ਲੁਧਿਆਣਾ 'ਚ ਮੀਂਹ ਨੇ ਵਰ੍ਹਾਇਆ ਕਹਿਰ, ਪਾਣੀ 'ਚ ਡੁੱਬੀਆਂ ਝੁੱਗੀਆਂ, ਤਸਵੀਰਾਂ 'ਚ ਦੇਖੋ ਮੌਕੇ ਦੇ ਹਾਲਾਤ
Thursday, Jul 06, 2023 - 12:20 PM (IST)
ਲੁਧਿਆਣਾ (ਹਿਤੇਸ਼) : ਇੱਥੇ ਭਾਰੀ ਮੀਂਹ ਪੈਣ ਕਾਰਨ ਬੁੱਧਵਾਰ ਨੂੰ ਬੁੱਢੇ ਨਾਲੇ ਦਾ ਪਾਣੀ ਕੁੰਦਨਪੁਰੀ ਅਤੇ ਦੀਪਨਗਰ ਨੇੜੇ ਸੜਕ 'ਤੇ ਜਮ੍ਹਾਂ ਹੋ ਗਿਆ ਸੀ। ਉੱਥੇ ਹੀ ਵੀਰਵਾਰ ਨੂੰ ਬੁੱਢੇ ਨਾਲੇ ਦਾ ਪਾਣੀ ਓਵਰਫਲੋ ਕਰਕੇ ਤਾਜਪੁਰ ਰੋਡ ਕਿਨਾਰੇ 'ਤੇ ਸਥਿਤ ਝੁੱਗੀਆਂ 'ਚ ਵੜ ਗਿਆ। ਹਾਲਾਂਕਿ ਇਸ ਘਟਨਾ ਕਾਰਨ ਝੁੱਗੀਆਂ 'ਚ ਰਹਿ ਰਹੇ ਲੋਕਾਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਨ੍ਹਾਂ ਦਾ ਸਮਾਨ ਕਾਫੀ ਜ਼ਿਆਦਾ ਖ਼ਰਾਬ ਹੋ ਗਿਆ।
ਲੋਕਾਂ ਨੇ ਆਪਣਾ ਸਮਾਨ ਬਚਾਉਣ ਲਈ ਇਸ ਨੂੰ ਕੱਢ ਕੇ ਸੜਕ 'ਤੇ ਰੱਖ ਦਿੱਤਾ। ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਵਿਧਾਇਕ ਭੋਲਾ ਗਰੇਵਾਲ ਵੱਲੋਂ ਸਾਈਟ ਦਾ ਦੌਰਾ ਕੀਤਾ ਗਿਆ। ਫਿਲਹਾਲ ਨਗਰ ਨਿਗਮ ਅਧਿਕਾਰੀਆਂ ਵੱਲੋਂ ਪਾਣੀ ਦੀ ਨਿਕਾਸੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਸਾਹਮਣੇ ਆਈ ਨਗਰ ਨਿਗਮ ਦੀ ਲਾਪਰਵਾਹੀ
ਇਸ ਮਾਮਲੇ 'ਚ ਨਗਰ ਨਿਗਮ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਕਿਉਂਕਿ ਨਗਰ ਨਿਗਮ ਕਮਿਸ਼ਨਰ ਤੋਂ ਲੈ ਕੇ ਹੇਠਲੇ ਪੱਧਰ ਦੇ ਅਧਿਕਾਰੀਆਂ ਵੱਲੋਂ ਪਿਛਲੇ ਕੁੱਝ ਸਮੇਂ ਤੋਂ ਮਾਨਸੂਨ ਦੌਰਾਨ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਦਾ ਹੱਲ ਕਰਨ ਲਈ ਮੀਟਿੰਗ ਕੀਤੀ ਜਾ ਰਹੀ ਹੈ।
ਇਸ 'ਚ ਬੁੱਢੇ ਨਾਲੇ ਦੀ ਸਫ਼ਾਈ ਦਾ ਪਹਿਲੂ ਵੀ ਸ਼ਾਮਲ ਹੈ। ਇਸ ਲਈ ਪੱਕੇ ਤੌਰ 'ਤੇ ਜੇ. ਸੀ. ਬੀ. ਅਤੇ ਪੋਕ ਲੇਨ ਮਸ਼ੀਨਾਂ ਲਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕੀ ਕੀ ਬੁੱਢੇ ਨਾਲੇ ਦੀ ਸਫ਼ਾਈ ਕਾਗਜ਼ਾਂ 'ਚ ਹੀ ਹੋ ਰਹੀ ਹੈ ਜਾਂ ਇਸ ਹਿੱਸੇ 'ਚ ਸਫ਼ਾਈ ਨਹੀਂ ਕੀਤੀ ਗਈ।
ਇਸ ਤੋਂ ਇਲਾਵਾ ਅਧਿਕਾਰੀਆਂ ਵੱਲੋਂ ਲਗਾਤਾਰ ਫੀਲਡ 'ਚ ਉਤਰ ਕੇ ਬੁੱਢੇ ਨਾਲ ਦੀ ਸਫ਼ਾਈ ਦਾ ਜਾਇਜ਼ਾ ਲੈਣ ਨੂੰ ਲੈ ਕੇ ਜਾਰੀ ਕੀਤੀ ਜਾ ਰਹੀ ਸਟੇਟਮੈਂਟ ਵੀ ਫਰਜ਼ੀ ਸਾਬਿਤ ਹੋ ਗਈ ਹੈ।
ਇਹ ਵੀ ਪੜ੍ਹੋ : IELTS ਕਲਾਸ ਲਾਉਣ ਜਾ ਰਹੇ ਦੋਸਤਾਂ ਨੂੰ ਮੌਤ ਨੇ ਘੇਰਿਆ, ਵਿਦੇਸ਼ ਜਾਣ ਦਾ ਸੁਫ਼ਨਾ ਮਨ 'ਚ ਲਈ ਜਹਾਨੋਂ ਤੁਰ ਗਏ
ਕਿੱਥੇ ਗਈਆਂ ਬੰਨ੍ਹ ਮਜ਼ਬੂਤ ਕਰਨ ਲਈ ਭਰੀਆਂ ਗਈਆਂ ਰੇਤ ਦੀਆਂ ਬੋਰੀਆਂ
ਨਗਰ ਨਿਗਮ ਕਮਿਸ਼ਨਰ ਵਲੋਂ ਮੀਂਹ ਦੇ ਮੌਸਮ 'ਚ ਬੁੱਢੇ ਨਾਲੇ ਦੇ ਕਿਨਾਰੇ ਮਜ਼ਬੂਤ ਕਰਨ ਤੋਂ ਇਲਾਵਾ ਐਮਰਜੈਂਸੀ ਹਾਲਾਤ 'ਚ ਬੰਨ੍ਹ ਮਜ਼ਬੂਤ ਕਰਨ ਲਈ ਰੇਤ ਦੀਆਂ ਬੋਰੀਆਂ ਭਰ ਕੇ ਰੱਖਣ ਲਈ ਗਿਆ ਗਿਆ ਸੀ ਪਰ ਕੁੰਦਨਪੁਰੀ ਅਤੇ ਦੀਪਨਗਰ ਤੋਂ ਬਾਅਦ ਤਾਜਪੁਰ ਰੋਡ 'ਤੇ ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋਣ ਤੋਂ ਮਗੋਂ ਪਾਣੀ ਦੀ ਨਿਕਾਸੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੌਰਾਨ ਕਿਤੇ ਵੀ ਇਹ ਰੇਤ ਦੀਆਂ ਬੋਰੀਆਂ ਨਜ਼ਰ ਨਹੀਂ ਆਈਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ