ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ ਵਿਰੁੱਧ ਬਸਪਾ ਵਲੋਂ ਪ੍ਰਦਰਸ਼ਨ
Wednesday, Oct 25, 2017 - 06:25 AM (IST)
ਜਲੰਧਰ, (ਮਹੇਸ਼)- ਸੂਬੇ ਦੀ ਕੈਪਟਨ ਸਰਕਾਰ ਵਲੋਂ 800 ਸਰਕਾਰੀ ਸਕੂਲਾਂ ਨੂੰ ਬੰਦ ਕੀਤੇ ਜਾਣ ਦੇ ਵਿਰੋਧ ਵਿਚ ਮੰਗਲਵਾਰ ਨੂੰ ਬਹੁਜਨ ਸਮਾਜ ਪਾਰਟੀ ਵਲੋਂ ਜ਼ਿਲਾ ਪ੍ਰਸ਼ਾਸਨ ਕੰਪਲੈਕਸ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਵਿਚ ਬਸਪਾ ਦੇ ਸਟੇਟ ਕੋਆਰਡੀਨੇਟਰ ਰਜਿੰਦਰ ਸਿੰਘ ਰੀਹਲ ਕਰ ਰਹੇ ਸਨ। ਉਨ੍ਹਾਂ ਦੇ ਨਾਲ ਜਲੰਧਰ ਜ਼ੋਨ ਮੁਖੀ ਬਲਵਿੰਦਰ ਕੁਮਾਰ, ਸੁਖਵਿੰਦਰ ਕੋਟਲੀ, ਬਾਬੂ ਸੁੰਦਰ ਪਾਲ, ਤੀਰਥ ਰਾਜਪੁਰਾ, ਜਗਦੀਸ਼ ਰਾਣਾ, ਪੀ. ਡੀ. ਸ਼ਾਂਤ, ਕੁਲਦੀਪ ਬੰਗੜ, ਹਰਮੇਸ਼ ਗੜ੍ਹਾ, ਜਗਦੀਸ਼ ਸ਼ੇਰਪੁਰੀ, ਸੇਵਾ ਸਿੰਘ, ਬਿੰਦਰ ਲਾਖਾ ਤੇ ਸਤਪਾਲ ਆਦਿ ਮੁੱਖ ਤੌਰ 'ਤੇ ਮੌਜੂਦ ਸਨ।
ਰੋਸ ਪ੍ਰਦਰਸ਼ਨ ਦੌਰਾਨ ਰਜਿੰਦਰ ਸਿੰਘ ਰੀਹਲ ਅਤੇ ਬਲਵਿੰਦਰ ਕੁਮਾਰ ਨੇ ਝੂਠੇ ਵਾਅਦੇ ਦੇ ਸਹਾਰੇ ਸੱਤਾ ਵਿਚ ਆਈ ਕਾਂਗਰਸ ਵਲੋਂ ਸਕੂਲ ਬੰਦ ਕਰਨ ਤੋਂ ਇਲਾਵਾ ਬਿਜਲੀ ਮਹਿੰਗੀ ਕੀਤੇ ਜਾਣ ਅਤੇ ਦਲਿਤਾਂ-ਪੱਛੜੇ ਲੋਕਾਂ 'ਤੇ ਵਧ ਰਹੇ ਜ਼ੁਲਮ ਦੀ ਸਖਤ ਸ਼ਬਦਾਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਬੰਦ ਕਰਨ ਦਾ ਫੈਸਲਾ ਜਨ-ਵਿਰੋਧੀ ਹੈ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਕੈਪਟਨ ਸਰਕਾਰ ਲੋਕਾਂ ਨੂੰ ਅਨਪੜ੍ਹਤਾ ਵੱਲ ਲੈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲ ਬੰਦ ਕਰਨ ਅਤੇ ਬਿਜਲੀ ਮਹਿੰਗੀ ਕੀਤੇ ਜਾਣ ਦੇ ਫੈਸਲੇ ਕਾਂਗਰਸ ਸਰਕਾਰ ਤੁਰੰਤ ਵਾਪਸ ਲਵੇ, ਨਹੀਂ ਤਾਂ ਬਸਪਾ ਸਰਕਾਰ ਦੇ ਖਿਲਾਫ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ।
ਇਸ ਦੌਰਾਨ ਜਲੰਧਰ ਵਿਚ ਜਬਰ-ਜ਼ਨਾਹ ਦੀ ਸ਼ਿਕਾਰ ਹੋਈ ਇਕ ਦਲਿਤ ਲੜਕੀ ਦੇ ਮਾਮਲੇ ਨੂੰ ਇਕ ਗੰਭੀਰਤਾ ਨਾਲ ਉਠਾਇਆ ਗਿਆ। ਬਸਪਾ ਆਗੂਆਂ ਨੇ ਕਿਹਾ ਕਿ ਕਮਿਸ਼ਨਰੇਟ ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਹੈ, ਜਦਕਿ ਪੁਲਸ ਕਮਿਸ਼ਨਰ ਨੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਸੀ। ਰੀਹਲ ਅਤੇ ਬਲਵਿੰਦਰ ਨੇ ਦੋਸ਼ ਲਾਇਆ ਹੈ ਕਿ ਕੁਝ ਕਾਂਗਰਸੀ ਆਗੂ ਦੋਸ਼ੀਆਂ ਦਾ ਸਾਥ ਦੇ ਰਹੇ ਹਨ। ਰੋਸ ਪ੍ਰਦਰਸ਼ਨ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੂੰ ਪੰਜਾਬ ਦੇ ਰਾਜਪਾਲ ਦੇ ਨਾਂ ਇਕ ਮੈਮੋਰੰਡਮ ਵੀ ਦਿੱਤਾ ਗਿਆ, ਜੋ ਕਿ ਏ. ਡੀ. ਸੀ. ਜਸਬੀਰ ਸਿੰਘ ਨੇ ਪ੍ਰਾਪਤ ਕੀਤਾ।
