ਬਜਟ ’ਚ ਇੰਡਸਟਰੀ ਦੀ ਸਰਕਾਰ ਤੋਂ ਮੰਗ, ‘ਵੈਂਟੀਲੇਟਰ ’ਤੇ ਚੱਲ ਰਹੀ ਸਸਤੀ ਬਿਜਲੀ ਦੇਵੋਂ

02/21/2020 10:12:57 AM

ਜਲੰਧਰ (ਪੁਨੀਤ) - 2020-21 ਲਈ ਪੰਜਾਬ ਸਰਕਾਰ ਦਾ ਬਜਟ ਪੇਸ਼ ਹੋਣ ਵਾਲਾ ਹੈ, ਜਿਸ ਤੋਂ ਜਨਤਾ ਨੂੰ ਬੇਹੱਦ ਉਮੀਦਾਂ ਹਨ। ਜੇਕਰ ਬਿਜਲੀ ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਹਰ ਵਿਅਕਤੀ ਸਸਤੀ ਬਿਜਲੀ ਦੀ ਮੰਗ ਕਰ ਰਿਹਾ ਹੈ। ਘਰੇਲੂ ਖਪਤਕਾਰ ਜਿੱਥੇ ਰਾਜਧਾਨੀ ਦਿੱਲੀ ਦੀ ਤਰਜ਼ ’ਤੇ ਸਸਤੀ ਬਿਜਲੀ ਦੀ ਮੰਗ ਕਰ ਰਹੇ ਹਨ, ਉਥੇ ਵੈਂਟੀਲੇਟਰ ’ਤੇ ਚੱਲ ਰਹੀ ਇੰਡਸਟਰੀ ਨੇ ਸਸਤੀ ਬਿਜਲੀ ਦੇਣ ਦੀ ਮੰਗ ਰੱਖੀ ਹੈ। ਇੰਡਸਟਰੀ ਦਾ ਕਹਿਣਾ ਹੈ ਕਿ ਮੰਦੀ ਦੀ ਮਾਰ ਝੱਲ ਰਹੇ ਪੰਜਾਬ ਨੂੰ ਜੇਕਰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣਾ ਹੈ ਤਾਂ ਇਸ ਲਈ ਸਸਤੀ ਬਿਜਲੀ ਸਮੇਂ ਦੀ ਲੋੜ ਹੈ, ਕਿਉਂਕਿ ਗੁਆਂਢੀ ਸੂਬਿਆਂ ਨੂੰ ਸਸਤੀ ਬਿਜਲੀ ਮਿਲ ਰਹੀ ਹੈ।

ਮਾਹਿਰ ਮੁਤਾਬਕ ਗੁਆਂਢੀ ਸੂਬਿਆਂ ’ਚ ਬਿਜਲੀ ਸਸਤੀ ਹੋਣ ਕਾਰਣ ਪੰਜਾਬ ਦੀ ਇੰਡਸਟਰੀ ਵੱਡੇ ਪੱਧਰ ’ਤੇ ਗੁਆਂਢੀ ਸੂਬਿਆਂ ’ਚ ਮੂਵ ਕਰ ਚੁੱਕੀ ਹੈ। ਜੇਕਰ ਪੰਜਾਬ ਨੂੰ ਇਸ ਮੰਦੀ ਦੇ ਦੌਰ ’ਚ ਰਾਹਤ ਨਾ ਦਿੱਤੀ ਗਈ ਤਾਂ ਵੈਂਟੀਲੇਟਰ ’ਤੇ ਚੱਲ ਰਹੀ ਇੰਡਸਟਰੀ ਦੇ ਹਾਲਾਤ ਆਉਣ ਵਾਲੇ ਸਮੇਂ ’ਚ ਬੇਹੱਦ ਖਰਾਬ ਹੋ ਜਾਣਗੇ। ਅਗਲੇ ਸਾਲਾ ਲਈ ਬਿਜਲੀ ਦੀਆਂ ਦਰਾਂ ਨੂੰ ਲੈ ਕੇ ਇੰਡਸਟਰੀ ਨਾਲ ਹੋਈ ਮੀਟਿੰਗ ’ਚ ਰੈਗੂਲੇਟਰੀ ਕਮਿਸ਼ਨ ਦੀ ਚੇਅਰਪਰਸਨ ਕੁਸੁਮਜੀਤ ਕੌਰ ਦੇ ਸਾਹਮਣੇ ਸਸਤੀ ਬਿਜਲੀ ਦੇਣ ਦਾ ਮੁੱਦਾ ਗੰਭੀਰਤਾ ਨਾਲ ਉਠ ਚੁੱਕਾ ਹੈ। ਸਿਰਫ ਜਲੰਧਰ ਨਹੀਂ, ਸਗੋਂ ਪਟਿਆਲਾ, ਬਠਿੰਡਾ ਆਦਿ ਸ਼ਹਿਰਾਂ ਦੇ ਉਦਯੋਗਪਤੀਆਂ ਨੇ ਵੀ ਸਪੱਸ਼ਟ ਕਿਹਾ ਹੈ ਕਿ ਉਨ੍ਹਾਂ ਨੂੰ ਸਸਤੀ ਬਿਜਲੀ ਹਰ ਹਾਲਤ ਵਿਚ ਮਿਲਣੀ ਚਾਹੀਦੀ ਹੈ।

ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਤੋਂ ਪਹਿਲਾਂ ਇੰਡਸਟਰੀ ਦੀ ਰਾਏ ਜਾਨਣ ਲਈ ਰਿਪੋਰਟਰ ਨੇ ਉਦਯੋਗਪਤੀਆਂ ਨਾਲ ਗੱਲਬਾਤ ਕੀਤੀ, ਸਾਰਿਆਂ ਨੇ ਸਸਤੀ ਬਿਜਲੀ ਦੀ ਮੰਗ ਰੱਖਦਿਆਂ ਕਿਹਾ ਕਿ ਪੰਜਾਬ ਆਰਥਿਕ ਤੌਰ ’ਤੇ ਪੱਛੜ ਰਿਹਾ ਹੈ। ਖੁਸ਼ਹਾਲੀ ਦੀ ਰਾਹ ’ਤੇ ਤੇਜ਼ੀ ਨਾਲ ਅੱਗੇ ਵਧਾਉਣ ਵਿਚ ਇੰਡਸਟਰੀ ਅਹਿਮ ਭੂਮਿਕਾ ਨਿਭਾਵੇਗੀ। ਇਸ ਦੇ ਲਈ ਪੰਜਾਬ ਸਰਕਾਰ ਨੂੰ ਸਸਤੀ ਬਿਜਲੀ ਦੇ ਕੇ ਇੰਡਸਟਰੀ ਨੂੰ ਰਾਹਤ ਦੇਣੀ ਚਾਹੀਦੀ ਹੈ ਕਿਉਂਕਿ ਬੰਦ ਹੋ ਰਹੀ ਇੰਡਸਟਰੀ ਕਾਰਣ ਰੋਜ਼ਗਾਰ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਰਿਹਾ ਹੈ ਤੇ ਨੌਜਵਾਨ ਬੇਰੋਜ਼ਗਾਰ ਹਨ।

ਗੁਆਂਢੀ ਸੂਬਿਆਂ ਤੋਂ ਸਿੱਖਿਆ ਲੈ ਕੇ ਖੁਸ਼ਹਾਲੀ ਲਿਆਵੇ ਸਰਕਾਰ
ਹਰਿਆਣਾ, ਹਿਮਾਚਲ ਪ੍ਰਦੇਸ਼ ਜਿਹੇ ਸੂਬਿਆਂ ਨੇ ਖੁਦ ਨੂੰ ਖੁਸ਼ਹਾਲ ਕਰਨ ਲਈ ਇੰਡਸਟਰੀ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇ ਉੱਪਰ ਚੁੱਕਿਆ ਹੈ, ਇਸ ਲਈ ਸਸਤੀ ਬਿਜਲੀ ਦੇਣਾ ਸਭ ਤੋਂ ਉਪਯੋਗੀ ਉਪਾਅ ਹੈ। ਪੰਜਾਬ ਸਣੇ ਕਈ ਸੂਬਿਆਂ ਦੀ ਇੰਡਸਟਰੀ ਨੇ ਹਿਮਾਚਲ/ ਹਰਿਆਣਾ ਜਿਹੇ ਸੂਬਿਆਂ ’ਚ ਆਪਣੇ ਯੂਨਿਟ ਸਥਾਪਿਤ ਕੀਤੇ ਹਨ। ਪੰਜਾਬ ਤੋਂ ਇੰਡਸਟਰੀ ਦੇ ਪਲਾਇਨ ਕਾਰਣ ਇਥੇ ਰੋਜ਼ਗਾਰ ਦੇ ਮੌਕੇ ਬੇਹੱਦ ਘੱਟ ਹੋਏ ਹਨ ਤੇ ਨੌਜਵਾਨ ਕੰਮ ਦੀ ਭਾਲ ਵਿਚ ਦੂਜੇ ਸੂਬਿਆਂ ਵੱਲ ਜਾ ਰਹੇ ਹਨ।  

ਸਰਪਲੱਸ ਬਿਜਲੀ ਦੇ ਬਾਵਜੂਦ ਸਹੂਲਤਾਂ ਉਪਲਬਧ ਨਹੀਂ
ਕੋਈ ਦੌਰ ਅਜਿਹਾ ਸੀ ਜਦੋਂ ਪੰਜਾਬ ਵਿਚ ਬਿਜਲੀ ਦੀ ਕਿੱਲਤ ਕਾਰਣ ਇੰਡਸਟਰੀ ਨੂੰ ਪ੍ਰੇਸ਼ਾਨੀ ਝੱਲਣੀ ਪਈ ਸੀ ਪਰ ਮੌਜੂਦਾ ਸਮੇਂ ’ਚ ਪੰਜਾਬ ਕੋਲ ਸਰਪਲੱਸ ਬਿਜਲੀ ਹੋਣ ਦੇ ਬਾਵਜੂਦ ਇੰਡਸਟਰੀ ਨੂੰ ਉਹ ਸਹੂਲਤਾਂ ਨਹੀਂ ਮਿਲ ਰਹੀਆਂ, ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ। ਇੰਡਸਟਰੀ ਨੂੰ ਬਿਜਲੀ ਦੇ ਮਾਮਲੇ ਵਿਚ ਕਈ ਤਰ੍ਹਾਂ ਦੇ ਹੋਰ ਖਰਚ ਝੱਲਣੇ ਪੈ ਰਹੇ ਹਨ, ਜਿਸ ਕਾਰਣ ਇੰਡਸਟਰੀ ਦੀ ਗ੍ਰੋਥ ਨਹੀਂ ਹੋ ਰਹੀ। 


rajwinder kaur

Content Editor

Related News