ਬਜਟ ਨੇ ਵਿਰੋਧੀਆਂ ਦੇ ਸਾਹ ਸੂਤੇ, ਸਿਆਸੀ ਹੋਂਦ ਬਚਾਉਣ ਲਈ ਪਾ ਰਹੇ ਨੇ ਰੌਲਾ : ਵਿਧਾਇਕ ਗੋਇਲ
Saturday, Mar 11, 2023 - 06:02 PM (IST)
ਲਹਿਰਾਗਾਗਾ (ਗਰਗ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਵਿਚ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਿਨਾ ਕੋਈ ਨਵਾਂ ਟੈਕਸ ਲਗਾਏ ਪੇਸ਼ ਕੀਤੇ ਗਏ ਲੋਕ ਪੱਖੀ ਬਜਟ ਦੀ ਜਿੱਥੇ ਹਰ ਵਰਗ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ, ਉੱਥੇ ਹੀ ਬਜਟ ਨੇ ਵਿਰੋਧੀ ਪਾਰਟੀਆਂ ਦੇ ਸਾਹ ਸੂਤ ਦਿੱਤੇ ਹਨ। ਵਿਰੋਧੀ ਪਾਰਟੀਆਂ ਦੇ ਆਗੂ ਆਪਣੀ ਸਿਆਸੀ ਹੋਂਦ ਬਚਾਉਣ ਲਈ ਰੌਲਾ ਪਾ ਰਹੇ ਹਨ, ਇਸ ਗੱਲ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਲਹਿਰਾ ਤੋਂ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਬਜਟ ਸੈਸ਼ਨ ਵਿਚ ਭਾਗ ਲੈਣ ਉਪਰੰਤ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਜਾਂ ਏਜੰਡਾ ਨਹੀਂ ਹੈ। ਵਿਰੋਧੀ ਮੁੱਦਾਹੀਣ ਅਤੇ ਦਿਸ਼ਾਹੀਣ ਹੋ ਚੁੱਕੇ ਹਨ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੇਸ਼ ਕੀਤੇ ਗਏ ਬਜਟ ਨੂੰ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਲਿਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਨਾਂ ਕੋਈ ਨਵਾਂ ਟੈਕਸ ਲਗਾਏ ਪੇਸ਼ ਕੀਤੇ ਬਜਟ ਵਿਚ ਖੇਤੀ ਬਜਟ ’ਚ 20ਫੀਸਦੀ ਵਾਧਾ, ਸਿੱਖਿਆ ਬਜਟ ਵਿਚ 12ਫੀਸਦੀ ਵਾਧਾ, ਰੁਜ਼ਗਾਰ ਤੇ ਹੁਨਰ ਵਿਕਾਸ ਵਿਚ 36ਫੀਸਦੀ ਵਾਧਾ, ਟਰਾਂਸਪੋਰਟ ਬਜਟ ਵਿਚ 42ਫੀਸਦੀ ਵਾਧਾ ਅਤੇ ਸਿਹਤ ਤੇ ਪਰਿਵਾਰ ਭਲਾਈ ਬਜਟ ਵਿਚ 11ਫੀਸਦੀ ਵਾਧਾ ਕਰਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਉਨ੍ਹਾਂ ਪੇਸ਼ ਕੀਤੇ ਗਏ ਬਜਟ ਨੂੰ ਆਮ ਲੋਕਾਂ ਦਾ ਬਜਟ ਕਰਾਰ ਦਿੰਦਿਆਂ ਕਿਹਾ ਕਿ ਇਹ ਬਜਟ ਰੰਗਲੇ ਪੰਜਾਬ ਵਿਚ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਹਰ ਵਰਗ ਦੀਆਂ ਉਮੀਦਾਂ ’ਤੇ ਖ਼ਰਾ ਉਤਰੇਗੀ ਅਤੇ ਸੂਬੇ ਦੇ ਲੋਕਾਂ ਨੂੰ ਜਵਾਬਦੇਹ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਵਿਧਾਇਕ ਗੋਇਲ ਨੇ ਦਾਅਵਾ ਕੀਤਾ ਕਿ ਉਹ ਦਿਨ ਦੂਰ ਨਹੀਂ ਜਦੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿਸ਼ਾ-ਨਿਰਦੇਸ਼ਾਂ ਦੇ ਚੱਲਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਦੇਸ਼ ਦਾ ਨੰਬਰ ਇਕ ਖੁਸ਼ਹਾਲ ਸੂਬਾ ਬਣੇਗਾ। ਇਸ ਮੌਕੇ ਓ. ਐੱਸ. ਡੀ. ਰਕੇਸ਼ ਕੁਮਾਰ ਗੁਪਤਾ ਵਿੱਕੀ ਵੀ ਹਾਜ਼ਰ ਸਨ।