ਬਜਟ ''ਚ ਸੁਲਤਾਨਪੁਰ ਲੋਧੀ ਲਈ 100 ਕਰੋੜ ਰੁਪਏ ਰੱਖਣ ਦਾ ਫੈਸਲਾ ਸ਼ਲਾਘਾਯੋਗ : ਚੀਮਾ
Saturday, Mar 24, 2018 - 07:12 PM (IST)

ਸੁਲਤਾਨਪੁਰ ਲੋਧੀ (ਸੋਢੀ) : ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱਜ ਪੇਸ਼ ਕੀਤੇ ਗਏ ਪੰਜਾਬ ਸਰਕਾਰ ਦੇ ਬਜਟ ਵਿਚ 2019 ਵਿਚ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਲਈ 100 ਕਰੋੜ ਰੁਪਏ ਰੱਖਣ ਦਾ ਸਵਾਗਤ ਕੀਤਾ ਹੈ । ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਦੀਆਂ ਸੰਗਤਾਂ ਇਹ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸੂਬਾ ਸਰਕਾਰ ਨੇ ਮਨੁੱਖਤਾ ਦੇ ਰਹਿਬਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਬਜਟ ਵਿਚ 100 ਕਰੋੜ ਰੁਪਏ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੈ।
ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਬੇਮਿਸਾਲ ਫ਼ੈਸਲਾ ਦੁਨੀਆ ਭਰ ਦੇ ਸਿੱਖਾਂ ਅਤੇ ਪੰਜਾਬੀਆਂ ਲਈ ਇਕ ਵਿਸ਼ੇਸ਼ ਤੋਹਫ਼ਾ ਹੈ। ਚੀਮਾ ਨੇ ਕਿਹਾ ਕਿ ਪਹਿਲੇ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀ ਕਾਇਆ ਕਲਪ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਇਸ ਪ੍ਰਕਾਸ਼ ਪੁਰਬ ਨੂੰ ਬੇਮਿਸਾਲ ਢੰਗ ਨਾਲ ਮਨਾਉਣ ਲਈ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨਾਂ ਸਮਾਗਮਾਂ ਨੂੰ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਚੀਮਾ ਨੇ ਕਿਹਾ ਕਿ ਵਿੱਤ ਮੰਤਰੀ ਨੇ ਪਵਿੱਤਰ ਨਗਰੀ ਲਈ 10 ਕਰੋੜ ਰੁਪਏ ਦੀ ਸ਼ੁਰੂਆਤੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਵਚਨਬੱਧਤਾ ਅਨੁਸਾਰ ਇਸ ਪਵਿੱਤਰ ਅਸਥਾਨ ਦੇ ਸ਼ਰਧਾਲੂਆਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਕੀਤੇ ਜਾਣਗੇ। ਉਨਾਂ ਕਿਹਾ ਕਿ ਪਵਿੱਤਰ ਨਗਰੀ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਉਣ ਲਈ ਇਕ ਰਣਨੀਤੀ ਉਲੀਕੀ ਜਾਵੇਗੀ।