ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਮੁਲਤਵੀ
Friday, Mar 27, 2020 - 03:31 PM (IST)
ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਬਜਟ ਸਬੰਧੀ ਹੋਈ ਇਕੱਤਰਤਾ ਦੌਰਾਨ 28 ਮਾਰਚ ਨੂੰ ਹੋਣ ਵਾਲਾ ਬਜਟ ਇਜਲਾਸ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅੰਤ੍ਰਿੰਗ ਕਮੇਟੀ ਨੇ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਜਨਰਲ ਹਾਊਸ ਦੀ ਪ੍ਰਵਾਨਗੀ ਦੇ ਆਧਾਰ 'ਤੇ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਇਨ੍ਹਾਂ ਨਾਲ ਸਬੰਧਤ ਅਦਾਰਿਆਂ ਤੇ ਸ਼ਾਖਾਵਾਂ, ਗੁਰਦੁਆਰਾ ਸਾਹਿਬਾਨ ਅਤੇ ਵਿੱਦਿਅਕ ਸੰਸਥਾਵਾਂ ਦੇ ਕੰਮਕਾਜ ਨੂੰ ਚਲਾਉਣ ਲਈ ਫਿਲਹਾਲ 90 ਦਿਨਾਂ ਦੇ ਖਰਚਿਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਥੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਵੱਲ੍ਹਾ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ 'ਚ ਹੋਈ ਇਕੱਤਰਤਾ ਦੌਰਾਨ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਸਬੰਧੀ ਪੇਸ਼ ਕੀਤੇ ਗਏ ਮਤੇ ਨੂੰ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤਾ। ਅੰਤ੍ਰਿੰਗ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਣ ਕਰਫਿਊ ਵਾਲੇ ਹਾਲਾਤ ਦੇ ਮੱਦੇਨਜ਼ਰ ਬਜਟ ਸਬੰਧੀ ਜਨਰਲ ਇਜਲਾਸ ਹਾਲਾਤ ਸੁਖਾਵੇਂ ਹੋਣ ਉਪਰੰਤ ਹੀ ਸੱਦਿਆ ਜਾਵੇਗਾ। ਇਸ ਦੌਰਾਨ ਮਹਾਮਾਰੀ ਕੋਰੋਨਾ ਸਬੰਧੀ ਵਿਸ਼ੇਸ਼ ਉਪਰਾਲੇ ਕਰਨ ਲਈ ਹੋਣ ਵਾਲੇ ਖਰਚ ਵੀ ਪ੍ਰਵਾਨ ਕੀਤੇ ਗਏ।
ਇਹ ਵੀ ਪੜ੍ਹੋ ► ਕੋਰੋਨਾ 'ਤੇ ਅਲਰਟ ਹੋਈ ਸਿੱਖ ਸੰਗਤ, ਸ੍ਰੀ ਹਰਿਮੰਦਰ ਸਾਹਿਬ ਦਾ ਵਿਹੜਾ ਹੋਇਆ ਸੁੰਨਸਾਨ (ਤਸਵੀਰਾਂ)
ਦੱਸਣਯੋਗ ਹੈ ਕਿ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਵਰਤੇ ਗਏ ਹਾਲ ਨੂੰ ਅਗਾਊਂ ਸੈਨੀਟਾਈਜ਼ ਕੀਤਾ ਗਿਆ ਅਤੇ ਇਕੱਤਰਤਾ 'ਚ ਸ਼ਾਮਲ ਹੋਏ ਮੈਂਬਰਾਂ ਲਈ ਮਾਸਕ ਲਾਜ਼ਮੀ ਕੀਤੇ ਗਏ ਸਨ। ਹਰ ਮੈਂਬਰ ਦੇ ਮੀਟਿੰਗ ਹਾਲ 'ਚ ਹਾਜ਼ਰ ਹੋਣ ਸਮੇਂ ਸੈਨੀਟਾਈਜ਼ਰ ਨਾਲ ਹੱਥ ਵੀ ਸਾਫ਼ ਕਰਵਾਏ ਗਏ। ਇਸ ਤੋਂ ਇਲਾਵਾ ਮੈਂਬਰਾਂ ਦੀ ਨਿਰਧਾਰਤ ਦੂਰੀ ਵੀ ਰੱਖੀ ਗਈ। ਇਕੱਤਰਤਾ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਭਾਈ ਲੌਂਗੋਵਾਲ ਨੇ ਦੱਸਿਆ ਕਿ ਮੌਜੂਦਾ ਹਾਲਾਤ ਕਾਰਣ ਬਜਟ ਇਜਲਾਸ ਕਰਨਾ ਸੰਭਵ ਨਹੀਂ ਹੈ, ਇਸ ਲਈ ਹਾਲ ਦੀ ਘੜੀ ਜਨਰਲ ਹਾਊਸ ਦੀ ਪ੍ਰਵਾਨਗੀ ਦੇ ਆਧਾਰ 'ਤੇ 90 ਦਿਨਾਂ ਦੇ ਖਰਚੇ ਪ੍ਰਵਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਦੁੱਖਦਾਈ ਘੜੀ ਸਮੇਂ ਮਨੁੱਖਤਾ ਨਾਲ ਹਮਦਰਦੀ ਰੱਖਦੀ ਹੈ। ਗੁਰੂ ਸਾਹਿਬ ਦੇ ਫਲਸਫੇ ਅਤੇ ਸਿੱਖ ਪ੍ਰੰਪਰਾ ਅਨੁਸਾਰ ਲੋੜਵੰਦਾਂ ਅਤੇ ਪੀੜਤਾਂ ਦੀ ਸਹਾਇਤਾ ਲਈ ਉਪਰਾਲੇ ਜਾਰੀ ਰੱਖੇ ਜਾਣਗੇ। ਉਨ੍ਹਾਂ ਲੋਕਾਂ ਦੀ ਸੇਵਾ 'ਚ ਲੱਗੇ ਸਿਹਤ ਕਰਮਚਾਰੀਆਂ, ਪ੍ਰਸ਼ਾਸਨ, ਮੀਡੀਆ ਕਰਮਚਾਰੀਆਂ ਅਤੇ ਸ਼੍ਰੋਮਣੀ ਕਮੇਟੀ ਦੀ ਸੇਵਾ 'ਚ ਮੁਲਾਜ਼ਮਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ।
ਉਨ੍ਹਾਂ ਕਿਹਾ ਕਿ ਗੁਰੂ ਘਰਾਂ ਤੋਂ ਲੋੜਵੰਦਾਂ ਲਈ ਲੰਗਰ ਆਦਿ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ ਅਤੇ ਲੋੜ ਪੈਣ 'ਤੇ ਸਰਾਵਾਂ ਨੂੰ ਇਕਾਂਤਵਾਸ ਕੇਂਦਰਾਂ ਵਜੋਂ ਵੀ ਵਰਤਿਆ ਜਾਵੇਗਾ। ਭਾਈ ਲੌਂਗੋਵਾਲ ਨੇ ਅਫਗਾਨਿਸਤਾਨ 'ਚ ਗੁਰਦੁਆਰਾ ਸਾਹਿਬ 'ਤੇ ਕੀਤੇ ਗਏ ਹਮਲੇ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਹਮਲੇ ਦੇ ਪੀੜਤ ਸਿੱਖਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕੇਂਦਰ ਸਰਕਾਰ ਨੂੰ ਦੁਨੀਆ 'ਚ ਵਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ। ਇਕੱਤਰਤਾ ਦੌਰਾਨ ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਦਰਸ਼ਨ ਸਿੰਘ ਨਿੱਜੀ ਸਹਾਇਕ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ ► ਸ੍ਰੀ ਦਰਬਾਰ ਸਾਹਿਬ ਰੁਕੇ ਸ਼ਰਧਾਲੂਆਂ ਨੂੰ ਘਰ-ਘਰ ਪਹੁੰਚਾਉਣ ਲਈ 5 ਬੱਸਾਂ ਰਵਾਨਾ