ਨਾਮਧਾਰੀ ਸੰਪਰਦਾਇ ਨੇ ਸ਼ੁਰੂ ਕੀਤੀ ਬੁੱਢੇ ਨਾਲੇ ਦੀ ਸਫਾਈ (ਤਸਵੀਰਾਂ)
Monday, Dec 24, 2018 - 01:26 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਕਈ ਦਹਾਕਿਆਂ ਤੋਂ ਬਾਅਦ ਨਾਮਧਾਰੀ ਸੰਪਰਦਾਇ ਵਲੋਂ ਭੈਣੀ ਸਾਹਿਬ ਤੋਂ ਸਤਿਗੁਰੂ ਉਦੇ ਸਿੰਘ ਦੀ ਪ੍ਰਧਾਨਗੀ ਵਿਚ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਸਵੇਰੇ ਕੜਾਕੇ ਦੀ ਸਰਦੀ ਅਤੇ ਕੋਹਰੇ ਦੇ ਬਾਵਜੂਦ ਲੁਧਿਆਣਾ ਦੇ ਕਈ ਪ੍ਰਮੱਖ ਸਵੈ ਸੇਵੀ ਸੰਗਠਨਾਂ ਨਾਲ ਜੁੜੇ 500 ਤੋਂ ਵੱਧ ਲੋਕਾਂ ਨੇ ਇਸ ਸਫਾਈ ਮੁਹਿੰਮ 'ਚ ਸ਼ਮੂਲੀਅਤ ਕੀਤੀ।
ਹਾਲਾਂਕਿ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਬੁੱਢੇ ਨਾਲੇ ਦੀ ਸਫਾਈ ਲਈ ਯਤਨਸ਼ੀਲ ਹੈ ਅਤੇ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੁੱਢੇ ਨਾਲੇ ਦੀ ਸਫਾਈ ਲਈ ਇਕ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਤਿਗੁਰੂ ਊਦੇ ਸਿੰਘ ਨੇ ਅੱਜ ਬੁੱਢੇ ਨਾਲੇ ਦੀ ਸਫਾਈ ਦੇ ਕੰਮ ਦਾ ਆਗਾਜ਼ ਕਰਦਿਆਂ ਕਿਹਾ ਕਿ ਮਨੁੱਖੀ ਧਰਮ ਦਾ ਨਿਰਵਾਹ ਕਰਦੇ ਹੋਏ ਸੰਗਤ ਦੇ ਸਹਿਯੋਗ ਨਾਲ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਜਿਸ ਨਾਲ ਆਉਣ ਵਾਲੀਆਂ ਨਸਲਾਂ ਬੀਮਾਰੀਆਂ ਦੇ ਮਾੜੇ ਪ੍ਰਭਾਵ ਤੋਂ ਬਚ ਸਕਣਗੀਆਂ।
ਅੱਜ ਸ਼ੁਰੂ ਹੋਈ ਇਸ ਮੁਹਿੰਮ ਦੌਰਾਨ ਨਗਰ ਨਿਗਮ, ਪ੍ਰਸ਼ਾਸਨ ਅਤੇ ਕਾਰੋਬਾਰੀਆਂ ਦੀ ਮੌਜੂਦਗੀ ਵਿਚ ਕਰੀਬ ਡੇਢ ਦਰਜਨ ਟਿੱਪਰਾਂ ਅਤੇ ਮਸ਼ੀਨਾਂ ਰਾਹੀਂ ਨਾਲੇ ਤੋਂ ਗੰਦਗੀ ਕੱਢਣ ਦਾ ਕੰਮ ਸ਼ੁਰੂ ਹੋ ਗਿਆ। ਦੱਸ ਦੇਈਏ ਕਿ ਬੁੱਢੇ ਨਾਲੇ ਵਿਚ ਗੰਦਗੀ ਫੈਲਾਉਣ ਦਾ ਭਾਂਡਾ ਮੁੱਖ ਤੌਰ 'ਤੇ ਡਾਇੰਗ ਇੰਡਸਟਰੀ ਦੇ ਸਿਰ ਭੰਨਿਆ ਜਾਂਦਾ ਹੈ। ਇਸ ਮੌਕੇ ਲੁਧਿਆਣਾ ਡਾਇੰਗ ਸੰਘ ਦੇ ਪ੍ਰਧਾਨ ਅਸ਼ੋਕ ਮੱਕੜ ਨੇ ਕਿਹਾ ਕਿ ਪਾਣੀ ਟਰੀਟ ਕਰਨ ਤੋਂ ਬਾਅਦ ਸੀਵਰੇਜ ਦੇ ਰਸਤੇ ਐੱਸ. ਟੀ. ਪੀ. ਵਿਚ ਜਾਂਦਾ ਹੈ। ਡਾਇੰਗ ਇੰਡਸਟਰੀ ਦੇ ਪਾਣੀ ਨਾਲ ਬੁੱਢੇ ਨਾਲੇ ਦਾ ਬੀ. ਓ. ਡੀ. ਅਤੇ ਸੀ. ਓ. ਡੀ. ਘਟਾਉਣ ਵਿਚ ਮਦਦ ਮਿਲਦੀ ਹੈ। ਸ਼ਹਿਰ 'ਚ ਇਕਮਾਤਰ ਬੁੱਢਾ ਨਾਲਾ ਹੈ, ਜਿਸ ਵਿਚ ਵੱਖ-ਵੱਖ ਉਦਯੋਗਾਂ ਤੋਂ ਇਲਾਵਾ ਗੋਬਰ ਸਮੇਤ ਹੋਰ ਡਿਸਚਾਰਜ ਸੁੱਟਣ ਨਾਲ ਗੰਦਗੀ ਫੈਲਦੀ ਹੈ। ਡਾਇੰਗ ਕਾਰੋਬਾਰੀ ਸਫਾਈ ਮੁਹਿੰਮ ਵਿਚ ਪੂਰਾ ਸਹਿਯੋਗ ਦੇਣਗੇ ਅਤੇ ਆਉਣ ਵਾਲੇ 6 ਮਹੀਨਿਆਂ ਵਿਚ 3 ਸੀ. ਏ. ਟੀ. ਪੀ. ਕੰਮ ਕਰਨਾ ਸ਼ੁਰੂ ਕਰ ਦੇਣਗੇ, ਜਿਸ ਨਾਲ ਡਾਇੰਗ ਇੰਡਸਟਰੀ ਦੇ ਮੱਥੇ ਤੋਂ ਪ੍ਰਦੂਸ਼ਣ ਫੈਲਾਉਣ ਦਾ ਕਲੰਕ ਵੀ ਮਿਟ ਜਾਵੇਗਾ।