ਬਜਟ 'ਤੇ ਸੁਖਬੀਰ ਦੀ ਪ੍ਰਤੀਕਿਰਿਆ ਅਨੋਖੀ ਤੇ ਤਰਕਹੀਣ : ਕੈਪਟਨ

03/01/2020 10:27:06 AM

ਚੰਡੀਗੜ੍ਹ/ਜਲੰਧਰ,(ਅਸ਼ਵਨੀ,ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਸੁਖਬੀਰ ਸਿੰਘ ਬਾਦਲ ਦੀ ਬਜਟ 'ਤੇ ਪ੍ਰਤੀਕਿਰਿਆ ਨੂੰ ਅਨੋਖੀ ਅਤੇ ਤਰਕਹੀਣ ਦੱਸਦਿਆਂ ਕਿਹਾ ਕਿ ਅਸਲ 'ਚ ਉਸ ਕੋਲ ਆਲੋਚਨਾ ਕਰਨ ਲਈ ਕੋਈ ਅਸਲ ਕਾਰਣ ਨਹੀਂ ਸੀ, ਜਿਸ ਕਾਰਣ ਉਸ ਨੇ ਅਜਿਹੀ ਪ੍ਰਤੀਕਿਰਿਆ ਦਿੱਤੀ। ਸੁਖਬੀਰ ਵਲੋਂ ਉਨ੍ਹਾਂ ਨੂੰ ਵਪਾਰੀ ਕਹਿਣ ਵਾਲੇ ਬਿਆਨ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਾਂ ਤਾਂ ਅਕਾਲੀ ਦਲ ਦੇ ਪ੍ਰਧਾਨ ਨੂੰ ਵਪਾਰੀ ਕੀ ਹੁੰਦਾ ਹੈ, ਇਸ ਦਾ ਇਲਮ ਨਹੀਂ ਹੈ ਜਾਂ ਫਿਰ ਉਹ ਅਜਿਹੇ ਖਿੱਚਵੇਂ ਸ਼ਬਦਾਂ ਦੀ ਵਰਤੋਂ ਅਖਬਾਰਾਂ ਦੀਆਂ ਸੁਰਖੀਆਂ ਬਟੋਰਨ ਲਈ ਕਰ ਰਿਹਾ ਹੈ।

ਕੈਪਟਨ ਨੇ ਕਿਹਾ ਕਿ ਅਸਲ 'ਚ ਬਾਦਲ ਪਰਿਵਾਰ ਨੇ ਆਪਣੇ 10 ਸਾਲਾਂ ਦੇ ਰਾਜ ਦੌਰਾਨ ਕੇਬਲ, ਹੋਟਲ, ਟਰਾਂਸਪੋਰਟ ਆਦਿ ਦੇ ਵੱਡੇ ਵਪਾਰ ਵਧਾਏ, ਜਿਸ ਕਾਰਣ ਸੁਖਬੀਰ ਅਤੇ ਉਨ੍ਹਾਂ ਦੇ ਵਾਰਸ ਸਹੀ ਮਾਇਨਿਆਂ 'ਚ ਵਪਾਰੀ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਕ ਤੰਗਦਿਲ ਵਪਾਰੀ ਵਾਂਗ ਸੁਖਬੀਰ ਵੀ ਆਪਣੇ ਵਪਾਰ ਦਾ ਹਿੱਸਾ ਕਿਸੇ ਹੋਰ ਨਾਲ ਸਾਂਝਾ ਨਹੀਂ ਕਰ ਸਕਦਾ ਅਤੇ ਅਕਾਲੀ ਦਲ ਦੇ ਪ੍ਰਧਾਨ ਦੀ ਵਪਾਰਾਂ 'ਤੇ ਕਬਜ਼ਾ ਕਰਨ ਦੀ ਨੀਅਤ ਨੇ ਹੀ ਉਸ ਦੀ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇ ਸੁਖਬੀਰ ਨੇ ਅਜਿਹੇ ਖਿਆਲਾਂ, ਜੋ ਹੁਣ ਮੇਰੇ ਕੰਮਾਂ 'ਚ ਦਿਸ ਰਹੇ ਹਨ, ਦਾ 10 ਫੀਸਦੀ ਹਿੱਸਾ ਵੀ ਆਪਣੀ ਸਰਕਾਰ ਸਮੇਂ ਲੋਕਾਂ ਦੀ ਭਲਾਈ 'ਚ ਦਿਖਾਇਆ ਹੁੰਦਾ ਤਾਂ ਅੱਜ ਪੰਜਾਬ ਦੀ ਕਹਾਣੀ ਹੋਰ ਹੁੰਦੀ। ਕੈਪਟਨ ਅਮਰਿੰਦਰ ਸਿੰਘ ਨੂੰ 'ਆਦਰਸ਼ ਮੁੱਖ ਮੰਤਰੀ' ਦਾ ਐਵਾਰਡ ਦੇਣ 'ਤੇ ਕਿੰਤੂ ਕਰਨ ਲਈ ਮੁੱਖ ਮੰਤਰੀ ਨੇ ਸੁਖਬੀਰ ਦੇ ਨਾਲ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਅਸਲ 'ਚ ਉਨ੍ਹਾਂ ਲਈ ਇਹ ਅੰਗੂਰ ਖੱਟੇ ਵਾਲੀ ਗੱਲ ਹੈ ਕਿਉਂਕਿ ਬਾਦਲ ਕਦੇ ਵੀ ਦੂਰ-ਦੁਰਾਡੇ ਤੱਕ ਅਜਿਹਾ ਐਵਾਰਡ ਲੈਣ ਦਾ ਸੁਪਨਾ ਵੀ ਨਹੀਂ ਲੈ ਸਕਦੇ। ਸੁਖਬੀਰ ਵਲੋਂ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਦਾ ਪਤਾ ਲਗਾਉਣ 'ਚ ਦਿਲਚਸਪੀ ਰੱਖਣ ਦੇ ਮਾਮਲੇ 'ਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਥੋਂ ਕੰਮ ਕਰਦੇ ਹਨ ਜਾਂ ਕਿੰਨੇ ਘੰਟੇ ਕੰਮ ਕਰਦੇ ਹਨ ਆਦਿ ਦਾ ਪਤਾ ਲਗਾਉਣ ਦੀ ਬਜਾਏ ਸੁਖਬੀਰ ਆਪਣੀ ਪਾਰਟੀ ਅਤੇ ਆਪਣੇ ਪਾਰਟੀ ਮੈਂਬਰਾਂ ਉਤੇ ਨਜ਼ਰ ਰੱਖੇ, ਇਹ ਉਸ ਲਈ ਬਿਹਤਰ ਹੋਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਦੀ ਪ੍ਰਭਾਵਹੀਣ ਕਾਰਜਸ਼ੈਲੀ ਕਰ ਕੇ ਹੀ ਅਕਾਲੀ ਦਲ ਪੂਰੀ ਤਰ੍ਹਾਂ ਘਬਰਾਹਟ ਵਿਚ ਹੈ, ਜਦਕਿ ਉਹ ਸੂਬੇ ਅਤੇ ਲੋਕਾਂ ਦੇ ਹਿੱਤਾਂ ਲਈ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਲਈ ਜ਼ਿੰਮੇਵਾਰੀਆਂ ਵੰਡਣ ਵਿਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਹੀ ਸਿੱਟਾ ਹੈ ਕਿ ਉਸ ਦੇ ਸਾਥੀ ਮੰਤਰੀ ਅਤੇ ਉਨ੍ਹਾਂ ਦੇ ਅਫਸਰਾਂ ਦੀ ਹੇਠਾਂ ਤੋਂ ਲੈ ਕੇ ਉਪਰ ਤੱਕ ਪੂਰੀ ਟੀਮ ਆਪਣਾ ਬਿਹਤਰ ਨਤੀਜਾ ਦੇਣ ਦੇ ਯੋਗ ਹੈ ਕਿਉਂਕਿ ਉਨ੍ਹਾਂ ਲਈ ਅਜਿਹਾ ਮਾਹੌਲ ਸਿਰਜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲੋਕਤੰਤਰਿਕ ਅਤੇ ਪਾਰਦਰਸ਼ੀ ਕੰਮ ਕਰਨ ਦੀ ਕਾਰਜਸ਼ੈਲੀ ਦਾ ਹੀ ਨਤੀਜਾ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਦੀ ਕੀਤੀ ਤਬਾਹੀ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਸੂਬੇ ਦੀ ਅਰਥ-ਵਿਵਸਥਾ ਨੂੰ ਮੁੜ ਲੀਹ 'ਤੇ ਲਿਆਉਣ 'ਚ ਸਫਲ ਹੋਈ ਹੈ।

ਸੁਖਬੀਰ ਵਲੋਂ ਸੂਬੇ ਦੀਆਂ ਸੜਕਾਂ 'ਤੇ ਕੀਤੀ ਟਿੱਪਣੀ 'ਤੇ ਬੋਲਦਿਆਂ ਮੁੱਖ ਮੰਤਰੀ ਨੇ ਪੁੱਛਿਆ ਕਿ ਅਕਾਲੀ ਆਗੂ ਨੇ ਆਖਰੀ ਵਾਰ ਕਿਹੜੀ ਸੜਕ 'ਤੇ ਨਿਗ੍ਹਾ ਮਾਰੀ ਸੀ (ਸ਼ਾਇਦ ਉਸ ਰਾਹ ਨੂੰ ਜੋ ਸੁਖਬੀਰ ਦੇ ਹੋਟਲ ਓਬਰਾਏ ਸੁਖਵਿਲਾਸ ਨੂੰ ਜਾਂਦੀ ਹੈ, ਜਿੱਥੇ ਉਨ੍ਹਾਂ ਦਾ ਵਪਾਰਕ ਹਿੱਤ ਹੈ)। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਸਰਕਾਰ ਸੂਬੇ ਦੀਆਂ ਸੜਕਾਂ ਨੂੰ ਤਰਸਯੋਗ ਹਾਲਤ 'ਚ ਛੱਡ ਗਈ ਸੀ। ਉਨ੍ਹਾਂ ਕਿਹਾ ਕਿ ਉਸ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਿਛਲੇ 3 ਸਾਲਾਂ ਤੋਂ ਬਹੁਤ ਔਖੇ ਰਾਹ 'ਤੇ ਚੱਲ ਰਹੇ ਸਨ ਕਿਉਂਕਿ ਬਾਦਲਾਂ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦੇ ਕੁਸ਼ਾਸਨ ਕਾਰਣ ਸੂਬਾ ਕਈ ਵੱਡੀਆਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਸੀ।


Related News