾ।